ਟਰੰਪ ਦੀ ਸਖ਼ਤੀ ਨਾਲ ਪ੍ਰਭਾਵਤ ਹੋ ਸਕਦੇ ਹਨ ਤਿੰਨ ਲੱਖ ਭਾਰਤੀ-ਅਮਰੀਕੀ

ਟਰੰਪ ਦੀ ਸਖ਼ਤੀ ਨਾਲ ਪ੍ਰਭਾਵਤ ਹੋ ਸਕਦੇ ਹਨ ਤਿੰਨ ਲੱਖ ਭਾਰਤੀ-ਅਮਰੀਕੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਟਰੰਪ ਪ੍ਰਸ਼ਾਸਨ ਦੀਆਂ ਆਵਾਸ ਯੋਜਨਾਵਾਂ ਨਾਲ ਭਾਰਤੀ ਮੂਲ ਦੇ ਤਿੰਨ ਲੱਖ ਅਮਰੀਕੀ ਸਿੱਧੇ ਤੌਰ ‘ਤੇ ਪ੍ਰਭਾਵਤ ਹੋਣਗੇ। ਇਨ੍ਹਾਂ ਯੋਜਨਾਵਾਂ ਨਾਲ ਮੁਲਕ ਦੇ 1.10 ਕਰੋੜ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀਆਂ ‘ਤੇ ਜਲਾਵਤਨੀ ਦੀ ਤਲਵਾਰ ਲਟਕ ਗਈ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਿ ਰਹੇ ਲੱਖਾਂ ਆਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜਣ ਲਈ ਜ਼ਮੀਨੀ ਪੱਧਰ ‘ਤੇ ਕਾਰਵਾਈ ਮੁਕੰਮਲ ਕਰਨ ਮਗਰੋਂ ਇਸ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਸੰਘੀ ਆਵਾਸੀ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ। ਹੋਮਲੈਂਡ ਸਕਿਉਰਿਟੀ ਵਿਭਾਗ (ਡੀਐਚਐਸ) ਨੇ ਆਵਾਸ ਯੋਜਨਾ ਸਬੰਧੀ ਦੋ ਨਵੇਂ ਮੈਮੋਰੰਡਮ ਜਾਰੀ ਕੀਤੇ ਹਨ। ਅੰਦਰੂਨੀ ਸੁਰੱਖਿਆ ਬਾਰੇ ਵਿਭਾਗ ਨੇ ਐਨਫੋਰਸਮੈਂਟ ਮੀਮੋ ਵਿੱਚ ਕਿਹਾ ਹੈ ਕਿ ਵਿਭਾਗ ਵੱਲੋਂ ਹੁਣ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਵਿਦੇਸ਼ੀਆਂ, ਚਾਹੇ ਉਹ ਕਿਸੇ ਵੀ ਵਰਗ ਜਾਂ ਸ਼੍ਰੇਣੀ ਨਾਲ ਸਬੰਧਤ ਹੋਣ ਨਾਲ ਕਿਸੇ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ। ਮੈਮੋਰੰਡਮ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੁਲਾਜ਼ਮ ਵਰਗ ਨਾਲ ਸਬੰਧਤ ਵਿਭਾਗ ਨੂੰ ਅਜਿਹੇ ਕਿਸੇ ਵਿਦੇਸ਼ੀ ਨੂੰ ਗ੍ਰਿਫ਼ਤਾਰ ਜਾਂ ਹਿਰਾਸਤ ਵਿੱਚ ਲੈਣ ਦਾ ਪੂਰਾ ਅਧਿਕਾਰ ਹੈ, ਜਿਸ ਬਾਰੇ ਆਵਾਸ ਅਧਿਕਾਰੀ ਨੂੰ ਲਗਦਾ ਹੈ ਕਿ ਉਸ ਵੱਲੋਂ ਆਵਾਸ ਨੇਮਾਂ ਦੀ ਉਲੰਘਣਾ ਕੀਤਾ ਗਈ ਹੈ। ਹੋਮਲੈਂਡ ਸਕਿਉਰਿਟੀ ਵਿਭਾਗ ਨੇ ਦੋ ਐਨਫੋਰਸਮੈਂਟ ਮੈਮੋਰੰਡਮ ਜਾਰੀ ਕੀਤੇ ਹਨ ਜਿਸ ਨਾਲ ਗੈਰਕਾਨੂੰਨੀ ਆਵਾਸੀਆਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ। ਅਣਅਧਿਕਾਰਤ ਅੰਕੜਿਆਂ ਮੁਤਾਬਕ ਤਿੰਨ ਲੱਖ ਦੇ ਕਰੀਬ ਭਾਰਤੀ ਮੂਲ ਦੇ ਅਮਰੀਕੀ ਗੈਰਕਾਨੂੰਨੀ ਢੰਗ ਨਾਲ ਮੁਲਕ ਵਿੱਚ ਰਹਿ ਰਹੇ ਹਨ। ਮੈਮੋਰੰਡਮ ਮੁਤਾਬਕ ਡੀਐਚਐਸ ਸਕੱਤਰ ਨੂੰ ਅਜਿਹੇ ਲੋਕਾਂ ਖ਼ਿਲਾਫ਼ ਫੌਰੀ ਕਾਰਵਾਈ ਕਰਨ ਦੀ ਖੁੱਲ੍ਹ ਹੋਵੇਗੀ ਜਿਸ ਨੂੰ ਨਾ ਤਾਂ ਮੁਲਕ ਵਿੱਚ ਕਾਨੂੰਨਨ ਦਾਖ਼ਲਾ ਮਿਲਿਆ ਹੈ ਅਤੇ ਜੋ ਪਿਛਲੇ ਦੋ ਸਾਲਾਂ ਤੋਂ ਅਮਰੀਕਾ ਵਿੱਚ ਮੌਜੂਦ ਨਹੀਂ। ਅਜਿਹੇ ਵਿਦੇਸ਼ੀਆਂ ਨੂੰ ਫੌਰੀ ਇਥੋਂ ਲਾਂਭੇ ਕਰਨ ਲਈ ਕਿਹਾ ਗਿਆ ਹੈ ਬਸ਼ਰਤੇ ਕਿ ਉਹ ਨਾਬਾਲਗ ਹਨ ਅਤੇ ਉਨ੍ਹਾਂ ਨਾਲ ਕੋਈ ਨਹੀਂ, ਮੁਲਕ ਵਿੱਚ ਸ਼ਰਨ ਲੈਣਾ ਚਾਹੁੰਦੇ ਹੋਣ ਜਾਂ ਕਿਸੇ ਨੂੰ ਆਪਣੇ ਮੁਲਕ ਵਿੱਚ ਤਸੀਹੇ ਦਿੱਤੇ ਜਾਣ ਦਾ ਡਰ ਹੋਵੇ ਜਾਂ ਕੋਈ ਕਾਨੂੰਨਨ ਆਵਾਸ ਸਟੇਟਸ ਦਾ ਦਾਅਵਾ ਕਰਦਾ ਹੋਵੇ।