ਮਨਪ੍ਰੀਤ ਬਾਦਲ ਦਾ ਦੋ ਟੁਕ ਜਵਾਬ-ਕਿਸਾਨ 2 ਲੱਖ ਤੋਂ ਵੱਧ ਕਰਜ਼ਾ ਮੁਆਫ਼ੀ ਦੀ ਉਮੀਦ ਨਾ ਰੱਖਣ

ਮਨਪ੍ਰੀਤ ਬਾਦਲ ਦਾ ਦੋ ਟੁਕ ਜਵਾਬ-ਕਿਸਾਨ 2 ਲੱਖ ਤੋਂ ਵੱਧ ਕਰਜ਼ਾ ਮੁਆਫ਼ੀ ਦੀ ਉਮੀਦ ਨਾ ਰੱਖਣ

ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਰੋਪੜ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਮੱਕੀ ਦਾ ਘੱਟੋ-ਘੱਟ ਭਾਅ ਦੇਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਝੋਨੇ ਹੇਠ ਰਕਬਾ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਹੀ ਮੁਆਫ਼ ਕੀਤਾ ਜਾਵੇਗਾ ਤੇ ਕਿਸਾਨ ਇਸ ਤੋਂ ਵੱਧ ਆਸ ਨਾ ਰੱਖਣ।
ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਹੈਸੀਅਤ ਤੋਂ ਵਧ ਕੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਰਹੀ ਹੈ ਤੇ ਇਸ ਬਾਬਤ ਸਰਕਾਰ ਖ਼ੁਦ ਕਰਜ਼ਾ ਲੈ ਰਹੀ ਹੈ, ਇਸ ਲਈ ਕਿਸਾਨ ਹੋਰ ਕਰਜ਼ਾ ਮੁਆਫ਼ੀ ਦੀ ਉਮੀਦ ਨਾ ਕਰਨ। ਉਨ੍ਹਾਂ ਕਿਹਾ ਕਿ ਫ਼ਸਲੀ ਚੱਕਰ ਬਦਲਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਇਸ ਤਹਿਤ ਝੋਨੇ ਹੇਠ ਰਕਬਾ ਘਟਾ ਕੇ ਮੱਕੀ ਤੇ ਹੋਰ ਫ਼ਸਲਾਂ ਹੇਠ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਕਿਸਾਨਾਂ ਲਈ ਮੱਕੀ ਦਾ ਘੱਟੋ-ਘੱਟ ਭਾਅ ਤੈਅ ਕਰਨ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਅਗਲੀ ਵਾਰ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੇਲੇ ਸਿਰ ਦੇਣ ਲਈ ਮਾਮਲਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਉਠਾਇਆ ਗਿਆ ਹੈ। ਇਸ ਵਾਰ ਜੀਐਸਟੀ ਪ੍ਰਣਾਲੀ ਕਾਰਨ ਸਾਰੇ ਸੂਬਿਆਂ ਨੂੰ ਤਨਖ਼ਾਹਾਂ ਦੀ ਮੁਸ਼ਕਲ ਆਈ ਹੈ।
‘31000 ਕਰੋੜ ਦੇ ਕਰਜ਼ੇ ਬਾਰੇ ਫ਼ੈਸਲਾ ਛੇਤੀ ਹੋਣ ਦੀ ਉਮੀਦ’  
ਵਿੱਤ ਮੰਤਰੀ ਨੇ ਕਿਹਾ ਕਿ ਅਨਾਜ ਦੇ 31000 ਕਰੋੜ ਰੁਪਏ ਦੇ ਕਰਜ਼ੇ ਦਾ ਮਾਮਲਾ ਕੇਂਦਰ ਸਰਕਾਰ ਕੋਲ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਹੈ ਤੇ ਕੇਂਦਰ ਸਰਕਾਰ ਇਸ ਮਾਮਲੇ ਨੂੰ ਮੁੜ ਖੋਲ੍ਹਣ ਲਈ ਤਿਆਰ ਹੋ ਗਈ ਹੈ। ਇਸ ਰਕਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਇਕ ਹਿੱਸਾ ਰਾਜ ਸਰਕਾਰ, ਇੱਕ ਹਿੱਸਾ ਕੇਂਦਰ ਤੇ ਇੱਕ ਹਿੱਸਾ ਕਰਜ਼ਾ ਬੈਂਕ ਸਹਿਣ ਕਰਨਗੇ। ਪੰਜਾਬ ਸਰਕਾਰ ਨੂੰ ਆਸ ਹੈ ਕਿ ਇਸ ਸਬੰਧੀ ਕੇਂਦਰ ਸਰਕਾਰ ਛੇਤੀ ਫ਼ੈਸਲਾ ਕਰੇਗੀ, ਨਹੀਂ ਤਾਂ ਅਦਾਲਤ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ।