ਨਵੰਬਰ-84 ਦੇ ਦਿੱਲੀ ਸਿੱਖ ਕਤਲੇਆਮ ਦੀ ਅਹਿਮ ਗਵਾਹ ਨੂੰ ਧਮਕੀਆਂ

ਨਵੰਬਰ-84 ਦੇ ਦਿੱਲੀ ਸਿੱਖ ਕਤਲੇਆਮ ਦੀ ਅਹਿਮ ਗਵਾਹ ਨੂੰ ਧਮਕੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼ :
ਸੰਨ 1984 ਦੇ ਦਿੱਲੀ ਸਿੱਖ ਕਤਲੇਆਮ ਦੀ ਪ੍ਰਮੁੱਖ ਗਵਾਹ ਨੂੰ ਪਹਿਲਾਂ ਲਾਲਚ ਦੇਣ ਤੇ ਫਿਰ ਡਰਾਉਣ-ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖ਼ਿਲਾਫ਼ ਗਵਾਹ ਚਾਮ ਕੌਰ ਨੂੰ ਗਵਾਹੀ ਨਾ ਦੇਣ ਬਦਲੇ 10 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਗਈ। ਪੇਸ਼ਕਸ਼ ਨਾ ਮੰਨਣ ‘ਤੇ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੰਨ 1984 ‘ਚ ਸੁਲਤਾਨਪੁਰੀ ‘ਚ ਮਾਰੇ ਗਏ 300 ਸਿੱਖਾਂ ਵਿਚੋਂ ਇੱਕ ਮਾਮਲੇ ‘ਚ ਬੀਬੀ ਚਾਮ ਕੌਰ ਦੀ ਪਟਿਆਲਾ ਹਾਊਸ ਕੋਰਟ ‘ਚ ਗਵਾਹੀ ਹੋਣੀ ਹੈ। ਗਵਾਹੀ ਤੋਂ ਪਹਿਲਾਂ ਚਾਮ ਕੌਰ ਦੀ ਜਾਣਕਾਰ ਮਹਿਲਾ ਨੇ ਉਸ ਨੂੰ ਸੁਲਤਾਨਪੁਰੀ ‘ਚ ਕਿਸੇ ਤੋਂ ਉਸ ਦੀ ਪੋਤਰੀ ਦੇ ਵਿਆਹ ਲਈ ਸਹਾਇਤਾ ਦਿਵਾਉਣ ਦੀ ਗੱਲ ਕੀਤੀ। ਜਦੋਂ ਚਾਮ ਕੌਰ ਤਿਲਕ ਵਿਹਾਰ ਤੋਂ ਆਪਣੀ ਲੜਕੀ ਦੇ ਘਰ ਸੁਲਤਾਨਪੁਰੀ ਗਈ ਤਾਂ ਉਕਤ ਮਹਿਲਾ ਨੇ ਚਾਮ ਕੌਰ ਨੂੰ ਪੈਸੇ ਬਦਲੇ ਗਵਾਹੀ ਨਾ ਦੇਣ ਦੀ ਪੇਸ਼ਕਸ਼ ਕੀਤੀ। ਚਾਮ ਕੌਰ ਵੱਲੋਂ ਇਨਕਾਰ ਕਰਨ ਮਗਰੋਂ ਉਸ ਨੇ ਬਾਹਰ ਗੱਡੀ ‘ਚ ਬੈਠੇ ਸੁਲਤਾਨਪੁਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੈ ਕਿਸ਼ਨ ਨਾਲ ਮੁਲਾਕਾਤ ਕਰਨ ਲਈ ਜ਼ੋਰ ਦਿੱਤਾ ਪਰ ਚਾਮ ਕੌਰ ਨੇ ਇਨਕਾਰ ਕਰ ਦਿੱਤਾ। ਚਾਮ ਕੌਰ ਨੂੰ ਧਮਕਾਉਣ ਅਤੇ ਲਾਲਚ ਦੇਣ ਦੀ ਪੇਸ਼ਕਸ਼ ਕਰਨ ਵਾਲੀ ਮਹਿਲਾ ਜੈ ਕਿਸ਼ਨ ਦੀ ਕਥਿਤ ਸਮਰਥਕ ਦੱਸੀ ਜਾਂਦੀ ਹੈ। ਉਸ ਨੇ ਚਾਮ ਕੌਰ ਦੇ ਨਾਲ ਹੀ ਸੰਨ 1984 ਦੀ ਲੜਾਈ ਲੜ ਰਹੇ ਗੁਰਦੁਆਰਾ ਕਮੇਟੀ ਦੇ ਪੈਰੋਕਾਰਾਂ ਸਣੇ ਵਕੀਲਾਂ ਨੂੰ ਵੀ ਵੇਖ ਲੈਣ ਦੀ ਧਮਕੀ ਦਿੱਤੀ ਹੈ।
ਇਸ ਘਟਨਾ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਤ ‘ਚ ਆ ਗਈ ਹੈ। ਕਮੇਟੀ ਵੱਲੋਂ ਪਟਿਆਲਾ ਹਾਊਸ ਕੋਰਟ ‘ਚ ਬੀਬੀ ਚਾਮ ਕੌਰ ਦੀ ਸੁਰੱਖਿਆ ਲਈ ਅਰਜ਼ੀ ਦਾਇਰ ਕੀਤੀ ਗਈ ਹੈ ਪਰ
ਜੱਜ ਦੇ ਛੁੱਟੀ ‘ਤੇ ਹੋਣ ਕਰਕੇ ਚਾਮ ਕੌਰ ਦੀ ਗਵਾਹੀ ਨਹੀਂ ਹੋ ਸਕੀ।
ਇਸ ਬਾਰੇ ਅਦਾਲਤ ਕੰਪਲੈਕਸ ‘ਚ ਮੌਜੂਦ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਜਾਣਕਾਰੀ ਦਿੰਦੇ ਹੋਏ ਸੱਜਣ ਕੁਮਾਰ ਤੇ ਉਸ ਦੇ ਸਾਥੀਆਂ ‘ਤੇ 3 ਗਵਾਹਾਂ ਨੂੰ ਧਮਕਾਉਣ ਦਾ ਦੋਸ਼ ਲਗਾਇਆ। ਸ੍ਰੀ ਜੌਲੀ ਨੇ ਕਿਹਾ ਕਿ ਜੋਗਿੰਦਰ ਸਿੰਘ, ਪੋਪਰੀ ਕੌਰ ਤੋਂ ਬਾਅਦ ਹੁਣ ਚਾਮ ਕੌਰ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ।