ਇਕ ਰੋਜ਼ਾ ਮੈਚ ‘ਚ 6000 ਦੌੜਾਂ ਮੁਕੰਮਲ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਮਿਤਾਲੀ

ਇਕ ਰੋਜ਼ਾ ਮੈਚ ‘ਚ 6000 ਦੌੜਾਂ ਮੁਕੰਮਲ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਮਿਤਾਲੀ

ਬ੍ਰਿਸਟਲ/ਬਿਊਰੋ ਨਿਊਜ਼ :
ਭਾਰਤ ਦੀ ਸਟਾਰ ਬੱਲੇਬਾਜ਼ ਤੇ ਕਪਤਾਨ ਮਿਤਾਲੀ ਰਾਜ ਕੌਮਾਂਤਰੀ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ। ਇਸ ਦੇ ਨਾਲ ਹੀ ਉਹ ਇਕ ਰੋਜ਼ਾ ਕ੍ਰਿਕਟ ਵਿੱਚ 6000 ਦੌੜਾਂ ਮੁਕੰਮਲ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਵੀ ਬਣ ਗਈ ਹੈ। ਉਂਜ ਮਿਤਾਲੀ ਨੇ ਇਹ ਦੋਵੇਂ ਉਪਲਬਧੀਆਂ ਆਈਸੀਸੀ ਮਹਿਲਾ ਵਿਸ਼ਵ ਕੱਪ ਵਿੱਚ ਆਸਟਰੇਲੀਆ ਖ਼ਿਲਾਫ਼ ਲੀਗ ਗੇੜ ਦੇ ਮੁਕਾਬਲੇ ਦੌਰਾਨ ਹਾਸਲ ਕੀਤੀਆਂ। ਮਿਤਾਲੀ ਮੈਚ ਦੌਰਾਨ 34 ਦੌੜਾਂ ਪੂਰਾ ਕਰਦਿਆਂ ਹੀ ਇਕ ਰੋਜ਼ਾ ਵੰਨਗੀ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਲਾ ਕ੍ਰਿਕਟਰ ਬਣ ਗਈ। ਇਸ ਮੈਚ ਵਿੱਚ ਉੁਸ ਨੂੰ 6 ਹਜ਼ਾਰ ਦੌੜਾਂ ਪੂਰੀਆਂ ਕਰਨ ਲਈ 41 ਦੌੜਾਂ ਦੀ ਦਰਕਾਰ ਸੀ ਤੇ ਵਿਸ਼ਵ ਰਿਕਾਰਡ ਬਣਾਉਣ ਤੋਂ ਕੁਝ ਦੇਰ ਬਾਅਦ ਹੀ ਉਸ ਨੇ ਕ੍ਰਿਸਟੀਨ ਬੀਮਸ ਨੂੰ ਛੱਕਾ ਲਾ ਕੇ ਇਹ ਮਾਅਰਕਾ ਵੀ ਮਾਰ ਦਿੱਤਾ।
ਮਿਤਾਲੀ ਨੇ ਇੰਗਲੈਂਡ ਦੀ ਸਾਬਕਾ ਕਪਤਾਨ ਸ਼ਾਰਲੈੱਟ ਐਡਵਰਡਜ਼ ਦੇ ਰਿਕਾਰਡ ਨੂੰ ਮਾਤ ਪਾਈ ਹੈ ਜਿਸ ਨੇ 191 ਮੈਚਾਂ ‘ਚ 5992 ਦੌੜਾਂ ਬਣਾਈਆਂ ਸਨ। ਜੂਨ 1999 ਵਿੱਚ ਆਪਣਾ ਪਲੇਠਾ ਮੈਚ ਖੇਡਣ ਵਾਲੀ ਮੌਜੂਦਾ ਭਾਰਤੀ ਕਪਤਾਨ ਮਿਤਾਲੀ ਦਾ ਇਹ 183ਵਾਂ ਇਕ ਰੋਜ਼ਾ ਮੈਚ ਹੈ। ਇਸ ਤੋਂ ਇਲਾਵਾ ਉਸ ਦੇ ਨਾਂ ਦਸ ਟੈਸਟ ਮੈਚਾਂ ਵਿੱਚ 663 ਅਤੇ 63 ਟੀ-20 ਮੈਚਾਂ ਵਿੱਚ 1708 ਦੌੜਾਂ ਦਰਜ ਹਨ। ਮਿਤਾਲੀ ਦੀ ਇਸ ਉਪਲਬਧੀ ਨਾਲ ਇਕ ਰੋਜ਼ਾ ਕ੍ਰਿਕਟ ਵਿਚ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ਵਿਚ ਭਾਰਤੀ ਖਿਡਾਰੀ ਸਿਖਰ ‘ਤੇ ਹਨ। ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੇ ਨਾਂ ਇਕ ਰੋਜ਼ਾ ਵਿਚ ਸਭ ਤੋਂ ਵੱਧ 189 ਵਿਕਟਾਂ ਲੈਣ ਦਾ ਰਿਕਾਰਡ ਦਰਜ ਹੈ। ਝੂਲਨ ਨੇ ਹਾਲ ਹੀ ਵਿੱਚ ਦੱਖਣੀ ਅਫ਼ਰੀਕਾ ਦੌਰੇ ‘ਤੇ ਆਸਟਰੇਲੀਅਨ ਗੇਂਦਬਾਜ਼ ਕੈਥਰੀਨ ਫਿਟਜ਼ਪੈਟਰਿਕ ਦੇ 180 ਵਿਕਟਾਂ ਦੇ ਰਿਕਾਰਡ ਨੂੰ ਮਾਤ ਪਾਈ ਸੀ।
ਡਾਇਨਾ ਵੱਲੋਂ ਮਿਤਾਲੀ ਦੀ ਤਾਰੀਫ਼ :
ਨਵੀਂ ਦਿੱਲੀ: ਸਾਬਕਾ ਕਪਤਾਨ ਤੇ ਸੀਓਏ ਦੀ ਮੈਂਬਰ ਡਾਇਨਾ ਏਡੁਲਜੀ ਨੇ ਭਾਰਤੀ ਕਪਤਾਨ ਮਿਤਾਲੀ ਰਾਜ ਨੂੰ ਮਹਿਲਾ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣਨ ਲਈ ਵਧਾਈ ਦਿੱਤੀ ਹੈ। ਏਡੁਲਜੀ ਨੇ ਕਿਹਾ, ‘ਇਹ ਦਿਨ ਭਾਰਤੀ ਮਹਿਲਾ ਕ੍ਰਿਕਟ ਲਈ ਕਾਫ਼ੀ ਅਹਿਮ ਹੈ। ਪਹਿਲਾਂ ਝੂਲਨ ਤੇ ਹੁਣ ਮਿਤਾਲੀ ਨੇ ਰਿਕਾਰਡ ਤੋੜਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਸਾਡੀਆਂ ਮਹਿਲਾਵਾਂ ਦੀ ਖੇਡ ਅੱਗੇ ਵੱਧ ਰਹੀ ਹੈ।’