ਵਰ੍ਹਿਆਂ ਬਾਅਦ 4 ਸਾਲ ਲਈ ਰੁਕ ਜਾਵੇਗਾ ‘ਬਿੱਗ ਬੈੱਨ’ ਦਾ ਵਕਤ

ਵਰ੍ਹਿਆਂ ਬਾਅਦ 4 ਸਾਲ ਲਈ ਰੁਕ ਜਾਵੇਗਾ ‘ਬਿੱਗ ਬੈੱਨ’ ਦਾ ਵਕਤ

ਲੰਡਨ/ਬਿਊਰੋ ਨਿਊਜ਼ :
ਦੁਨੀਆ ਦੀ ਮਸ਼ਹੂਰ ‘ਬਿੱਗ ਬੈੱਨ’ ਦੀ ਘੜੀ ਅਗਲੇ ਹਫ਼ਤੇ ਤੋਂ 2021 ਤਕ ‘ਖਾਮੋਸ਼’ ਹੋਣ ਜਾ ਰਹੀ ਹੈ। ਘੜੀ ਦੀ ਆਵਾਜ਼ 21 ਅਗਸਤ ਸੋਮਵਾਰ ਨੂੰ ਦੁਪਹਿਰ ਮੌਕੇ ਆਖ਼ਰੀ ਵਾਰ ਬੋਲੇਗੀ। ਉਸ ਤੋਂ ਬਾਅਦ ਇਹ ਘੜੀ ਸਿਰਫ਼ ਨਵੇਂ ਸਾਲ ਦੀ ਸ਼ਾਮ ਤੇ ਯਾਦਗਾਰੀ ਐਤਵਾਰ ਵਰਗੇ ਰਾਸ਼ਟਰੀ ਮੌਕਿਆਂ ‘ਤੇ ਹੀ ਵੱਜੇਗੀ। ਬਿੱਗ ਬੈੱਨ ਦੀ ਘੜੀ ਦੇ 157 ਸਾਲਾ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਘੜੀ ਏਨਾ ਲੰਮਾਂ ਸਮਾਂ ਚੁੱਪ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਘੜੀ 2007 ਵਿਚ ਬੰਦ ਕੀਤੀ ਗਈ ਸੀ, ਜਦ ਕਿ ਇਸ ਤੋਂ ਪਹਿਲਾਂ 1983 ਅਤੇ 1985 ਵਿਚ ਵੀ ਮੁਰੰਮਤ ਮੌਕੇ ਬੰਦ ਹੋਈ ਸੀ। ਸੰਸਦੀ ਅਧਿਕਾਰੀਆਂ ਅਨੁਸਾਰ ਬਿੱਗ ਬੈੱਨ, ਜਿਸ ਦਾ ਆਮ ਨਾਂਅ ਹੁਣ ‘ਪੈਲੇਸ ਆਫ਼ ਵੈਸਟਮਿਨਸਟਰ ਦ ਐਲਿਜ਼ਾਬੈੱਥ ਟਾਵਰ’ ਰੱਖਿਆ ਗਿਆ ਹੈ, ਦੀ ਮੁਰੰਮਤ ਦਾ ਕੰਮ ਕਰਨ ਕਰਕੇ ਅਜਿਹਾ ਕੀਤਾ ਜਾ ਰਿਹਾ ਹੈ। ਘੜੀ ਦੀ ਦੇਖ ਭਾਲ ਕਰਨ ਵਾਲੇ ਸਟੀਵ ਜੈਗਜ਼ ਨੇ ਕਿਹਾ ਹੈ ਕਿ ਟਾਵਰ ਦੇ ਨਵਿਆਉਣ ਦੇ ਕੰਮ ਵਿਚ ਘੜੀ ਦੀ ਲੰਮਾ ਸਮਾਂ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬਿੱਗ ਬੈੱਨ, ਜਿਸ ਦਾ ਨਾਂਅ ਹੁਣ ਬਦਲ ਕੇ ‘ਐਲਿਜ਼ਾਬੈੱਥ ਟਾਵਰ’ ਕਰ ਦਿੱਤਾ ਗਿਆ ਹੈ, ਦਾ ਭਾਰ 13.7 ਟਨ ਹੈ, ਇਸ ਦੇ ਸਟੈਂਡ ਦੀ ਲੰਬਾਈ 96 ਫੁੱਟ ਹੈ। ਐਲਿਜ਼ਾਬੈੱਥ ਟਾਵਰ ਨੂੰ ਯੂ. ਕੇ. ਵਿਚ ਸਭ ਤੋਂ ਵੱਧ ਤਸਵੀਰਾਂ ਵਿਚ ਦਿਖਾਈ ਦੇਣ ਵਾਲਾ ਟਾਵਰ ਮੰਨਿਆ ਜਾਂਦਾ ਹੈ। ਮੁਰੰਮਤ ਦੌਰਾਨ ਘੜੀ ਉੱਪਰ ਆਰਜ਼ੀ ਤੌਰ ‘ਤੇ ਪਰਦਾ ਪਾਇਆ ਜਾਵੇਗਾ।