ਮੋਦੀ ਦੀ ਨੋਟਬੰਦੀ : ਧੀ ਦੀ ਡੋਲੀ ਤੋਂ ਪਹਿਲਾਂ ਉੱਠੀ ਬਾਪ ਦੀ ਅਰਥੀ

ਮੋਦੀ ਦੀ ਨੋਟਬੰਦੀ : ਧੀ ਦੀ ਡੋਲੀ ਤੋਂ ਪਹਿਲਾਂ ਉੱਠੀ ਬਾਪ ਦੀ ਅਰਥੀ

ਪਾਤੜਾਂ ਦੇ ਬੈਂਕ ‘ਚ ਲੋਕਾਂ ‘ਤੇ ਲਾਠੀਚਾਰਜ, ਦੋ ਜ਼ਖ਼ਮੀ
ਚੰਡੀਗੜ੍ਹ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਸਬੰਧੀ ਕੀਤੇ ਐਲਾਨ ਤੋਂ ਏਨੇ ਦਿਨਾਂ ਬਾਅਦ ਵੀ ਬੈਕਾਂ ਅਤੇ ਏਟੀਐਮ ਬੂਥਾਂ ਬਾਹਰ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਲੋਕ ਨਵੇਂ ਨੋਟ ਕਢਵਾਉਣ ਤੇ ਪੁਰਾਣੇ ਜਮ੍ਹਾਂ ਕਰਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਭਾਰਤ ਘੁੰਮਣ ਆਏ ਵਿਦੇਸ਼ੀ ਸੈਲਾਨੀ ਵੀ ਸਰਕਾਰ ਦੇ ਇਸ ਕਦਮ ਕਾਰਨ ਖੱਜਲ ਖੁਆਰ ਹੋ ਰਹੇ ਹਨ। ਪੰਜਾਬ ਦੇ ਖਡੂਰ ਸਾਹਿਬ ਇਲਾਕੇ ਵਿਚ ਧੀ ਦੇ ਵਿਆਹ ਲਈ ਨਵੇਂ ਨੋਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਡੋਲੀ ਤੋਂ ਪਹਿਲਾਂ ਬਾਪ ਦੀ ਅਰਥੀ ਉੱਠ ਗਈ ਜਦੋਂ ਕਿ ਜਲੰਧਰ ਤੇ ਜਗਰਾਉਂ ਵਿੱਚ ਲੋਕਾਂ ਦੀ ਧੱਕਾ ਮੁੱਕੀ ਦੌਰਾਨ ਬੈਂਕਾਂ ਦੇ ਸ਼ੀਸ਼ੇ ਟੁੱਟ ਗਏ।
ਖਡੂਰ ਸਾਹਿਬ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਕੱਲਾ ਦਾ ਸੁਖਦੇਵ ਸਿੰਘ ਆਪਣੀ ਧੀ ਦੇ ਵਿਆਹ ਲਈ ਨਵੇਂ ਨੋਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਡੋਲੀ ਤੋਰਨ ਤੋਂ ਪਹਿਲਾਂ ਹੀ ਚਲ ਵਸਿਆ। ਸੁਖਦੇਵ ਦੇ ਲੜਕੇ ਸਤਨਾਮ ਸਿੰਘ ਨੇ ਦੱਸਿਆ ਕਿ ਬਰਾਤ ਦੀ ਸੇਵਾ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਸਨ ਪਰ ਲੜਕੀ ਨੂੰ ਪਾਉਣ ਲਈ ਬਣਾਏ ਗਏ ਗਹਿਣੇ ਅਤੇ ਹੋਰ ਸਾਮਾਨ ਲਈ ਦੁਕਾਨਦਾਰਾਂ ਨੇ ਪੁਰਾਣੇ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ। ਸੁਖਦੇਵ ਸਿੰਘ ਇਹ ਦੁੱਖ ਨਾ ਸਹਾਰ ਸਕਿਆ। ਉਸ ਨੇ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਹੱਥ ਪੱਲਾ ਨਾ ਫੜਾਏ ਜਾਣ ਬਾਅਦ 14 ਨਵੰਬਰ ਨੂੰ ਅਚਾਨਕ ਸੁਖਦੇਵ ਦੀ ਛਾਤੀ ਵਿਚ ਦਰਦ ਉੱਠਿਆ ਅਤੇ ਉਸ ਦੀ ਮੌਤ ਹੋ ਗਈ।
