ਰਾਜਸਥਾਨ ਵਿਚਲੇ ਪੰਜਾਬੀ ਢਾਬਿਆਂ ਉੱਤੇ ਭੁੱਕੀ ਵਾਲਿਆਂ ਲਈ ਮੌਜਾਂ

ਰਾਜਸਥਾਨ ਵਿਚਲੇ ਪੰਜਾਬੀ ਢਾਬਿਆਂ ਉੱਤੇ ਭੁੱਕੀ ਵਾਲਿਆਂ ਲਈ ਮੌਜਾਂ

ਬੀਕਾਨੇਰ ਰੇਂਜ ‘ਚ ਇਕ ਸੜਕ ਤੇ ਖੁੱਲ੍ਹੇ ਢਾਬੇ ਦੀ ਤਸਵੀਰ।
ਬੀਕਾਨੇਰ (ਰਾਜਸਥਾਨ)/ਬਿਊਰੋ ਨਿਊਜ਼:
ਇਥੋਂ ਦੀਆਂ ਜਰਨੈਲੀ ਸੜਕਾਂ ‘ਤੇ ਦਰਜਨਾਂ ‘ਪੰਜਾਬੀ ਢਾਬੇ’ ਹਨ, ਜਿਨ੍ਹਾਂ ‘ਤੇ ਰੋਟੀ ਨਹੀਂ ਪਰ ਭੁੱਕੀ 24 ਘੰਟੇ ਮਿਲਦੀ ਹੈ। ਰਾਜਸਥਾਨ ‘ਚ ਜਦੋਂ ਦੇ ਭੁੱਕੀ ਦੇ ਠੇਕੇ ਬੰਦ ਹੋਏ ਹਨ, ਉਦੋਂ ਤੋਂ ਇਨ੍ਹਾਂ ਢਾਬਿਆਂ ਦੀ ਪੋਸਤ ਨੇ ਚਾਂਦੀ ਕਰ ਦਿੱਤੀ ਹੈ। ਬਹੁਤੇ ਢਾਬੇ ਮਝੈਲਾਂ ਦੇ ਹਨ ਤੇ ਇੱਕਾ ਦੁੱਕਾ ਢਾਬਾ ਮਾਲਕਾਂ ਦਾ ਪਿਛੋਕੜ ਮਾਲਵੇ ਦਾ ਹੈ। ਜਦੋਂ ਇਨ੍ਹਾਂ ਢਾਬਿਆਂ ‘ਤੇ ਪੋਸਤ ਦੀ ਗੱਲ ਛੇੜੀ ਤਾਂ ਕਿਸੇ ਨੇ ਨਾਂਹ ਨਹੀਂ ਕੀਤੀ। ਬੱਸ ਥੋੜ੍ਹਾ ਭਰੋਸਾ ਦੇਣਾ ਪੈਂਦਾ ਹੈ। ਟਰੱਕਾਂ ਦੀ ਭੀੜ ਤੋਂ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਢਾਬੇ ਉਤੇ ‘ਮਾਲ’ ਵੀ ਮਿਲਦਾ ਹੈ।
ਹਨੂੰਮਾਨਗੜ੍ਹ-ਬੀਕਾਨੇਰ-ਫਲੌਦੀ ਜਰਨੈਲੀ ਸੜਕ ‘ਤੇ ਤਕਰੀਬਨ 23 ‘ਪੰਜਾਬੀ ਢਾਬੇ’ ਹਨ, ਜਿਨ੍ਹਾਂ ‘ਚੋਂ ਵਿਰਲੇ ਟਾਵੇਂ ਢਾਬੇ ‘ਤੇ ਰੋਟੀ ਪਾਣੀ ਦਾ ਪ੍ਰਬੰਧ ਹੈ, ਬਾਕੀ ਤਾਂ ‘ਭੁੱਕੀ ਵਾਲੀ ਚਾਹ’ ਹੀ ਛਕਾਉਂਦੇ ਹਨ। ਇਨ੍ਹਾਂ ‘ਚੋਂ ਕਈ ਢਾਬੇ ਨਾਂ ਦੇ ਹੀ ਪੰਜਾਬੀ ਹਨ ਪਰ ਇਨ੍ਹਾਂ ਨੂੰ ਰਾਜਸਥਾਨੀ ਹੀ ਚਲਾਉਂਦੇ ਹਨ। ਜਦੋਂ ਫਲੌਦੀ ਕੋਲ ਭੁੱਕੀ ਬਾਰੇ ਪੁੱਛਿਆ ਤਾਂ ਸਾਰਿਆਂ ਨੇ ‘ਗੋਪੀ ਦੇ ਢਾਬੇ’ ਦੀ ਦੱਸ ਪਾਈ। ਇੱਕ ਢਾਬੇ ਵਾਲੇ ਕੋਲ ਰੋਟੀ ਦਾ ਕੋਈ ਪ੍ਰਬੰਧ ਨਹੀਂ ਸੀ ਪਰ ਉਹ ਭੁੱਕੀ ਦੇਣ ਨੂੰ ਤਿਆਰ ਹੋ ਗਿਆ। ਕੀਮਤ 2700 ਰੁਪਏ ਕਿਲੋ। ਢਾਬੇ ‘ਤੇ ਖੜ੍ਹੇ ਰਾਜਸਥਾਨੀ ਏਜੰਟ ਨੇ ‘ਸਕੀਮ’ ਦੀ ਪੇਸ਼ਕਸ਼ ਕੀਤੀ, ‘ਪੰਜ ਕਿਲੋ ਲੈਣੀ ਹੈ ਤਾਂ 2500 ਰੁਪਏ ਕਿਲੋ ਮਿਲੇਗੀ ਪਰ ਅੱਧਾ ਕਿਲੋ ਦਾ 1500 ਰੁਪਏ ਲੱਗੇਗਾ।’ ਬੀਕਾਨੇਰ ਲਾਗੇ ਇੱਕ ਢਾਬੇ ਵਾਲੇ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਕਾਰਾਂ ਵਾਲਿਆਂ ‘ਤੇ ਵਿਸ਼ਵਾਸ ਨਹੀਂ ਕਰਦੇ, ਟਰੱਕਾਂ ਵਾਲਿਆਂ ਨੂੰ ਮਾਲ ਦਿੰਦੇ ਹਨ। ਉਹ ਢਾਬੇ ਉਤੇ ‘ਮਾਲ’ ਨਹੀਂ ਰੱਖਦੇ ਬਲਕਿ ਗਾਹਕ ਦੇ ਆਉਣ ‘ਤੇ ਹੀ ਗੁਪਤ ਸਟਾਕ ‘ਚੋਂ ਲਿਆ ਕੇ ਦਿੰਦੇ ਹਨ। ਇੱਕ ਢਾਬੇ ਦੇ ਮਾਲਕ ਨੇ ਦੱਸਿਆ ਕਿ ਉਹ ਪੋਸਤ ਖਾਣ ਦਾ ਆਦੀ ਸੀ ਤੇ ਮਗਰੋਂ ਇੱਧਰ ਹੀ ਪੱਕਾ ਵਸ ਗਿਆ। ਇੱਕ ਦੋ ਢਾਬਿਆਂ ‘ਤੇ ਕੰਮ ਕਰਦੇ ਨੌਕਰ ਵੀ ਪੋਸਤ ਖਾਣ ਦੇ ਆਦੀ ਸਨ। ਦੱਸਦੇ ਹਨ ਕਿ ਹਨੂੰਮਾਨਗੜ੍ਹ ਤੋਂ ਜੈਪੁਰ ਅਤੇ ਨਾਗੌਰ ਦੇ ਖੇਤਰ ਹੁਣ ਵੀ ਭੁੱਕੀ ਆਮ ਵਿਕਦੀ ਹੈ।
ਜਰਨੈਲੀ ਸੜਕਾਂ ‘ਤੇ ਤਾਂ ਕਈ ਆਜੜੀ ਵੀ ਭੁੱਕੀ ਵਾਲੇ ਪੈਕੇਟ ਵੇਚਣ ਲਈ ਵਾਹਨ ਚਾਲਕਾਂ ਨੂੰ ਇਸ਼ਾਰੇ ਕਰਦੇ ਹਨ। ਢਾਬਿਆਂ ‘ਤੇ ਬੈਠੇ ਟਰੱਕਾਂ ਵਾਲਿਆਂ ਨੇ ਖੁਲਾਸਾ ਕੀਤਾ ਕਿ ਭੁੱਕੀ ਵੇਚਣ ਵਾਲੇ ਢਾਬਾ ਮਾਲਕਾਂ ਨੂੰ ਸਥਾਨਕ ਪੁਲੀਸ ਨੂੰ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣੇ ਪੈਂਦੇ ਹਨ। ਰਾਜਸਥਾਨ ਸਰਕਾਰ ਨੇ 1 ਅਪਰੈਲ, 2015 ਤੋਂ ਭੁੱਕੀ ਦੇ ਠੇਕੇ ਬੰਦ ਕੀਤੇ ਸਨ ਪਰ ਉਸ ਮਗਰੋਂ ਇੱਕ ਵਰ੍ਹੇ ਲਈ ਹੋਰ ਮੋਹਲਤ ਦੇ ਦਿੱਤੀ ਗਈ ਸੀ। 1 ਅਪਰੈਲ, 2016 ਤੋਂ ਰਾਜਸਥਾਨ ਵਿਚਲੇ 125 ਭੁੱਕੀ ਦੇ ਠੇਕੇ ਪੂਰੀ ਤਰ੍ਹਾਂ ਬੰਦ ਹੋ ਗਏ ਹਨ। ਰਾਜਸਥਾਨ ਵਿੱਚ ਤਕਰੀਬਨ 22 ਹਜ਼ਾਰ ਪੋਸਤ ਖਾਣ ਵਾਲੇ ਪਰਮਿਟ ਹੋਲਡਰ ਸਨ। ਭੁੱਕੀ ਦੇ ਠੇਕਿਆਂ ਤੋਂ ਪਰਮਿਟ ਹੋਲਡਰਾਂ ਨੂੰ 500 ਰੁਪਏ ਕਿਲੋ ਪੋਸਤ ਮਿਲਦਾ ਸੀ। ਸਖ਼ਤੀ ਸਮੇਂ ਭੁੱਕੀ ਦਾ ਰੇਟ ਦੋ ਹਜ਼ਾਰ ਤਕ ਰਿਹਾ। ਹੁਣ ਠੇਕੇ ਬੰਦ ਹੋਣ ਮਗਰੋਂ ਰੇਟ 2700 ਰੁਪਏ ਕਿਲੋ ਹੋ ਗਿਆ ਹੈ। ਰਾਜਸਥਾਨ ‘ਚ ਅਕਤੂਬਰ 2017 ਤਕ ਐਨਡੀਪੀਐਸ ਐਕਟ ਤਹਿਤ 1412 ਕੇਸ ਦਰਜ ਹੋਏ ਹਨ, ਜਿਨ੍ਹਾਂ ਦੀ 2015 ‘ਚ ਗਿਣਤੀ 790 ਸੀ।
ਸਭਨਾਂ ਉੱਤੇ ਪੁਲੀਸ ਦੀ ਹੈ ਨਜ਼ਰ
ਬੀਕਾਨੇਰ ਰੇਂਜ ਦੇ ਆਈਜੀ ਬਿਪਨ ਕੁਮਾਰ ਪਾਂਡੇ ਨੇ ਕਿਹਾ ਕਿ ਪੋਸਤ ਦੇ ਠੇਕੇ ਬੰਦ ਹੋਣ ਮਗਰੋਂ ਪੋਸਤ ਦੀ ਗ਼ੈਰਕਾਨੂੰਨੀ ਵਿਕਰੀ ਦੇ ਢੰਗ ਤਰੀਕੇ ਬਦਲੇ ਹਨ ਅਤੇ ਮਾਤਰਾ ਵੀ ਘਟੀ ਹੈ। ਢਾਬਿਆਂ ਤੋਂ ਇਲਾਵਾ ਸੜਕਾਂ ‘ਤੇ ਪੈਂਦੀਆਂ ਦੁਕਾਨਾਂ ਵਾਲੇ ਵੀ ਪੋਸਤ ਵੇਚ ਰਹੇ ਹਨ ਅਤੇ ਕਈ ਫੜੇ ਵੀ ਗਏ ਹਨ। ਉਹ ਹੁਣ ਰੀਵਿਊ ਮੀਟਿੰਗ ਕਰਨਗੇ, ਜਿਸ ‘ਚ ਪੋਸਤ ਦੀ ਵਿਕਰੀ ਰੋਕਣ ਲਈ ਰਣਨੀਤੀ ਬਣਾਈ ਜਾਵੇਗੀ। ਪੁਲੀਸ ਸਾਰੀਆਂ ਦੁਕਾਨਾਂ ‘ਤੇ ਨਜ਼ਰ ਰੱਖ ਰਹੀ ਹੈ।