ਰਾਜੇ ਦੀ ਸਰਕਾਰ ਨੂੰ ਲੈ ਬੈਠੇਗਾ ਲੁਟੇ ਜਾ ਰਹੇ ਰੇਤੇ ਦਾ ਭਾਰ

ਰਾਜੇ ਦੀ ਸਰਕਾਰ ਨੂੰ ਲੈ ਬੈਠੇਗਾ ਲੁਟੇ ਜਾ ਰਹੇ ਰੇਤੇ ਦਾ ਭਾਰ

ਚੰਡੀਗੜ੍ਹ/ਬਿਊਰੋ ਨਿਊਜ਼:
ਕੈਪਟਨ ਸਰਕਾਰ ਪਿਛਲੇ 10 ਮਹੀਨਿਆਂ ਤੋਂ ਰੇਤੇ ਦੀਆਂ ਖੱਡਾਂ ਵਿੱਚ ਹੀ ਤਿਲਕਦੀ ਜਾ ਰਹੀ ਹੈ। ਪਹਿਲਾਂ ਰੇਤੇ ਦੀਆਂ ਖੱਡਾਂ ਦੀ ਬੋਲੀ ਦੇ ਮਾਮਲੇ ਵਿੱਚ ਰਾਣਾ ਗੁਰਜੀਤ ਸਿੰਘ ਦੇ ਘਿਰਨ ਕਾਰਨ ਇਹ ਮੁੱਦਾ ਉਲਝਿਆ ਰਿਹਾ ਅਤੇ ਹੁਣ ਖੱਡਾਂ ਖਰੀਦਣ ਵਾਲੇ ਠੇਕੇਦਾਰਾਂ ਵੱਲੋਂ ਠੇਕੇ ਦੀ 25 ਫ਼ੀਸਦੀ ਰਾਸ਼ੀ ਜਮਾਂ ਕਰਵਾਉਣ ਤੋਂ ਕੰਨੀ ਕਤਰਾਉਣ ਦੇ ਸੰਕੇਤ ਮਿਲਣ ਕਾਰਨ ਸਰਕਾਰ ਲਈ ਨਵੀਂ ਚਿੰਤਾ ਪੈਦਾ ਹੋ ਰਹੀ ਹੈ। ਸੂਤਰਾਂ ਅਨੁਸਾਰ ਠੇਕੇਦਾਰਾਂ ਨੇ ਸ਼ਰਤਾਂ ਤਹਿਤ ਇਹ ਕਿਸ਼ਤ ਜਨਵਰੀ ਵਿੱਚ ਜਮਾਂ ਕਰਵਾਉਣੀ ਸੀ ਪਰ ਕਈ ਠੇਕੇਦਾਰ ਕਿਸ਼ਤ ਜਮਾਂ ਕਰਵਾਉਣ ਤੋਂ ਭੱਜਣ ਦੀ ਤਾਕ ਵਿੱਚ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੇ ਖੱਡਾਂ ਅਲਾਟ ਕਰਨ ਵੇਲੇ ਬੋਲੀ ਦੀ ਕੁੱਲ ਰਾਸ਼ੀ ਦੀ 25 ਫ਼ੀਸਦ ਰਾਸ਼ੀ ਸਕਿਓਰਿਟੀ ਵਜੋਂ ਜਮਾਂ ਕਰਵਾਈ ਸੀ ਅਤੇ ਇਕ ਤਿਮਾਹੀ ਦੀ 25 ਫ਼ੀਸਦ ਰਾਸ਼ੀ ਵੀ ਲੈ ਲਈ ਸੀ। ਇਸ ਤਰ੍ਹਾਂ ਸਰਕਾਰ ਖੱਡਾਂ ਦੀ ਲੱਗੀ ਬੋਲੀ ਦੀ 50 ਫ਼ੀਸਦ ਰਾਸ਼ੀ ਪਹਿਲਾਂ ਹੀ ਵਸੂਲ ਚੁੱਕੀ ਹੈ ਅਤੇ ਹੁਣ ਦੂਜੀ ਤਿਮਾਹੀ ‘ਤੇ 25 ਫ਼ੀਸਦ ਰਾਸ਼ੀ ਹਾਸਲ ਕਰਨੀ ਹੈ। ਸੂਤਰਾਂ ਅਨੁਸਾਰ ਮੁੱਖ ਦਫ਼ਤਰ ਵੱਲੋਂ ਮਾਈਨਿੰਗ ਵਿਭਾਗ ਦੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਨੋਟਿਸ ਅਤੇ ਐਡਵਾਈਜ਼ਰੀ ਭੇਜ ਕੇ ਠੇਕੇਦਾਰਾਂ ਕੋਲੋਂ ਅਗਲੀ ਤਿਮਾਹੀ ਦੀ ਕਿਸ਼ਤ ਹਾਸਲ ਕਰਨ ਲਈ ਕਿਹਾ ਜਾ ਰਿਹਾ ਹੈ। ਪੰਜਾਬ ਵਿਚ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਹੋਣ ਅਤੇ  ਮੰਦੀ ਕਾਰਨ ਮੰਗ ਘਟਣ ਕਾਰਨ ਰੇਤੇ ਅਤੇ ਬਜਰੀ ਦੀਆਂ ਕੀਮਤਾਂ ਘਟੀਆਂ ਹਨ, ਜਿਸ ਕਾਰਨ ਮਹਿੰਗੀਆਂ ਬੋਲੀਆਂ ਲਾਉਣ ਵਾਲੇ ਠੇਕੇਦਾਰਾਂ ਨੂੰ ਤਿਮਾਹੀ ਕਿਸ਼ਤ ਜਮਾਂ ਕਰਵਾਉਣੀ ਮਹਿੰਗੀ ਹੋਈ ਪਈ ਹੈ।

ਆਖ਼ਰ ਕੈਪਟਨ ਨੂੰ ਕਰਨੀ ਪੈ ਰਹੀ ਕਾਰਵਾਈ
ਚੰਡੀਗੜ੍ਹ/ਬਿਊਰੋ ਨਿਊਜ਼
ਗ਼ੈਰ-ਕਾਨੂੰਨੀ ਖਣਨ ਅਤੇ ਇਸ ਨਾਲ ਸਬੰਧਤ ਟੈਕਸਾਂ ਦੀ ਚੋਰੀ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਵਿਸ਼ੇਸ਼ ਬਹੁ-ਵਿਭਾਗੀ ਸਾਂਝੀਆਂ ਟੀਮਾਂ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਟੀਮਾਂ ਵਿਚ ਕਰ, ਖਣਨ, ਮਾਲ ਅਤੇ ਪੁਲੀਸ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਖਣਨ ਅਤੇ ਟੈਕਸਾਂ ਦੀ  ਚੋਰੀ ਰੋਕਣ ਲਈ ਨਾਕੇ ਲਾਉਣ ਦਾ ਅਧਿਕਾਰ ਹੋਵੇਗਾ। ਕੈਪਟਨ ਨੇ ਕਿਹਾ ਕਿ ਗ਼ੈਰ-ਕਾਨੂੰਨੀ ਖਣਨ ਅਤੇ ਟੈਕਸਾਂ ਦੀ ਚੋਰੀ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ  ਚਿਤਾਵਨੀ ਦਿੱਤੀ ਕਿ ਇਸ ਮਾਮਲੇ ਵਿੱਚ ਸਿਆਸੀ ਦਖ਼ਲ-ਅੰਦਾਜ਼ੀ ਸਹਿਣ ਨਹੀਂ ਕੀਤੀ ਜਾਵੇਗੀ। ਖਣਨ ਵਿਭਾਗ ਦੇ ਜਾਇਜ਼ੇ ਲਈ ਵਿੱਤ ਬਾਰੇ ਸਬ-ਕਮੇਟੀ ਦੀ ਮੀਟਿੰਗ ਤੋਂ ਬਾਅਦ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਟੋਨ ਕਰੈਸ਼ਰਾਂ ਉਤੇ ਚੌਕਸੀ ਵਧਾਉਣ ਲਈ ਵੀ ਹੁਕਮ ਜਾਰੀ ਕੀਤੇ ਹਨ ਜੋ ਰੂਪਨਗਰ, ਐਸਏਐਸ ਨਗਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ  ਹਨ। ਉਨ੍ਹਾਂ ਕਿਹਾ ਕਿ ਨਵਾਂ ਖਣਨ ਵਿਭਾਗ ਸਥਾਪਤ ਕਰਨ ਦੇ ਪ੍ਰਸਤਾਵ  ਬਾਰੇ ਵੀ ਚਰਚਾ ਹੋਈ। ਖਣਨ ਵਪਾਰ ਤੋਂ ਪ੍ਰਾਪਤ ਹੋਏ ਮਾਲੀਏ ਸਬੰਧੀ ਚਾਲੂ ਵਿੱਤੀ ਸਾਲ ਦੌਰਾਨ 19 ਫਰਵਰੀ ਅਤੇ 15 ਮਾਰਚ ਨੂੰ ਨਿਰਧਾਰਤ ਕੀਤੀਆਂ ਗਈਆਂ ਦੋ ਹੋਰ ਬੋਲੀਆਂ ਤੋਂ ਬਾਅਦ ਸਾਲ 2017-18 ਵਿੱਚ ਕੁਲ ਮਾਲੀਆ ਕਈ ਗੁਣਾ ਜ਼ਿਆਦਾ ਵਧ ਜਾਵੇਗਾ। ਅਨੁਮਾਨ ਲਾਇਆ ਗਿਆ ਹੈ ਕਿ ਅਗਲੇ ਸਾਲ ਖਣਨ ਤੋਂ ਮਾਲੀਆ ਤਿੰਨ ਗੁਣਾ ਹੋ ਜਾਵੇਗਾ। 19 ਫਰਵਰੀ ਨੂੰ ਕੀਤੀ ਜਾ ਰਹੀ ਬੋਲੀ ਦੌਰਾਨ 48 ਰੇਤ ਖੱਡਾਂ ਅਤੇ 3 ਬਜਰੀ ਦੀਆਂ ਖੱਡਾਂ ਦੀ ਬੋਲੀ ਹੋਵੇਗੀ ਜਦਕਿ 15 ਮਾਰਚ ਨੂੰ ਰੇਤ ਦੀਆਂ 145 ਅਤੇ ਬਜਰੀ ਦੀਆਂ 18 ਖੱਡਾਂ ਦੀ ਖੁੱਲ੍ਹੀ ਬੋਲੀ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਬੋਲੀ ਕੀਤੀਆਂ ਗਈਆਂ 34 ਖੱਡਾਂ ਅਜੇ ਕਾਰਜਸ਼ੀਲ ਹੋਣੀਆਂ ਹਨ। ਉਨ੍ਹਾਂ ਦੱਸਿਆ ਕਿ 10 ਫ਼ੀਸਦੀ ਖਣਨ ਉਤਪਾਦਨ ਵਧਣ ਨਾਲ ਕਮਾਈ 600-800 ਕਰੋੜ ਰੁਪਏ ਪਹੁੰਚ ਸਕਦੀ ਹੈ। ਮੁੱਖ ਮੰਤਰੀ ਨੇ ਬਜਰੀ ਦੀਆਂ ਹੋਰ ਖੱਡਾਂ ਦੀ ਸ਼ਨਾਖਤ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਿਆ ਜਾ ਸਕੇ। ਇਸ ਵੇਲੇ ਬਜਰੀ ਦੀ ਕੁਲ ਮੰਗ 2.4 ਕਰੋੜ ਟਨ ਹੈ ਜਿਸ ਵਿੱਚੋਂ ਸਿਰਫ਼ 16 ਫ਼ੀਸਦੀ ਹੀ ਸਰਕਾਰੀ ਸਪਲਾਈ ਨਾਲ ਪੂਰੀ ਕੀਤੀ ਜਾ ਰਹੀ ਹੈ।  ਇਸੇ ਤਰ੍ਹਾ ਰੇਤ ਦੀ 1.6 ਕਰੋੜ ਟਨ ਦੀ ਮੰਗ ਵਿੱਚੋਂ 35 ਫ਼ੀਸਦੀ ਪੁਰ ਕੀਤੀ ਜਾ ਰਹੀ ਹੈ ਜਦਕਿ ਸੂਬੇ ਵਿੱਚ ਕੁੱਲ ਮੰਗ 4 ਕਰੋੜ ਟਨ ਹੈ।