ਇਸੇ ਦੌਰਾਨ ਪਾਤੜਾਂ ਵਿਚ ਸਟੇਟ ਬੈਂਕ ਆਫ ਪਟਿਆਲਾ ਦੀ ਸ਼ਾਖਾ ਵਿੱਚ ਪੈਸੇ ਜਮ੍ਹਾਂ ਕਰਾਉਣ ਲਈ ਲਾਈਨ ਵਿਚ ਖੜ੍ਹੇ ਕਿਸੇ ਵਿਅਕਤੀ ਵੱਲੋਂ ਧੱਕਾ ਮਾਰੇ ਜਾਣ ਬਾਅਦ ਮੱਚੀ ਹਫੜਾ-ਦਫੜੀ ਨੂੰ ਕੰਟਰੋਲ ਕਰਨ ਲਈ ਮੌਕੇ ‘ਤੇ ਮੌਜੂਦ ਇਕ ਪੁਲੀਸ ਮੁਲਾਜ਼ਮ ਵੱਲੋਂ ਕੀਤੇ ਲਾਠੀਚਾਰਜ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਅਸ਼ੀਸ਼ ਕੁਮਾਰ ਦੇ ਸਿਰ ਵਿੱਚ ਡੂੰਘੀ ਸੱਟ ਲੱਗਣ ਕਾਰਨ ਉਸ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਜਦੋਂ ਕਿ ਗੋਰਾ ਲਾਲ ਦੇ ਮਾਮੂਲੀ ਸੱਟ ਲੱਗੀ ਹੈ। ਡੀਐਸਪੀ ਪਾਤੜਾਂ ਸੱਤਪਾਲ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ ਨਾ ਹੀ ਕਿਸੇ ਮੁਲਾਜ਼ਮ ਨੇ ਲਾਠੀਚਾਰਜ ਕੀਤਾ ਹੈ। ਪਿੱਛੇ ਲਾਈਨ ਵਿੱਚ ਖੜ੍ਹੇ ਕੁਝ ਵਿਅਕਤੀਆਂ ਵੱਲੋਂ ਅਚਾਨਕ ਧੱਕਾ ਮਾਰੇ ਜਾਣ ਕਾਰਨ ਡਿੱਗ ਕੇ ਉਸ ਦੇ ਸੱਟ ਲੱਗੀ ਹੋ ਸਕਦੀ ਹੈ ਪਰ ਜੇਕਰ ਪੁਲੀਸ ਕਰਮਚਾਰੀ ਦੋਸ਼ੀ ਹੋਇਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਜਲੰਧਰ : ਇਥੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸਥਿਤ ਐਕਸਿਸ ਬੈਂਕ ਵਿੱਚ ਬੇਕਾਬੂ ਹੋਈ ਭੀੜ ਨੇ ਮੁੱਖ ਦਰਵਾਜ਼ੇ ਦਾ ਸ਼ੀਸ਼ਾ ਤੋੜ ਦਿੱਤਾ। ਬੈਂਕ ਅਮਲੇ ਨੇ ਤੁਰੰਤ ਪੁਲੀਸ ਨੂੰ ਬੁਲਾ ਲਈ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਲੈ ਲਈ ਹੈ ਪਰ ਹਾਲੇ ਤਕ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਬੈਂਕ ਮੈਨੇਜਰ ਰਾਜੀਵ ਸ਼ਰਮਾ ਨੇ ਕਿਹਾ ਕਿ ਇਹ ਘਟਨਾ ਕਿਸੇ ਵਿਅਕਤੀ ਵੱਲੋਂ ਜਾਣ ਬੁੱਝ ਕੇ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੇ ਕਿਸੇ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਨਹੀਂ ਕੀਤੀ ਹੈ। ਬੈਂਕ ਤੋਂ ਪੈਸੇ ਕਢਵਾਉਣ ਆਈ 70 ਸਾਲਾ ਰੇਸ਼ਮ ਕੌਰ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਤੋਂ ਬੈਂਕ ਦੇ ਬਾਹਰ ਖੜ੍ਹੀ ਹੈ ਅਤੇ ਤਿੰਨ ਘੰਟਿਆਂ ਬਾਅਦ ਵੀ ਉਸ ਵਾਰੀ ਨਹੀਂ ਆਈ ਹੈ। ਪੰਜਾਬ ਬੈਂਕ ਐਂਪਲਾਈਜ਼ ਫੈਡਰੇਸ਼ਨ ਨੇ ਸਰਕਾਰ ਵੱਲੋਂ ਬੈਂਕਾਂ ਨੂੰ ਨਵੇਂ ਨੋਟ ਨਾ ਮੁਹੱਈਆ ਕਰਾਏ ਜਾਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਅਸਾਮ ‘ਚ ਕੈਸ਼ ਵੈਨ ‘ਤੇ ਹਮਲਾ, ਚਾਲਕ ਹਲਾਕ :
ਗੁਹਾਟੀ/ਪੁਣੇ: ਅਸਾਮ ਵਿੱਚ ਕੈਸ਼ ਲਿਜਾ ਰਹੀ ਵੈਨ ‘ਤੇ ਹੋਏ ਹਮਲੇ ਵਿਚ ਚਾਲਕ ਮਾਰਿਆ ਗਿਆ ਜਦੋਂ ਕਿ ਤਿੰਨ ਹੋਰ ਮੌਤਾਂ ਹੋਈਆਂ ਹਨ। ਬੈਂਕ ਵਿੱਚੋਂ ਪੈਸੇ ਕਢਾ ਕੇ ਆਸਾਮ ਦੇ ਪਨਗੜੀ ਚਾਹ ਦੇ ਬਾਗ ਵੱਲ ਜਾ ਰਹੀ ਵੈਨ ਉਤੇ ਅਣਪਛਾਤੇ ਵਿਅਕਤੀਆਂ ਨੇ ਡਿਗਬੋਈ ਵਿੱਚ ਗੋਲੀਬਾਰੀ ਕੀਤੀ, ਜਿਸ ਵਿਚ ਡਰਾਈਵਰ ਅਭਿਜੀਤ ਪਾਲ ਮੌਕੇ ‘ਤੇ ਮਾਰਿਆ ਗਿਆ ਜਦੋਂ ਕਿ ਵੈਨ ਵਿਚ ਸਵਾਰ ਸੁਰੱਖਿਆ ਕਰਮੀ ਤੇ ਬਾਗ ਕਰਮੀ ਜ਼ਖ਼ਮੀ ਹੋ ਗਏ। ਇਸ ਦੌਰਾਨ ਜ਼ਿਲ੍ਹਾ ਨਾਂਦੇੜ (ਮਹਾਰਾਸ਼ਟਰ) ਵਿੱਚ ਐਸਬੀਆਈ ਦੀ ਤੁਪਾਇਨ ਸ਼ਾਖਾ ਵਿੱਚ ਕਤਾਰ ਵਿੱਚ ਖੜ੍ਹਾ 70 ਸਾਲਾ ਦਿਗਾਂਬਰ ਮਾਰੀਬਾ ਕਾਸਬੇ ਗਸ਼ ਖਾ ਕੇ ਡਿੱਗਿਆ ਤੇ ਉਸ ਦੀ ਮੌਤ ਹੋ ਗਈ। ਪੁਣੇ ਦੇ ਰਾਜਗੁਰੂਨਗਰ ਵਿੱਚ ਐਸਬੀਆਈ ਬੈਂਕ ਦੀ ਸ਼ਾਖਾ ਵਿੱਚ 54 ਸਾਲਾ ਬੈਂਕ ਕਰਮੀ ਤੁਕਾਰਾਮ ਤਾਨਪੁਰੇ ਦੀ ਡਿਊਟੀ ਦੌਰਾਨ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ ਆਪਣੀ ਧੀ ਦੇ ‘ਤਿਲਕ’ ਸਮਾਗਮ ਲਈ ਨਵੇਂ ਨੋਟ ਲੈਣ ਲਈ ਘੰਟਿਆਂਬੱਧੀ ਕਤਾਰ ਵਿੱਚ ਖੜ੍ਹਨ ਬਾਅਦ ਵੀ ਕੁੱਝ ਹੱਥ ਪੱਲੇ ਨਾ ਪੈਣ ਕਾਰਨ 40 ਸਾਲਾ ਸੁਰੇਸ਼ ਸੋਨਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।