ਭਾਰਤ ‘ਚ ਮੋਦੀ ਰਾਜ ਦੇ ਪਹਿਲੇ ਤਿੰਨ ਸਾਲਾਂ ਦੌਰਾਨ ਫਿਰਕੂ ਹਿੰਸਾ ਦੀਆਂ 2920 ਘਟਨਾਵਾਂ ਵਿਚ 389 ਲੋਕਾਂ ਦੀ ਹੋਈ ਮੌਤ

ਭਾਰਤ ‘ਚ ਮੋਦੀ ਰਾਜ ਦੇ ਪਹਿਲੇ ਤਿੰਨ ਸਾਲਾਂ ਦੌਰਾਨ ਫਿਰਕੂ ਹਿੰਸਾ ਦੀਆਂ 2920 ਘਟਨਾਵਾਂ ਵਿਚ 389 ਲੋਕਾਂ ਦੀ ਹੋਈ ਮੌਤ

ਭਾਰਤ ਵਿਚ ਜਦੋਂ ਤੋਂ ਕੇਂਦਰੀ ਸੱਤਾ ਉਤੇ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਘੱਟ ਗਿਣਤੀਆਂ ਤੇ ਦਲਿਤਾਂ ਖਿਲਾਫ ਫਿਰਕੂ ਹਿੰਸਾ ਦਾ ਦੌਰ ਜਾਰੀ ਹੈ। ਸੰਨ 2014 ਤੋਂ ਲੈ ਕੇ ਸੰਨ 2017 ਤਕ ਸੰਪਰਦਾਇਕ ਹਿੰਸਾ ਦੀਆਂ 2920 ਘਟਨਾਵਾਂ ਹੋਈਆਂ, ਜਿਸ ਵਿਚ 389 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਘਟਨਾਵਾਂ ਵਿਚ 8890 ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਵਿਚ ਕਈ ਉਮਰ ਭਰ ਲਈ ਅਪਾਹਿਜ ਹੋ ਗਏ। ਇਹ ਜਾਣਕਾਰੀ ਖੁਦ ਕੇਂਦਰ ਸਰਕਾਰ ਨੇ ਰਾਜ ਸਭਾ ਵਿਚ ਦਿੱਤੀ ਹੈ। ਦੱਸਿਆ ਗਿਆ ਹੈ ਕਿ ਸਾਲ 2017 ਵਿਚ ਦੇਸ਼ ਵਿਚ ਸੰਪਰਦਾਇਕ ਹਿੰਸਾ ਦੀਆਂ 822 ਘਟਨਾਵਾਂ ਹੋਈਆਂ, ਜਿਨ੍ਹਾਂ ਵਿਚ 111 ਲੋਕਾਂ ਦੀ ਮੌਤ ਹੋ ਗਈ।  ਗ੍ਰਹਿ ਰਾਜ ਮੰਤਰੀ ਹੰਸਾਰਾਜ ਗੰਗਾਰਾਮ ਅਹੀਰ ਨੇ ਰਾਜ ਸਭਾ ਨੂੰ ਦੱਸਿਆ ਕਿ ਸਾਲ 2016 ਵਿਚ ਸੰਪਰਦਾਇਕ ਹਿੰਸਾ ਦੀਆਂ 703 ਘਟਨਾਵਾਂ ਹੋਈਆਂ, ਜਿਨ੍ਹਾਂ ਵਿਚ 86 ਲੋਕਾਂ ਦੀ ਜਾਨ ਗਈ। ਉਥੇ ਸੰਨ 2015 ਵਿਚ ਸੰਪਰਦਾਇਕ ਹਿੰਸਾ ਦੀਆਂ 751 ਘਟਨਾਵਾਂ ਵਿਚ 97 ਲੋਕਾਂ ਨੇ ਅਪਣੀ ਜਾਨ ਤੋਂ ਹੱਥ ਧੋਣੇ ਪÂ ੇਅਤੇ ਸਾਲ 2015 ਤੋਂ ਪਹਿਲਾਂ ਦੇ ਅੰਕੜਿਆਂ ਨੂੰ ਦੇਖੀਏ ਤਾਂ 2014 ਤੋਂ ਲੈ ਕੇ 2017 ਤਕ ਵਿਚ ਸੰਪਰਦਾਇਕ ਹਿੰਸਾ ਦੀਆਂ 2920 ਘਟਨਾਵਾਂ ਹੋਈਆਂ, ਜਿਸ ਵਿਚ 389 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਵਿਚ 8890 ਲੋਕ ਜ਼ਖ਼ਮੀ ਹੋਏ।
ਇਕ ਸਵਾਲ ਦੇ ਲਿਖਤੀ ਜਵਾਬ ਵਿਚ ਅਹੀਰ ਨੇ ਇਹ ਵੀ ਮੰਨਿਆ ਕਿ ਕਾਨੂੰਨ ਵਿਵਸਥਾ, ਸ਼ਾਂਤੀ ਅਤੇ ਸੰਪਰਦਾਇਕ ਸਦਭਾਵਨਾ ਬਣਾਏ ਰੱਖਣ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ। ਸੰਨ 2014 ਤੋਂ ਲੈ ਕੇ ਹੁਣ ਤਕ ਦੇ ਅੰਕੜਿਆਂ ਨੂੰ ਦੇਖੀਏ ਤਾਂ ਸੰਪਰਦਾਇਕ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਜਿੱਥੇ ਇਕ ਪਾਸੇ 2014 ਵਿਚ ਸੰਪਰਦਾਇਕ ਹਿੰਸਾ ਦੀਆਂ 644 ਘਟਨਾਵਾਂ ਹੋਈਆਂ ਸਨ, ਉਥੇ ਸਾਲ 2017 ਵਿਚ ਸਭ ਤੋਂ ਜ਼ਿਆਦਾ 822 ਸੰਪਰਦਾਇਕ ਹਿੰਸਾ ਦੇ ਮਾਮਲੇ ਸਾਹਮਣੇ ਆਏ। ਇਸ ਵਿਚ ਸਭ ਤੋਂ ਜ਼ਿਆਦਾ ਘਟਨਾਵਾਂ ਉਤਰ ਪ੍ਰਦੇਸ਼ ਤੋਂ ਆਈਆਂ ਹਨ, ਜਿਥੇ ਭਾਜਪਾ ਦਾ ਕੱਟੜ ਹਿੰਦੂ ਚਿਹਰਾ ਆਦਿਤਿਆ ਨਾਥ ਯੋਗੀ ਰਾਜ ਕਰਦਾ ਹੈ। ਸਾਲ 2017 ਵਿਚ ਯੂਪੀ ਵਿਚ 195 ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਹੋਈਆਂ, ਜਿਸ ਵਿਚ 44 ਲੋਕਾਂ ਦੀ ਮੌਤ ਹੋ ਗਈ ਅਤੇ 542 ਲੋਕ ਜ਼ਖ਼ਮੀ ਹੋ ਗਏ। ਦੂਜੇ ਨੰਬਰ ‘ਤੇ ਕਰਨਾਟਕ ਹੈ। ਕਰਨਾਟਕ ਵਿਚ ਇਸ ਤਰ੍ਹਾਂ ਦੀਆਂ 100 ਘਟਨਾਵਾਂ ਹੋਈਆਂ, ਜਿਸ ਵਿਚ 9 ਲੋਕਾਂ ਦੀ ਮੌਤ ਹੋਈ ਅਤੇ 229 ਲੋਕ ਜ਼ਖਮੀ ਹੋ ਗਏ।
ਉਤਰ ਪ੍ਰਦੇਸ਼ ਵਿਚ ਸੰਨ 2014 ਤੋਂ ਲੈ ਕੇ ਸੰਨ 2017 ਤਕ ਇਸ ਤਰ੍ਹਾਂ ਦੀਆਂ 645 ਘਟਨਾਵਾਂ ਹੋਈਆਂ, ਜਿਸ ਵਿਚ 121 ਲੋਕ ਮਾਰੇ ਗਏ। ਸੰਪਰਦਾਇਕ ਹਿੰਸਾ ਵਿਚ ਮਾਰੇ ਗਏ ਲੋਕਾਂ ਵਿਚੋਂ ਲਗਭਗ 32 ਫ਼ੀਸਦੀ ਲੋਕ ਉਤਰ ਪ੍ਰਦੇਸ਼ ਤੋਂ ਹਨ। ਉਥੇ ਬਿਹਾਰ ਵਿਚ ਵੀ ਪਿਛਲੇ ਸਾਲ 85 ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਹੋਈਆਂ। ਇਸ ਵਿਚ ਤਿੰਨ ਲੋਕ ਮਾਰੇ ਗਏ ਅਤੇ 321 ਲੋਕ ਜ਼ਖਮੀ ਹੋ ਗਏ। ਰਾਜਸਥਾਨ ਵਿਚ ਹੋਈਆਂ 91 ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਵਿਚ 12 ਲੋਕ ਮਾਰੇ ਗਏ ਅਤੇ 175 ਲੋਕ ਜ਼ਖ਼ਮੀ ਹੋਏ। ਪੱਛਮ ਬੰਗਾਲ ਵਿਚ ਵੀ ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ, ਜਿੱਥੇ ਸੰਨ 2016 ਵਿਚ ਪੱਛਮੀ ਬੰਗਾਲ ਵਿਚ ਇਸ ਤਰ੍ਹਾਂ ਦੀਆਂ 32 ਘਟਨਾਵਾਂ ਹੋਈਆਂ, ਉਥੇ ਸੰਨ 2017 ਵਿਚ 58 ਸੰਪਰਦਾਇਕ ਹਿੰਸਾ ਦੇ ਮਾਮਲੇ ਸਾਹਮਣੇ ਆਏ।ਇਸ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਅਤੇ 230 ਲੋਕ ਜ਼ਖ਼ਮੀ ਹੋ ਗਏ। ਬਿਹਾਰ, ਗੁਜਰਾਤ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਵਰਗੇ ਰਾਜਾਂ ਵਿਚ ਜ਼ਿਆਦਾਤਰ ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਹੋਈਆਂ।