ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਭਾਰਤੀ ਅਧਿਕਾਰੀਆਂ ਦੇ ਗੁਰਦੁਆਰਿਆਂ ‘ਚ ਦਾਖ਼ਲੇ ਉੱਤੇ ਪਬੰਦੀ ਨੂੰ ਜਾਇਜ ਠਹਿਰਾਇਆ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਭਾਰਤੀ ਅਧਿਕਾਰੀਆਂ ਦੇ ਗੁਰਦੁਆਰਿਆਂ ‘ਚ ਦਾਖ਼ਲੇ ਉੱਤੇ ਪਬੰਦੀ ਨੂੰ ਜਾਇਜ ਠਹਿਰਾਇਆ

ਅੰਮ੍ਰਿਤਸਰ/ਬਿਊਰੋ ਨਿਊਜ਼: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਪ੍ਰਬੰਧਕ ਕਮੇਟੀਆਂ ਵਲੋਂ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਜਾਂ ਹੋਰ ਭਾਰਤੀ ਨੁਮਾਇੰਦਿਆਂ ਦੇ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿਚ ਗੁਰਦੁਆਰਾ ਸਾਹਿਬਾਨ ਵਿਚ ਦਾਖਲੇ ‘ਤੇ ਲਾਈ ਗਈ ਪਬੰਦੀ ਦਾ ਸਿੱਧੇ ਤੌਰ ‘ਤੇ ਸਮਰਥਨ ਕਰਨ ਤੋਂ ਝਿਜਕ ਵਿਖਾਈ ਗਈ ਹੈ ਪਰ ਉਹਨਾਂ ਨੇ ਇਸ ਕਦਮ ਨੂੰ ਜਾਇਜ ਕਰਾਰ ਦਿੱਤਾ ਹੈ।
ਜਿਕਰਯੋਗ ਹੈ ਕਿ ਭਾਰਤ ਵਿਚ ਸਿੱਖਾਂ ਨਾਲ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਪੱਛਮੀ ਦੇਸ਼ਾਂ ਵਿਚ ਸਿੱਖਾਂ ਦੇ ਆਪਸੀ ਮਾਮਲਿਆਂ ਵਿਚ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਦਖ਼ਲਅੰਦਾਜੀ ਦੇ ਪ੍ਰਤੀਕਰਮ ਵਜੋਂ ਪ੍ਰਬੰਧਕ ਕਮੇਟੀਆਂ ਨੇ ਇਹ ਸਖ਼ਤ ਕਦਮ ਚੁਕਿਆ ਹੈ, ਜਿਸ ਦੀ ਦੁਨੀਆ ਭਰ ਵਿਚ ਚਰਚਾ ਹੈ। ਭਾਰਤ ਅੰਦਰ ਇਸ ਕਦਮ ਦਾ ਤਿੱਖਾ ਪ੍ਰਤੀਕਰਮ ਹੋਇਆ ਹੈ ਅਤੇ ਇਥੋਂ ਦੇ ਮੀਡੀਆ ਨੂੰ ਇਹ ਕਦਮ ਹਜ਼ਮ ਨਹੀਂ ਹੋ ਰਿਹਾ। ਕੌਮਾਂਤਰੀ ਪੱਧਰ ‘ਤੇ ਇਸ ਕਦਮ ਨਾਲ ਭਾਰਤ ਦੇ ਅਕਸ ਨੂੰ ਵੱਡਾ ਧੱਕਾ ਲੱਗਾ ਹੈ ਕਿਉਂਕਿ ਇਸ ਨਾਲ ਇਸ ਦੇ ਧਾਰਮਿਕ ਘੱਟ ਗਿਣਤੀਆਂ ਨਾਲ ਕੀਤੇ ਜਾ ਰਹੇ ਵਿਵਹਾਰ ਬਾਰੇ ਸਵਾਲੀਆ ਚਿੰਨ੍ਹ ਲਗਦਾ ਹੈ।
ਇਸ ਮਾਮਲੇ ਵਿਚ ਕੱਲ ਤੱਕ ਗਿਆਨੀ ਗੁਰਬਚਨ ਸਿੰਘ ਵਲੋਂ ਚੁੱਪੀ ਸਾਧੀ ਰੱਖੀ ਪਰ ਸੋਮਵਾਰ ਨੂੰ ਉਹਨਾਂ ਨੇ ਇਸ ‘ਤੇ ਮੂੰਹ ਖੋਲਿ•ਆ ਹੈ। ਉਹਨਾਂ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਪਬੰਦੀ ਸਿਰਫ ਗੁਰਦੁਆਰਾ ਸਾਹਿਬ ਅੰਦਰ ਭਾਸ਼ਣ ਕਰਨ, ਸਨਮਾਨ ਲੈਣ ਵਰਗੀਆਂ ਕਾਰਵਾਈਆਂ ਤੱਕ ਸੀਮਤ ਹੈ। ਉਹਨਾਂ ਕਿਹਾ ਕਿ ਬਤੌਰ ਸ਼ਰਧਾਲੂ ਕੋਈ ਵੀ ਇਨਸਾਨ ਗੁਰਦੁਆਰੇ ਆ ਜਾ ਸਕਦਾ ਹੈ ਅਤੇ ਉਥੇ ਮੱਥਾ ਟੇਕ ਸਕਦਾ ਹੈ। ਉਹਨਾਂ ਕਿਹਾ ਕਿ ਇਕ ਸ਼ਰਧਾਲੂ ਦੇ ਤੌਰ ‘ਤੇ ਕਿਸੇ ਨੂੰ ਵੀ ਗੁਰਦੁਆਰਾ ਸਾਹਿਬਾਨ ਦੇ ਅੰਦਰ ਗੁਰਬਾਣੀ-ਕਥਾ-ਕੀਰਤਨ ਸੁਣਨ ਅਤੇ ਸੇਵਾ ਕਰਨ ਦੀ ਖੁੱਲ੍ਹ ਹੈ। ‘ਪਰ ਭਾਰਤੀ ਮੀਡੀਆ ਵਲੋਂ ਇਹ ਜਚਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਦਾਖ਼ਲੇ ‘ਤੇ ਹੀ ਮੁਕੰਮਲ ਪਬੰਦੀ ਲਾ ਦਿੱਤੀ ਗਈ ਹੈ, ਜੋ ਕਿ ਗਲਤ ਜਾਣਕਾਰੀ ਹੈ’ ਇਹ ਕਹਿਣਾ ਦੇ ਗਿਆਨੀ ਗੁਰਬਚਨ ਸਿੰਘ ਦਾ।
ਉਹਨਾਂ ਕਿਹਾ ਹੈ ਕਿ ਜਿਥੋਂ ਤੱਕ ਭਾਸ਼ਣ ਜਾਂ ਹੋਰ ਇਹੋ ਜਿਹੀ ਕੋਈ ਜਨਤਕ ਕਾਰਵਾਈ ਦਾ ਸਬੰਧ ਹੈ, ਉਸ ਸਬੰਧੀ ਪ੍ਰਬੰਧਕ ਕਮੇਟੀ ਨੂੰ ਅਧਿਕਾਰ ਹੈ ਕਿ ਉਹ ਕਿਸੇ ਨੂੰ ਉਥੋਂ ਦੀ ਸਟੇਜ ਉਪਰ ਬੋਲਣ ਦੇਵੇ ਜਾਂ ਨਾ। ਉਹਨਾਂ ਕਿਹਾ ਕਿ ਗੁਰਦੁਆਰਾ ਕਮੇਟੀਆਂ ਦੁਆਰਾ ਅਜਿਹੇ ਕਦਮ ਚੁੱਕਣ ਪਿੱਛੇ ਖਾਸ ਕਾਰਨ ਸਨ। ਇਸ ਪਿਛੇ ਇਕ ਵੱਡਾ ਕਾਰਨ ਸੀ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜੀ ਕਰਨਾ ਜੋ ਕਿ ਸਰਾਸਰ ਗਲਤ ਹੈ।
ਪਬੰਦੀ ਲਾਉਣ ਪਿੱਛੇ ਦੂਜਾ ਵੱਡਾ ਕਾਰਨ ਹੈ ਕਿ ਭਾਰਤ ਵਿਚ ਸਿੱਖਾਂ ਨੂੰ ਨਵੰਬਰ 1984 ਦੇ ਸਿੱਖ ਨਸਲਕੁਸ਼ੀ ਅਤੇ ਸਾਕਾ ਜੂਨ ਚੁਰਾਸੀ ਦੇ ਮਾਮਲਿਆਂ ਵਿਚ ਅਜੇ ਤੱਕ ਕੋਈ ਇੰਨਸਾਫ ਨਹੀਂ ਮਿਲਿਆ। ਇਸ ਤੋਂ ਇਲਾਵਾ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਦਹਾਕਿਆਂ ਤੋਂ ਲੈ ਕੇ ਘਾਣ ਹੋ ਰਿਹਾ ਹੈ ਅਤੇ ਇੰਗਲੈਂਡ ਨਿਵਾਸੀ ਸਿੱਖ ਨੌਜਵਾਨ ਸ. ਜਗਤਾਰ ਸਿੰਘ ਜੱਗੀ ਜੋਹਲ ਦਾ ਮਾਮਲਾ ਇਸ ਦੀ ਤਾਜ਼ਾ ਮਿਸਾਲ ਹੈ।
ਇਹਨਾਂ ਕਾਰਨਾਂ ਨਾਲ ਸਹਿਮਤ ਹੁੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ‘ਕੀ ਇਸ ਵਿਚ ਕੋਈ ਸ਼ੱਕ ਹੈ ਕਿ ਭਾਰਤ ਵਿਚ ਸਿੱਖਾਂ ਨੂੰ ਅਜੇ ਤੱਕ ਕੋਈ ਨਿਆਂ ਨਹੀਂ ਮਿਲ ਰਿਹਾ’। ਜਿਕਰਯੋਗ ਹੈ ਕਿ ਸ਼ੁਰੂਆਤ ਵਿਚ ਕੈਨੇਡਾ ਦੇ ਓਂਟਾਰੀਓ ਵਿਚ ਪੈਂਦੇ 14 ਗੁਰਦੁਆਰਾ ਸਾਹਿਬਾਨਾਂ ਵਿਚ ਸਬੰਧਤ ਪ੍ਰਬੰਧਕ ਕਮੇਟੀਆਂ ਵਲੋਂ ਪਬੰਦੀ ਲਾਈ ਗਈ ਸੀ। ਹੋਲੀ ਹੋਲੀ ਇਹ ਪਬੰਦੀ ਇੰਗਲੈਂਡ ਅਤੇ ਸੰਯੁਤਕ ਰਾਜ ਅਮਰੀਕਾ ਤੱਕ ਫੈਲ ਗਈ। ਆਉਂਦੇ ਦਿਨਾਂ ਵਿਚ ਇਹ ਪਬੰਦੀ ਹੋਰ ਦੇਸ਼ਾਂ ਅਤੇ ਗੁਰਦੁਆਰਿਆਂ ਵਿਚ ਲਾਗੂ ਹੋਣ ਦੇ ਆਸਾਰ ਹਨ।

ਸ਼੍ਰੋਮਣੀ ਕਮੇਟੀ ਨੇ ਚੁੱਪੀ ਸਾਧੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵਲੋਂ ਇਸ ਮਸਲੇ ‘ਤੇ ਪੂਰੀ ਖਾਮੋਸ਼ੀ ਧਾਰੀ ਹੋਈ ਹੈ ਅਤੇ ਉਹ ਅਜਿਹੇ ਮਸਲੇ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਭਾਂਵੇਂ ਮੀਡੀਆ ਕਰਮੀਆਂ ਵਲੋਂ ਉਹਨਾਂ ਦਾ ਪ੍ਰਤੀਕਰਮ ਜਾਣਨ ਦੀ ਭਰਪੂਰ ਕੋਸ਼ਿਸ਼ ਕੀਤੀ ਗਈ।

ਸਰਨਾ ਨੇ ਤਾਜ਼ਾ ਘਟਨਾਕ੍ਰਮ ਨੂੰ ਸ਼੍ਰੋਮਣੀ ਕਮੇਟੀ ਦਾ ਅਸਫ਼ਲਤਾ ਕਰਾਰ ਦਿੱਤਾ
ਅੰਮ੍ਰਿਤਸਰ/ਬਿਊਰੋ ਨਿਊਜ਼: ਅਕਾਲੀ ਦਲ-ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਜੋ ਕਿ ਚੀਫ ਖ਼ਾਲਸਾ ਦੀਵਾਨ ਦੇ ਗੱਦੀਓਂ ਲਾਹੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ, ਦਾ ਕਹਿਣਾ ਹੈ ਕਿ ਭਾਵੇਂ ਉਹ ਕਿਸੇ ਵੀ ਵਿਅਕਤੀ ਦੇ ਗੁਰਦੁਆਰਾ ਸਾਹਿਬ ‘ਚ ਦਾਖਲੇ ‘ਤੇ ਕਿਸੇ ਕਿਸਮ ਦੀ ਪਾਬੰਦੀ ਦੇ ਖਿਲਾਫ ਹਨ ਪਰ ਅਜਿਹੇ ਹਾਲਾਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜ਼ਿੰਮੇਵਾਰ ਰਹੀ ਹੈ ਜੋ ਕਿ ਵਿਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਨਾਲ ਤਾਲਮੇਲ ਨਹੀਂ ਕਰ ਸਕੀਆਂ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਉਕਤ ਕਮੇਟੀਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਇਸ ਦੇ ਕਾਰਨ ਪੁੱਛਣੇ ਚਾਹੀਦੇ ਸਨ ਅਤੇ ਮਸਲੇ ਨੂੰ ਸੁਲਝਾਉਣਾ ਚਾਹੀਦਾ ਸੀ।
