ਬਰਤਾਨੀਆ : ਲੇਬਰ ਪਾਰਟੀ ਆਗੂ ਜੇਰਮੀ ਕੋਰਬਿਨ ਨੇ ਸਾਕਾ ਨੀਲਾ ਤਾਰਾ ਦੀ ਨਵੇਂ ਸਿਰਿਓਂ ਜਾਂਚ ਮੰਗੀ

ਬਰਤਾਨੀਆ : ਲੇਬਰ ਪਾਰਟੀ ਆਗੂ ਜੇਰਮੀ ਕੋਰਬਿਨ ਨੇ ਸਾਕਾ ਨੀਲਾ ਤਾਰਾ ਦੀ ਨਵੇਂ ਸਿਰਿਓਂ ਜਾਂਚ ਮੰਗੀ

ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਜੇਰਮੀ ਕੋਰਬਿਨ ਨੇ ਬਰਤਾਨਵੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੂੰ ਇਕ ਪੱਤਰ ਲਿਖ ਕੇ 1984 ਦੇ ਭਿਆਨਕ ਆਪਰੇਸ਼ਨ ਬਲਿਊ ਸਟਾਰ ਵਿਚ ਬਰਤਾਨੀਆ ਦੀ ਕਥਿਤ ਭੂਮਿਕਾ ਦੀ ਨਵੇਂ ਸਿਰਿਓਂ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕੋਰਬਿਨ ਨੇ 4 ਜਨਵਰੀ ਨੂੰ ਡਾਉਨਿੰਗ ਸਟਰੀਟ ਨੂੰ ਪੱਤਰ ਬਰਤਾਨਵੀ ਸਿੱਖ ਭਾਈਚਾਰੇ ਦੇ ਪ੍ਰਤੀਨਿਧਾਂ ਵਲੋਂ ਦਿੱਤੀਆਂ ਦਰਖਾਸਤਾਂ ਪਿੱਛੋਂ ਲਿਖਿਆ ਹੈ, ਜਿਨ੍ਹਾਂ ਵਿਚ ਸਿੱਖ ਭਾਈਚਾਰੇ ਵਲੋਂ 1984 ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੈਨਿਕ ਕਾਰਵਾਈ ਵਿਚ ਬਰਤਾਨੀਆ ਦੀ ਕਥਿਤ ਭੂਮਿਕਾ ਦੇ ਸਾਰੇ ਵੇਰਵੇ ਦੱਸਣ ਦੀ ਮੰਗ ਕੀਤੀ ਗਈ ਹੈ। ਜਨਵਰੀ 2014 ਦੇ ਜਾਇਜ਼ੇ ਦੀ ਪ੍ਰਭਾਵਸ਼ੀਲਤਾ ਅਤੇ ਸਚਾਈ ਬਾਰੇ ਉੱਠੇ ਸਵਾਲਾਂ ਦਾ ਹਵਾਲਾ ਦਿੰਦਿਆਂ ਕੋਰਬਿਨ ਨੇ ਕਿਹਾ, ”ਮੇਰਾ ਖਿਆਲ ਹੈ ਕਿ ਸਾਨੂੰ ਬਰਤਾਨਵੀ ਇਤਿਹਾਸ ਵਿਚ ਇਸ ਘਟਨਾ ਦੀ ਨਵੇਂ ਸਿਰਿਓਂ ਸੁਤੰਤਰ ਜਾਂਚ ਕਰਵਾਉਣ ਬਾਰੇ ਸੋਚਣਾ ਚਾਹੀਦਾ ਹੈ। ਬਰਤਾਨੀਆ ਦੇ ਸਿੱਖ ਸੰਗਠਨਾਂ ਨਾਲ ਉਨ੍ਹਾਂ ਦੀ ਚਰਚਾ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਿੱਖਾਂ ਵਿਚ ਇਸ ਗੱਲ ਦੀ ਨਰਾਜ਼ਗੀ ਹੈ ਕਿ ਇਸ ਭਿਆਨਕ ਘਟਨਾ ਦੇ 30 ਸਾਲ ਬਾਅਦ ਵੀ ਬਰਤਾਨੀਆ ਵਲੋਂ ਸੈਨਿਕ ਕਾਰਵਾਈ ਵਿਚ ਨਿਭਾਈ ਭੂਮਿਕਾ ਬਾਰੇ ਸਵਾਲ ਉਂਜ ਹੀ ਖੜ੍ਹੇ ਹਨ।” ਕੋਰਬਿਨ ਨੇ ਕਿਹਾ ਕਿ 1984 ਤੋਂ ਬਾਅਦ ਭਾਰਤ ਨਾਲ ਸਬੰਧਤ 33 ਫਾਈਲਾਂ ਅਗਸਤ 2016 ਵਿਚ 32 ਸਾਲ ਬਾਅਦ ਜਾਰੀ ਕੀਤੀਆਂ ਗਈਆਂ ਸਨ (ਜਦ ਕਿ ਨਿਯਮ 30 ਸਾਲ ਦਾ ਹੈ)। ਉਨ੍ਹਾਂ ਕਿਹਾ ਕਿ ਇਹ ਮਾਮਲਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਸਰਕਾਰ ਪਾਰਦਰਸ਼ਤਾ ਨਹੀਂ ਵਿਖਾ ਰਹੀ। ਮਿਸਟਰ ਜੈਰਮੀ ਕੋਰਬਿਨ ਨੇ ਮੰਗ ਕੀਤੀ ਕਿ ਸਾਰੀਆਂ ਫਾਈਲਾਂ ਮੁੜ ਜਨਤਕ ਕੀਤੀਆਂ ਜਾਣ ਤੇ ਨਿਰਪੱਖ ਕਮਿਸ਼ਨ ਬਿਠਾ ਕੇ ਇਸ ਮਾਮਲੇ ਦੀ ਜਾਂਚ ਹੋਵੇ। ਜ਼ਿਕਰਯੋਗ ਹੈ ਕਿ ਬਰਤਾਨੀਆ ਵਿਚ ਸਰਗਰਮ ਸਿੱਖ ਫੈਡਰੇਸ਼ਨ ਨੇ ਮੌਜੂਦਾ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੂੰ ਅਪ੍ਰੇਸ਼ਨ ਬਲਿਊ ਸਟਾਰ ਦੌਰਾਨ ਇੰਗਲੈਂਡ ਦੀ ਭੂਮਿਕਾ ਨਾਲ ਸਬੰਧਤ ਸਾਰੀਆਂ ਗੁਪਤ ਫਾਈਲਾਂ ਜਨਤਕ ਕਰਵਾਉਣ ਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਬਰਤਾਨੀਆ ਵਿਚ ਸਿੱਖ ਫੈਡਰੇਸ਼ਨ ਦੇ ਭਾਈ ਅਮਰੀਕ ਸਿੰਘ ਗਿੱਲ ਤੇ ਭਾਈ ਦਵਿੰਦਰਜੀਤ ਸਿੰਘ ਨੇ ਲੇਬਰ ਲੀਡਰ ਜੈਰਮੀ ਕੋਰਬਿਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਰਤਾਨੀਆ ਦੀ ਜਨਤਾ ਨੂੰ ਇਹ ਜਾਨਣ ਦਾ ਅਧਿਕਾਰ ਹੈ ਕਿ 30 ਸਾਲ ਪਹਿਲਾਂ ਆਖ਼ਰ ਕੀ ਹੋਇਆ ਸੀ। ਉਨ੍ਹਾਂ ਕਿਹਾ ਕਿ 1980 ਤੋਂ ਭਾਰਤ ਵੱਲੋਂ ਸਿੱਖ ਨਸਲਕੁਸ਼ੀ ਕੀਤੀ ਜਾ ਰਹੀ ਸੀ ਅਤੇ ਯੂ.ਕੇ. ਵਿੱਚ ਸਿੱਖਾਂ ਦੀ ਆਵਾਜ਼ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।