ਪੰਜਾਬ ਭਰ ‘ਚ ਸਿਆਲ ਰੁੱਤ ਦਾ ਪਹਿਲਾ ਭਰਵਾਂ ਮੀਂਹ

ਪੰਜਾਬ ਭਰ ‘ਚ ਸਿਆਲ ਰੁੱਤ ਦਾ ਪਹਿਲਾ ਭਰਵਾਂ ਮੀਂਹ

ਸੰਗਰੂਰ ਨੇੜਲੇ ਪਿੰਡ ਗੁਰਦਾਸਪੁਰਾ ਵਿੱਚ ਮੀਂਹ ਦੌਰਾਨ ਕਣਕ ਵਾਲੇ ਖੇਤ ਵਿੱਚ ਕਿਆਰਿਆਂ ਦੀਆਂ ਵੱਟਾਂ ਮਜ਼ਬੂਤ ਕਰ ਰਿਹਾ ਕਿਸਾਨ।
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਭਰ ‘ਚ ਸਿਆਲ ਰੁੱਤ ਦਾ ਪਹਿਲਾ ਭਰਵਾਂ ਮੀਂਹ ਜਿੱਥੇ ਕਿਸਾਨਾਂ ਦੀਆਂ ਫਸਲਾਂ ਲਈ ਲਾਵਹੇਵੰਦ ਦਸਿਆ ਜਾਂਦਾ ਹੈ ਉੱਥੇ ਗਵਾਂਢੀ ਰਾਜਾਂ ਦੇ ਉੱਚੇ ਪਹਾੜਾਂ ਉੱਤੇ ਬਰਫ਼ ਪੈਣ ਨਾਲ ਠੰਢ ਵਧ ਗਈ ਹੈ। ਪਾਰਾ ਛੇ ਡਿਗਰੀ ਹੇਠਾਂ ਡਿੱਗ ਗਿਆ ਹੈ। ਦਿਨ ਦਾ ਤਾਪਮਾਨ ਪੰਦਰਾਂ ਡਿਗਰੀ ਹੋ ਗਿਆ ਹੈ। ਅੱਜ ਦੀ ਬਾਰਸ਼ ਹਾੜੀ ਦੀ ਫਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ ਪਰ ਥੋੜ੍ਹੇ ਜਿਹੇ ਰਕਬੇ ਵਿੱਚ ਤਾਜ਼ਾ ਬੀਜੀ ਕਣਕ ਦੇ ਕਰੰਡ ਹੋਣ ਦਾ ਡਰ ਬਣ ਗਿਆ ਹੈ। ਕਣਕ ਦੀ ਬਿਜਾਈ ਇਸ ਵਾਰ ਪੱਛੜ ਕੇ ਚੱਲ ਰਹੀ ਹੈ। ਮੌਸਮ ਵਿਭਾਗ ਨੇ ਭਲ੍ਹਕ ਬਾਅਦ ਦੁਪਿਹਰ  ਮੌਸਮ ਸਾਫ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਖੇਤੀਬਾੜੀ ਵਿਭਾਗ ਨੇ ਕਣਕ ਲਈ 34.90 ਲੱਖ ਹੈਕਟੇਅਰ ਦਾ ਟੀਚਾ ਮਿੱਥਿਆ ਸੀ, ਜਿਸ ਵਿਚੋਂ ਹਾਲੇ ਵੀਹ ਹਜ਼ਾਰ ਹੈਕਟੇਅਰ ਦੀ ਬਿਜਾਈ ਰਹਿ ਰਹੀ ਹੈ। ਦੋ ਤੋਂ ਚਾਰ ਦਿਨ ਪਹਿਲਾਂ ਬੀਜੀ ਗਈ ਕਣਕ ਦੇ ਕਰੰਡ ਹੋਣ ਦਾ ਡਰ ਬਣ ਗਿਆ ਹੈ। ਵਿਭਾਗ ਨੇ ਕਿਸਾਨਾਂ ਨੂੰ  ਕਣਕ ਦੀ ਪਛੇਤੀ ਬਿਜਾਈ ਕਰਨ  ਦੀ ਥਾਂ ਜੌਂ ਬੀਜਣ ਦੀ ਸਲਾਹ ਦਿੱਤੀ ਹੈ। ਪੁੰਗਰ ਚੁੱਕੀ ਕਣਕ ਵਾਸਤੇ ਮੀਂਹ ਵਰਦਾਨ ਸਿੱਧ ਹੋਵੇਗਾ। ਖੇਤੀਬਾੜੀ ਵਿਭਾਗ ਮੁਤਾਬਿਕ ਇਸ ਵਾਰ ਗੰਨੇ ਹੇਠਲਾ ਰਕਬਾ 97000 ਹੈਕਟੇਅਰ ਹੈ ਅਤੇ ਦਾਲਾਂ ਦਾ ਰਕਬਾ 85000 ਹੈਕਟੇਅਰ ‘ਤੇ ਆ ਕੇ ਅਟਕ ਗਿਆ ਹੈ। ਬਾਰਸ਼ ਗੰਨੇ ਅਤੇ ਦਾਲਾਂ ਲਈ ਵੀ ਲਾਹੇਵੰਦ ਰਹੇਗੀ।
ਪੰਜਾਬ ਵਿੱਚ ਸੱਭ ਤੋਂ ਵੱਧ ਬਾਰਸ਼ ਪਠਾਨਕੋਟ ਵਿੱਚ 16 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ। ਅੰਮਿ?ਤਸਰ ਵਿੱਚ 8 ਮਿਲੀਮੀਟਰ , ਜਲੰਧਰ ਅਤੇ ਲੁਧਿਆਣਾ ਵਿੱਚ ਛੇ ਛੇ ਮਿਲੀਮੀਟਰ ਮੀਂਹ ਪਿਆ ਹੈ। ਆਦਮਪੁਰ ਵਿੱਚ ਵੀ 6 ਮਿਲੀਮੀਟਰ, ਅੰਬਾਲਾ ਵਿੱਚ 1.2 ਮਿਲੀਮੀਟਰ, ਪਟਿਆਲਾ ਵਿੱਚ 4, ਚੰਡੀਗੜ੍ਹ ਵਿੱਚ 2.5 ਮਿਲੀਮੀਟਰ ਅਤੇ ਮੁਹਾਲੀ ਵਿੱਚ 3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਕਿਹਾ ਹੈ ਕਿ ਪੰਜਾਬ ਭਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਹੈ। ਪਠਾਨਕੋਟ ‘ਚ ਸੱਭ ਤੋਂ ਵੱਧ ਮੀਂਹ ਪਿਆ ਹੈ ਪਰ ਕਈ ਥਾਈਂ ਕਿਣਮਿਣ ਹੋ ਕੇ ਹਟ ਗਈ ਹੈ।   ਮੀਂਹ ਕਣਕ ਲਈ ਵਰਦਾਨ ਸਿੱਧ ਹੋਵੇਗਾ ਪਰ ਜਿਥੇ ਜ਼ਿਆਦਾ ਬਾਰਸ਼ ਹੋਈ ਹੈ, ਉਥੇ ਬੂਟੇ ਦੇ ਪੀਲਾ ਫਿਰਨ ਦਾ ਡਰ ਬਣ ਗਿਆ ਹੈ।
ਦਿੱਲੀ (ਪੀਟੀਆਈ): ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਹਲਕਾ ਮੀਂਹ ਪਿਆ ਜਿਸ ਨਾਲ ਮੌਸਮ ਠੰਢਾ ਹੋ ਗਿਆ ਤੇ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੀ। ਸ਼ਾਮ ਨੂੰ ਪਏ ਮੀਂਹ ਨਾਲ ਤਾਪਮਾਨ ਹੇਠਾਂ ਡਿੱਗ ਗਿਆ ਹੈ। ਮੀਂਹ ਮਗਰੋਂ ਆਈਟੀਓ ਸਣੇ ਹੋਰ ਭੀੜ ਵਾਲੇ ਇਲਾਕਿਆਂ ਵਿੱਚ ਜਾਮ ਲੱਗ ਗਿਆ। ਫਰੀਦਾਬਾਦ ਤੇ ਗੁਰੂਗ੍ਰਾਮ ਦੇ ਇਲਾਕਿਆਂ ਵਿੱਚ ਵੀ ਹਲਕਾ ਮੀਂਹ ਪਿਆ ਹੈ। ਬੀਤੇ ਦਿਨਾਂ ਤੋਂ ਐਨਸੀਆਰ ਦੀ ਆਬੋ-ਹਵਾ ਵਿੱਚ ਪ੍ਰਦੂਸ਼ਣ ਖ਼ਤਰਨਾਕ ਹੱਦ ਤੋਂ ਪਾਰ ਚਲਾ ਗਿਆ ਸੀ ਪਰ ਮੀਂਹ ਪੈਣ ਨਾਲ ਅਸਮਾਨ ਦੇ ਖ਼ਤਰਨਾਕ ਕਣ ਧੋਤੇ ਗਏ ਹਨ। ਮੌਸਮ ਵਿਭਾਗ ਨੇ ਕੱਲ੍ਹ ਵੀ ਇਹੀ ਹਾਲਾਤ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਰਾਜਧਾਨੀ ਵਿੱਚ ਘੱਟੋ ਘੱਟ ਤਾਪਮਾਨ 8.2 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ ਇਕ ਡਿਗਰੀ ਘੱਟ ਹੈ , ਜਦੋਂ ਕਿ ਵਧ ਤੋਂ ਵਧ ਤਾਪਮਾਨ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸੀਜ਼ਨ ਦੀ ਔਸਤ ਦੇ ਮੁਕਾਬਲੇ ਇਕ ਡਿਗਰੀ ਵਧ ਹੈ।