ਟਰੰਪ ਨੇ ਦੋ ਉੱਚ ਅਧਿਕਾਰੀਆਂ ਨੂੰ ਕੀਤਾ ਬਰਤਰਫ਼

ਟਰੰਪ ਨੇ ਦੋ ਉੱਚ ਅਧਿਕਾਰੀਆਂ ਨੂੰ ਕੀਤਾ ਬਰਤਰਫ਼

ਵਾਸ਼ਿੰਗਟਨ/ਬਿਊਰੋ ਨਿਊਜ਼ :
ਮੁਸਲਿਮ ਬਹੁਗਿਣਤੀ ਵਾਲੇ ਸੱਤ ਮੁਲਕਾਂ ਦੇ ਨਾਗਰਿਕਾਂ ਤੇ ਸ਼ਰਨਾਰਥੀਆਂ ਦੇ ਅਮਰੀਕਾ ਵਿੱਚ ਦਾਖ਼ਲੇ ‘ਤੇ ਰੋਕ ਲਾਉਣ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮ ਲਾਗੂ ਕਰਨ ਤੋਂ ਇਨਕਾਰ ਕਰਨ ਵਾਲੀ ਕਾਰਜਕਾਰੀ ਅਟਾਰਨੀ ਜਨਰਲ ਸੈਲੀ ਯੇਟਸ ਸਮੇਤ ਦੋ ਉੱਚ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਓਬਾਮਾ ਪ੍ਰਸ਼ਾਸਨ ਦੌਰਾਨ ਨਿਯੁਕਤ ਯੇਟਸ ਨੂੰ ਬਰਤਰਫ਼ ਕਰਨ ਦਾ ਐਲਾਨ ਕਰਦਿਆਂ ਕਿਹਾ, ‘ਯੇਟਸ ਨੇ ਨਿਆਂ ਵਿਭਾਗ ਨਾਲ ਵਿਸ਼ਵਾਸਘਾਤ ਕੀਤਾ ਹੈ।’ ਵ੍ਹਾਈਟ ਹਾਊਸ ਨੇ ਸੈਨੇਟਰ ਜੈੱਫ ਸੈਸ਼ਨਜ਼ ਦੀ ਨਾਮਜ਼ਦਗੀ ਦੀ ਅਮਰੀਕੀ ਸੈਨੇਟ ਤੋਂ ਪੁਸ਼ਟੀ ਹੋਣ ਤਕ ਡਾਨਾ ਬੋਐਂਟ ਨੂੰ ਨਵਾਂ ਕਾਰਜਕਾਰੀ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ। ਡਾਨਾ ਨੇ ਯੇਟਸ ਦੇ ਹੁਕਮਾਂ ਨੂੰ ਰੱਦ ਕਰਦਿਆਂ ਨਿਆਂ ਵਿਭਾਗ ਨੂੰ ਰਾਸ਼ਟਰਪਤੀ ਦੇ ਕਾਨੂੰਨੀ ਹੁਕਮਾਂ ਦਾ ਬਚਾਅ ਕਰਨ ਦਾ ਹੁਕਮ ਦਿੱਤਾ ਹੈ। ਯੇਟਸ ਦੀ ਬਰਤਰਫ਼ੀ ਦੇ ਕੁੱਝ ਘੰਟਿਆਂ ਬਾਅਦ ਟਰੰਪ ਨੇ ਆਵਾਸ ਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਦੇ ਨਿਰਦੇਸ਼ਕ ਡੇਨੀਅਲ ਰਾਗਸਡੇਲ ਨੂੰ ਵੀ ਹਟਾ ਦਿੱਤਾ ਤੇ ਉਸ ਦੀ ਜਗ੍ਹਾ ਥਾਮਸ ਡੀ ਹੋਮਾਨ ਨੂੰ ਨਿਯੁਕਤ ਕੀਤਾ ਗਿਆ ਹੈ।