ਭਾਰਤ ਦੀ ਜੰਗੇ ਆਜ਼ਾਦੀ ਵਿੱਚ ਜਾਨਾਂ ਵਾਰਨ ਵਾਲੇ ਗ਼ਦਰੀਆਂ ਦੀ ਸੋਚ ‘ਤੇ ਪਹਿਰਾ ਦੇਣ ਦਾ ਸੱਦਾ ਦਿੱਤਾ

ਭਾਰਤ ਦੀ ਜੰਗੇ ਆਜ਼ਾਦੀ ਵਿੱਚ ਜਾਨਾਂ ਵਾਰਨ ਵਾਲੇ ਗ਼ਦਰੀਆਂ ਦੀ ਸੋਚ ‘ਤੇ ਪਹਿਰਾ ਦੇਣ ਦਾ ਸੱਦਾ ਦਿੱਤਾ

ਖੂਬ ਭਰਿਆ ਇੰਡੋ-ਅਮਰੀਕਨ ਆਰਗੇਨਾਈਜ਼ੇਸ਼ਨ ਦਾ ਗੱਦਰੀ ਬਾਬਿਆਂ ਦਾ ਮੇਲਾ

ਸੈਕਰਾਮੈਂਟੋ/ਬਿਊਰੋ ਨਿਊਜ਼:
ਇੰਡੋ-ਅਮਰੀਕਨ ਆਰਗੇਨਾਈਜ਼ੇਸ਼ਨ ਵਲੋਂ ਲਾਇਆ ਗਿਆ ਗ਼ਦਰੀ ਬਾਬਿਆਂ ਦਾ ਮੇਲਾ ਖੂਬ ਭਰਿਆ। ਲਾਹੌਰ ਸਾਜ਼ਿਸ਼ ਕੇਸ ਦੇ ਸ਼ਹੀਦ ਵੀਰ ਸਿੰਘ, ਈਸ਼ਰ ਸਿੰਘ, ਰੰਗਾ ਸਿੰਘ, ਉਤਮ ਸਿੰਘ ਤੇ ਹੀਰਾ ਸਿੰਘ ਦੀ ਸ਼ਹੀਦੀ ਵਰ੍ਹੇ ਦੀ ਸ਼ਤਾਬਦੀ ਮਨਾਉਂਦਿਆਂ ਮੇਲੇ ਦਾ ਆਰੰਭ ਕਰਦਿਆਂ ਪ੍ਰਸਿੱਧ ਗੱਮੌਲਵੀ ਮੁਹੰਮਦ ਬਰਕਤ ਉਲਾ ਦੀ ਮਜ਼ਾਰ ਉੱਤੇ ਸ਼ਰਧਾ ਦੇ ਸ਼ੁਭ ਚੜ੍ਹਾਏ ਗਏ। ਪ੍ਰਧਾਨ ਸੁਰਿੰਦਰ ਬਿੰਦਰਾ ਨੇ ਉਸ ਮਹਾਨ ਸੂਰਮੇ ਬਾਰੇ ਜਾਣਕਾਰੀ ਦਿੱਤੀ ਅਤੇ ਗ਼ਦਰੀਆਂ ਦੀ ਸੋਚ ਉੱਤੇ ਪਹਿਰਾ ਦੇਣ ਦਾ ਸੱਦਾ ਦਿੱਤਾ।
ਐਸ ਈ ਐਸ ਹਾਲ ਦੇ ਖੁੱਲ੍ਹੇ ਵਿਹੜੇ ਵਿਚ ਗ਼ਦਰ ਪਾਰਟੀ ਦੇ ਤਿੰਨ ਰੰਗੇ ਝੰਡੇ ਵਿਚ ਦੋ ਖੜੀਆਂ ਕ੍ਰਿਪਾਨਾਂ ਵਾਲਾ ਝੰਡਾ ਸ਼ਹੀਦ ਆਜ਼ਾਮ ਭਗਤ ਸਿੰਘ ਦੇ ਪਰਿਵਾਰ ਵਿਚੋਂ ਜੱਥੇਬੰਦੀ ਦੇ ਡਾਇਰੈਕਟਰ ਕ੍ਰਿਪਾਲ ਸਿੰਘ ਸੰਧੂ ਨੇ ਝੁਲਾਇਆ ਅਤੇ ਆਜ਼ਾਦੀ ਸੰਗਰਾਮੀਏ ਦੇਵਾ ਸਿੰਘ ਧੂਤ ਦੇ ਸਪੁੱਤਰ ਦਲਵਿੰਦਰ ਸਿੰਘ ਧੂਤ ਨੇ ਇਸ ਬਜ਼ੁਰਗ ਆਗੂ ਦਾ ਸਾਥ ਦਿੱਤਾ।
ਕਸ਼ਮੀਰ ਸਿੰਘ ਕਾਂਗਣਾ ਨੇ ਝੰਡੇ ਦੀ ਮਹੱਤਤਾ, ਜਿਸ ਦੀ ਅਗਵਾਈ ਵਿਚ ਸੂਰਮਿਆਂ ਨੇ ਅਥਾਹ ਕੁਰਬਾਨੀਆਂ ਕੀਤੀਆਂ, ਬਾਰੇ ਦਸਿਆ। ਉਨ੍ਹਾਂ ਅਖ਼ਬਾਰ ‘ਗ਼ਦਰ ਦੀ ਗੂੰਜ ਵਿਚੋਂ ਇਹ ਸ਼ਬਦ ਦੁਹਰਾਏ:
ਚਲੋ ਚਲੀਏ ਦੇਸ਼ ਨੂੰ ਯੁੱਧ ਕਰਨੇ
ਇਹੋ ਆਖਰੀ ਹੋ ਫੁਰਮਾਨ ਹੋ ਗਏ
ਉਨ੍ਹਾਂ ਨੇ ਗ਼ਦਰ ਅਖਬਾਰ ਵਿਚ ਛਾਪੇ ਗਏ ਅੰਗਰੇਜ਼ ਸਾਮਰਾਜ ਵਿਰੁੱਧ ਐਲਾਨੇ ਜੰਗ 4 ਅਗਸਤ 1914 ਦਾ ਵੀ ਜ਼ਿਕਰ ਕੀਤਾ। ਵਕਤ ਦੀਆਂ ਸਰਕਾਰਾਂ ਨੇ ਗ਼ਦਰੀ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਭੁਲਾ ਦਿੱਤਾ।
ਵਰਨਣਯੋਗ ਹੈ ਕਿ ਇੰਡੋ-ਅਮਰੀਕਨ ਕਲਚਰਲ ਆਰਗੇਨਾਈਜੇਸ਼ਨ ਹਰ ਵਰ੍ਹੇ ਅਕਤੂਬਰ ਮਹੀਨੇ ਮੇਲਾ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਤੇ ਉਨ੍ਹਾਂ ਸ਼ਹੀਦਾਂ ਦੇ ਆਸੇ ਮਨਸੇ ਨੂੰ ਉਜਾਗਰ ਕਰਦੀ ਹੈ।
ਇਸ ਤੋਂ ਬਾਅਦ ਖਚਾ ਖੱਚ ਭਰੇ ਹਾਲ ਵਿਚ ਢਾਡੀ ਗੁਰਨਾਮ ਸਿੰਘ ਭੰਡਾਲ ਦੇ ਜਥੇ ਨੇ ਸੂਰਮਿਆਂ ਦੀਆਂ ਵਾਰਾਂ ਗਾ ਕੇ ਮਾਹੌਲ ਨੂੰ ਜਜ਼ਬਾਤੀ ਕਰ ਦਿੱਤਾ. ਕ੍ਰਿਪਾਲ ਸਿੰਘ ਸੰਧੂ ਨੇ ਲਾਹੌਰ ਸਪਲੀਮੈਂਟੀ ਕੇਸ ਤੇ ਗ਼ਦਰ ਲਹਿਰ ਬਾਰੇ ਥੋੜੇ ਤੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਪ੍ਰੋ. ਚਰਨਜੀਤ ਪੰਨੂ ਨੇ ਵੀ ਗ਼ਦਰ ਲਹਿਰ ਦੀ ਆਜ਼ਾਦੀ ਵਿਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ।
ਨਾਮਧਾਰੀ ਦਵਿੰਦਰ ਸਿੰਘ ਨੇ ਕੂਕਾ ਲਹਿਰ ਦੀ ਆਜ਼ਾਦੀ ਨੂੰ ਦੇਣ ਬਾਰੇ ਕਵਿਤਾ ਪੇਸ਼ ਕੀਤੀ ਜਿਸ ਨੂੰ ਲੋਕਾਂ ਨੇ ਸਲਾਹਿਆ ਜਥੇਬੰਦੀ ਵੱਲੋਂ ਨਾਮਧਾਰੀ ਸੰਗਤ ਦਾ ਸਨਮਾਨ ਕੀਤਾ ਗਿਆ। ਜਥੇਬੰਦੀ ਦੇ ਫਾਊਂਡਰ ਡਾਇਰੈਕਟਰ ਸਮਿੱਤਰ ਸਿੰਘ ਉਪਲ ਨੇ ਸੂਰਮਿਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਫੈਜ਼ ਅਹਿਮਦ ਫੈਜ਼ ਦਾ ਇਹ ਸ਼ੇਅਰ ਪੇਸ਼ ਕੀਤਾ।
ਜਿਸ ਧਜ ਸੇ ਕੋਈ ਮਕਤਲ ਮੇਂ ਗਿਆ, ਵੋਹ ਸ਼ਾਨ ਸਲਾਮਤ ਰਹਿਤੀ ਹੈ
ਜੇਹ ਜਾਨ ਤੋਂ ਆਨੀ ਜਾਨੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀਆਂ ਸ਼ਹਾਦਤਾਂ ਕਰਕੇ ਤੁਸੀਂ ਆਜ਼ਾਦ ਦੇਸ਼ ਦੇ ਸ਼ਹਿਰੀ ਹੋਣ ਕਰਕੇ ਵਿਦੇਸ਼ਾਂ ਵਿਚ ਬੈਠੇ ਹੋ ਤੇ ਚੰਗੇ ਕਾਰੋਬਾਰ ਕਰ ਰਹੇ ਹੋ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਲਈ ਜ਼ਰੂਰ ਸਮਾਂ ਕੱਢਣਾ ਚਾਹੀਦਾ ਹੈ।
ਯੂਬਾਸਿਟੀ ਦੇ ਲੰਗਰ ਕਮੇਟੀ ਦੇ ਮੁਖੀ ਸੁਖਦੇਵ ਸਿੰਘ ਨੰਗਲ ਨੇ ‘ਪਗੜੀ ਸੰਭਾਲ ਜੱਟਾ” ਦਾ ਅਸਲੀ ਗੀਤ, ਜੋ ਬਾਂਕੇਦਿਆਲ ਝੰਗ ਸਿਆਲ ਦਾ ਲਿਖਿਆ ਸੀ, ਗਾ ਕੇ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਦੁਰੀਆ ਸੈਯਦ ਨੇ ਕੈਲੀਫੋਰਨੀਆ ਦੇ ਇਨਸ਼ੋਅਰੈਂਸ ਦਫ਼ਤਰ ਵੱਲੋਂ ਪ੍ਰਤੀਨਿਧ ਤੌਰ ਤੇ ਭਾਗ ਲੈਂਦਿਆ ਸ਼ਹੀਦਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ।
ਸੁਖਦੇਵ ਸਿੰਘ ਬਾਜਵਾ ਫਰਿਜ਼ਨੋ ਨੇ ਵੀ ਗ਼ਦਰ ਪਾਰਟੀ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ।
ਸਟੀਵ ਲੀ ਵਾਈਸ ਮੇਅਰ ਐਲਕ ਗਰੋਵ ਅਤੇ ਪਾਰਲਨਹਿਤ ਟਰੱਸਟੀ ਯੂਨੀਫਾਈਡ ਸਕੂਲ ਡਿਸਟ੍ਰਿਕ ਐਲਕ ਗਰੋਵ ਜੱਥੇਬੰਦ ਨੂੰ ਅਮੈਰਿਕਨ ਭਾਈਚਾਰੇ ਵੱਲੋਂ ਲੋਕਾਂ ਨਾਲ ਇਕਮੁਠਤਾ ਜਾਹਰ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜਥੇਬੰਦੀ ਦੇ ਖਜਾਨਚੀ ਕਰਮਜੀਤ ਸਿੰਘ ਕੰਗ ਨੇ ਗ਼ਦਰੀ ਬਾਬਿਆਂ ਨਾਲ ਆਪਣੀਆਂ ਪੁਰਾਣੀਆਂ ਸਾਂਝਾ ਦਾ ਜ਼ਿਕਰ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇੰਡੋ-ਅਮਰੀਕਨ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਨੇ ਲੋਕਾਂ ਨੂੰ ਮੇਲੇ ਦੀ ਭਰਵੀਂ ਹਾਜ਼ਰੀ ਭਰਨ ਨੂੰ ਜੀ ਆਇਆਂ ਆਖਦਿਆਂ ਵਿਸਥਾਰ ਸਹਿਤ ਗ਼ਦਰ ਲਹਿਰ ਦੇ ਆਰੰਭ ਹੋਣ ਤੇ ਆਜ਼ਾਦੀ ਲਈ ਕੀਤੀਆਂ ਲਾ ਮਿਸਾਲ ਕੁਰਬਾਨੀਆਂ ਦਾ ਉਲੇਖ ਕਰਦਿਆਂ ਕਿਹਾ ਕਿ ਅਸੀਂ ਸ਼ਹੀਦਾਂ ਦੇ ਵਾਰਸ ਹਾਂ ਤੇ ਸਾਨੂੰ ਉਨ੍ਹਾਂ ਨੂੰ ਭੁਲਣਾ ਨਹੀਂ ਚਾਹੀਦਾ। ਸੁਰਿੰਦਰ ਸਿੰਘ ਕਮੇਟੀ ਮੈਂਬਰ ਨੇ ਤਰੰਨਮ ਨਾਲ ਗ਼ਦਰ ਦੀ ਕਵਿਤਾ ਗਾਈ।
ਡਾ. ਯਾਦਵਿੰਦਰ ਸਿੰਘ ਕੰਗ ਤੇ ਡਾ. ਗੁਰਪ੍ਰੀਤ ਗਿੱਲ ਤੇ ਅਲੀਜ਼ਾ ਬੇਥ ਨੇ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਚੈੱਕ ਅਪ ਕੀਤਾ ਇਸ ਟੀਮ ਨੂੰ ਸਟੇਜ ਤੇ ਜੱਥੇਬੰਦੀ ਵੱਲੋਂ ਸਨਮਾਨਤ ਕੀਤਾ ਗਿਆ।
ਸ਼ਹੀਦਾਂ ਦੀ ਫੋਟੋ ਪ੍ਰਦਰਸ਼ਨੀ ਲੋਕਾਂ ਦੀ ਖਿਚ ਦਾ ਕੇਂਦਰ ਰਾਹੀਂ ਉਨ੍ਹਾਂ ਆਪਣੇ ਇਲਾਕੇ ਦੇ ਸ਼ਹੀਦਾਂ ਦੀ ਸੈਲ ਰਾਹੀਂ ਫੋਟੋ ਖਿਚਦੇ ਵੇਖੇ ਗਏ । ਯੂਬਾਸਿਟੀ ਤੋਂ ਸਤਨਾਮ ਸਿੰਘ ਦੀ ਅਗਵਾਈ ਹੇਠ ਲੰਗਰ ਸੁਸਾਇਟੀ ਵੱਲੋਂ ਲੰਗਰ ਅਤੁੱਟ ਵਰਤਿਆ ਕਿਸੇ ਵੀ ਚੀਜ਼ ਦੀ ਤੋਟ ਨਹੀਂ ਆਈ।
ਸ਼ਹੀਦ ਬਾਬਾ ਦੀਪ ਸਿੰਘ ਅਕੈਡਮੀ, ਚੜ੍ਹਦਾ ਪੰਜਾਬ ਸੁਸਾਇਟੀ ਤੇ ਚੈਂਬਰ ਆਫ਼ ਕਮਰਸ ਵੱਲੋਂ ਕੀਤੀਆਂ ਸੇਵਾਵਾਂ ਨੂੰ ਮੁੱਖ ਰਖਦਿਆਂ ਜਥੇਬੰਦੀ ਵੱਲੋਂ ਸਨਮਾਨਿਤ ਕੀਤਾ ਗਿਆ।
ਪੂਨਮ ਮਲਹੋਤਰਾ ਤੇ ਪੰਮੀ ਮਾਨ ਨੇ ਦੇਸ਼ ਭਗਤੀ ਦੇ ਗੀਤਾਂ ਨੇ ਲੋਕਾਂ ਨੂੰ ਅਸ਼ ਅਸ਼ ਕਰਨ ਲਈ ਮਜ਼ਬੂਰ ਕਰ ਦਿੱਤਾ। ਇਕ ਛੋਟੀ ਬੱਚੀ ਹਰਮਨਜੋਤ ਕੌਰ ਬੈਂਸ ਨੇ ਬੀਬੀ ਗੁਲਾਬ ਕੌਰ ਗ਼ਦਰੀ ਬਾਰੇ ਇਕ ਲੇਖ ਪੜ੍ਹਿਆ। ਬਲਜਿੰਦਰ ਸਿੰਘ ਨੇ ਦੇਸ਼ ਭਗਤੀ ਦਾ ਇਕ ਗੀਤ ਗਾਇਆ । ਜਥੇਬੰਦੀ ਦੀ ਟੀਮ ਇਸ ਮੇਲੇ ਦੇ ਪ੍ਰਬੰਧ ਲਈ ਸਮੁੱਚੀ ਟੀਮ ਜਰਨੈਲ ਸਿੰਘ ਸਰਪੰਚ ਹਰਪਾਲ ਸਿੰਘ ਸੰਘਾ, ਜਗਜੀਤ ਸਿੰਘ ਗਿੱਲ, ਜੁਝਾਰ ਸਿੰਘ ਗਿੱਲ, ਬਲਵੰਤ ਬਾਕਾ, ਪਰਮਪ੍ਰੀਤ ਬਿੰਦਰਾ, ਜਸਵਿੰਦਰ ਸੰਧੂ, ਗਗਨ ਬਿੰਦਰਾ ਸਮੁੱਚੀ ਨੌਜਵਾਨਾਂ ਦੀ ਟੀਮ ਵੀ ਪੂਰੀ ਤਰ੍ਹਾਂ ਪੱਬਾ ਭਾਰ ਰਹੀ।
ਹਰ ਸਾਲ ਦੀ ਤਰ੍ਹਾਂ ਪਿਆਰਾ ਸਿੰਘ ਢੀਂਡਸਾ ਓਮਨੀ ਵੀਡੀਓ ਵਾਲਿਆਂ ਨੇ ਸਮੁੱਚੇ ਮੇਲੇ ਨੂੰ ਕੈਮਰੇ ਦੀ ਅੱਖ ਵਿਚ ਬੰਦ ਕੀਤਾ ਤੇ ਵੀਡੀਓ ਬਣਾਈ।
ਇੰਗਲੈਂਡ ਤੋਂ ਆਏ ਪ੍ਰਸਿੱਧ ਗਾਇਕ ‘ਮਾਣਕੀ’ ਨੇ ਗੀਤਾਂ ਦੀ ਛਹਿਬਰ ਲਾ ਦਿੱਤੀ ਜਿਨ੍ਹਾਂ ਨੂੰ ਲੋਕਾਂ ਨੂੰ ਅਖੀਰ ਤੱਕ ਮਾਣਿਆ।
ਅਖੀਰ ਸਿੰਘ ਜੱਥੇਬੰਦੀ ਦੇ ਸਕੱਤਰ ਸਵਰਨ ਸਿੰਘ ਸਿੱਧੂ ਨੇ ਸਮੁੱਚੇ ਆਏ ਲੋਕਾਂ ਕਾਲਕਾਰਾਂ ਤੇ ਬੁਲਾਰਿਆਂ ਦਾ ਜੱਥੇਬੰਦੀ ਵੱਲੋਂ ਧੰਨਵਾਦ ਕੀਤਾ।
ਇਹ ਗਲ ਖਾਸ ਧਿਆਨ ਮੰਗਦੀ ਹੈ ਕਿ ਕਬਰਸਤਾਨ ਸੈਕਰਾਮੈਂਟੋ ਦੇ ਡਾਇਰੈਕਟਰ ਨੇ ਮੌਲਵੀ ਮੁਹੰਮਦ ਬਰਕਤ ਉਲਾ ਦੀ ਕੁਰਬਾਨੀ ਦਾ ਧਿਆਨ ਕਰਦਿਆਂ ਜਥੇਬੰਦੀ ਨੂੰ ਹਰ ਸਾਲ ਪਹਿਲੋਂ ਸੂਚਿਤ ਕਰਨ ਲਈ ਕਿਹਾ ਹੈ ਤਾਂ ਜੋ ਇਸ ਦਾ ਸਜਾਵਟ ਤੇ ਸੰਭਾਲ ਵੱਲ ਧਿਆਨ ਦਿੱਤਾ ਜਾ ਸਕੇ।