ਮਰਿਆਦਾ ਦੇ ਘਾਣ ਦਾ ਸਖ਼ਤ ਨੋਟਿਸ
ਸਰਨਾ ਨੇ ਭਾਰਤ ਦੀ ਵਪਾਰਿਕ ਰਾਜਧਾਨੀ ਵਜੋ  ਜਾਣੇ ਜਾਂਦੇ ਮਹਾਂ ਨਗਰ ਮੁੰਬਈ ਵਿੱਚ ਤਖਤਾਂ ਦੇ ਜਥੇਦਾਰਾਂ ਤੇ ਵਿਸ਼ੇਸ਼ ਕਰਕੇ ਜਥੇਦਾਰ ਅਕਾਲ ਤਖਤ ਸਾਹਿਬ ਵੱਲੋ ਇੱਕ ਧਾਰਮਿਕ ਸਮਾਗਮ ਦੌਰਾਨ ਮਰਿਆਦਾ ਦੀਆ ਉਡਾਈਆ ਗਈਆ ਧੱਜੀਆ ਦਾ ਗੰਭੀਰ ਨੋਟਿਸ ਲੈਦਿਆਂ, ਸਿੱਖ ਸੰਗਤਾਂ ਨੂੰ ਜਥੇਦਾਰ ਦਾ ਪੂਰਣ ਰੂਪ ਵਿੱਚ ਬਾਈਕਾਟ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ  ਗਿਆਨੀ ਕੁਲਵੰਤ ਸਿੰਘ ਨੂੰ ਪੱਤਰ ਲਿਖ ਕੇ ਮੰਗ ਕਰਨਗੇ ਕਿ ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਵਿਸ਼ੇਸ਼ ਕਰਕੇ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕਰਕੇ ਉਹਨਾਂ ਵਿਰੁੱਧ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੁੰਬਈ ਵਿੱਚ ਬਾਬਾ ਗੁਰਿੰਦਰ ਸਿੰਘ ਵੱਲੋ 5 ਤੋ 7 ਜਨਵਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਤੇ ਇਸ ਧਾਰਮਿਕ ਸਮਾਗਮ ਵਿੱਚ ਤਖ਼ਤਾਂ ਦੇ ਜਥੇਦਾਰਾਂ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ। ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿਘ ਤੋਂ ਇਲਾਵ ਚਾਰ ਤਖ਼ਤਾਂ ਦੇ ਜਥੇਦਾਰਾਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜਿਸ ਤਰੀਕੇ ਨਾਲ ਮਰਿਆਦਾ ਦਾ ਘਾਣ ਕੀਤਾ ਉਸ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਰੋਸ ਪਾਇਆ  ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਕੋਈ ਵੀ ਪਤਿਤ ਕੀਤਰਨ ਨਹੀਂ ਕਰ ਸਕਦਾ ਪਰ ਉਸ ਸਮਾਗਮ ਵਿੱਚ ਤਾਂ ਗਾਇਕ ਮੀਕਾ ਨੇ ਕੀਰਤਨ ਕੀਤਾ ਤੇ ਜਥੇਦਾਰ ਮੂਕ ਦਰਸ਼ਕ ਬਣੇ ਰਹੇ।
ਉਹਨਾਂ ਕਿਹਾ ਕਿ ਸਿਰੋਪੇ ਦੀ ਰਸਮ ਸਭ ਤੋਂ ਅਖੀਰ ਕੀਤੀ ਜਾਂਦੀ ਹੈ ਤੇ ਜਿਹੜੇ ਕੋਈ ਵਿਸ਼ੇਸ਼ ਵਿਅਕਤੀ ਹੋਣ ਉਹਨਾਂ ਨੂੰ ਹੀ ਸਿਰੋਪੇ ਦਿੱਤੇ ਜਾਂਦੇ ਹਨ ਪਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੀਰਤਨ ਰੋਕ ਕੇ ਫਿਲਮੀ ਹਸਤੀਆ ਨੂੰ ਸਿਰੋਪੇ ਦਿੱਤੇ ਜਿਹੜੇ ਕਿਸੇ ਵੀ ਤਰ੍ਹਾਂ ਸਿਰੋਪਾ ਲੈਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ। ਇਥੋਂ ਤੱਕ ਇੱਕ ਫਿਲਮੀ ਹਸਤੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਜਥੇਦਾਰ ਦੇ ਪੈਰਾਂ ‘ਤੇ ਮੱਥਾ ਵੀ ਟੇਕਦੀ ਦੁਨੀਆ ਭਰ ਦੇ ਲੋਕਾਂ ਨੇ ਵੇਖੀ ਜਿਸ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੋਈ ਸਮਾਂ ਹੁੰਦਾ ਸੀ ਕਿ ਜਥੇਦਾਰ ਸਿਮਰਨ ਕਰਦੇ ਹੁੰਦੇ ਸਨ ਤੇ ਸੰਗਤਾਂ ਉਹਨਾਂ ਦੇ ਸਿਮਰਨ ਵੇਖ ਕੇ ਸਤਿਕਾਰ ਕਰਦੀਆਂ ਸਨ ਪਰ ਅੱਜ ਸਿਮਰਨ ਦੀ ਥਾਂ ਲਿਫਾਫਾ ਕਲਚਰ ਭਾਰੂ ਹੋ ਗਿਆ ਹੈ ਤੇ ਲਿਫਾਫੇ ਕਲਚਰ  ਦੇ ਕਾਰਨ ਜਥੇਦਾਰ ਮਰਿਆਦਾ ਹੀ ਭੁੱਲ ਗਏ ਹਨ ਤੇ ਇਹਨਾਂ ਨੇ ਸਿੱਖੀ ਵੇਚ ਛੱਡੀ ਹੈ।
ਉਹਨਾਂ ਸਮੁੱਚੀਆ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਜਥੇਦਾਰਾਂ ਦਾ ਬਾਈਕਾਟ ਕਰਨ। ਉਹਨਾਂ ਕਿਹਾ ਕਿ ਉਹ ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਮੰਗ ਕਰਨਗੇ ਕਿ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਤਖਤਾਂ ਦੇ ਜਥੇਦਾਰਾਂ ਦੇ ਵਿਰੁੱਧ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਕਿਪ੍ਰੁਂਕਿ ਸਮਾਗਮ ਵੀ ਉਹਨਾਂ ਦੇ ਅਧਿਕਾਰ ਖੇਤਰ ਵਾਲੇ ਮੁੰਬਈ ਸ਼ਹਿਰ ਵਿੱਚ ਹੋਇਆ ਹੈ।
ਪਾਕਿਸਤਾਨ ਵਿੱਚ ਦੋ ਸਿੱਖਾਂ ਦੇ ਹੋਏ ਕਤਲਾਂ ਬਾਰੇ ਉਹਨਾਂ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਕੋਲਂੋ ਮੰਗ ਕਰਦੇ ਹਨ ਕਿ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਪਰ ਪਾਕਿਸਤਾਨ ਦੇ ਹਾਲਾਤ ਇਸ ਵੇਲੇ ਇਸ ਤਰ੍ਹਾਂ ਹਨ ਕਿ ਉਥੇ ਹਰ ਰੋਜ਼ ਕਈ ਕਤਲ ਹੋ ਰਹੇ ਹਨ ।