ਸੈਕਰਾਮੈਂਟੋ ‘ਚ ਸਿਮਰਨਜੀਤ ਸਿੰਘ ਦੇ ਕਤਲ ਦੇ ਮਾਮਲੇ ‘ਚ 2 ਭਗੌੜੇ ਮੈਕਸੀਕੋ ਤੋਂ ਗ੍ਰਿਫ਼ਤਾਰ

ਸੈਕਰਾਮੈਂਟੋ ‘ਚ ਸਿਮਰਨਜੀਤ ਸਿੰਘ ਦੇ ਕਤਲ ਦੇ ਮਾਮਲੇ ‘ਚ 2 ਭਗੌੜੇ ਮੈਕਸੀਕੋ ਤੋਂ ਗ੍ਰਿਫ਼ਤਾਰ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ :
ਸੈਕਰਾਮੈਂਟੋ ਗੈਸ ਸਟੇਸ਼ਨ ‘ਤੇ ਬੀਤੀ 25 ਜੁਲਾਈ ਨੂੰ ਗੋਲੀ ਮਾਰ ਕੇ ਕਤਲ ਕੀਤੇ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਦੇ ਮਾਮਲੇ ‘ਚ 2 ਭਗੌੜਿਆਂ ਨੂੰ ਮੈਕਸੀਕੋ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਉੱਪਰ ਕਤਲ ਦੇ ਦੋਸ਼ ਲਗਾਏ ਗਏ ਹਨ। 24 ਸਾਲਾ ਰੋਡੋਲਫੋ ਜ਼ਵਾਲਾ ਅਤੇ ਨਾਬਾਲਗ ਰਮੋਨ ਜ਼ਵਾਲਾ ਇਸ ਵੇਲੇ ਅਮਰੀਕਾ ਦੀ ਹਿਰਾਸਤ ਵਿਚ ਹਨ। ਇਨ੍ਹਾਂ ਦੋਵਾਂ ‘ਤੇ ਸ਼ੱਕੀ ਲਾਇਸੈਂਸ ਨਾਲ ਡਰਾਈਵਿੰਗ ਕਰਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵੀ ਲਗਾਏ ਗਏ ਹਨ। ਕਤਲ ਦੇ ਇਸ ਮਾਮਲੇ ਵਿਚ ਇਨ੍ਹਾਂ ਦਾ ਤੀਜਾ ਸਾਥੀ ਅਲੈਕਜ਼ੈਡਰ ਲੋਪੇਜ਼ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੀ 25 ਜੁਲਾਈ ਨੂੰ ਪੰਜਾਬ ਦੇ ਮੋਹਾਲੀ ਦੇ ਰਹਿਣ ਵਾਲੇ ਸਿਮਰਜੀਤ ਸਿੰਘ ਨੂੰ ਸੈਕਰਾਮੈਂਟੋ ਗੈਸ ਸਟੇਸ਼ਨ ਦੀ ਪਾਰਕਿੰਗ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿਮਰਜੀਤ ਸਿੰਘ ਇਸੇ ਗੈਸ ਸਟੇਸ਼ਨ ‘ਤੇ ਕੰਮ ਕਰਦਾ ਸੀ ਅਤੇ ਉਸ ਦੀ ਛਾਤੀ ਵਿਚ ਚਾਰ ਗੋਲੀਆਂ ਮਾਰੀਆਂ ਗਈਆਂ ਸਨ। ਉਕਤ ਤਿੰਨਾਂ ਜਣਿਆਂ ਦੀ ਗੈਸ ਸਟੇਸ਼ਨ ਦੇ ਇਕ ਹੋਰ ਵਰਕਰ ਨਾਲ ਬਹਿਸ ਹੋ ਗਈ ਸੀ ਤੇ ਉਹ ਵਰਕਰ ਪੁਲੀਸ ਨੂੰ ਬੁਲਾਉਣ ਲਈ 911 ਕਾਲ ਕਰਨ ਲਈ ਅੰਦਰ ਗਿਆ ਸੀ। ਸਿਮਰਜੀਤ ਸਿੰਘ ਉਸ ਵੇਲੇ ਪਾਰਕਿੰਗ ਵਿਚ ਪਏ ਕੂੜੇ ਦੇ ਡੱਬੇ ਵਿਚ ਖਾਲੀ ਬਾਕਸ ਸੁੱਟਣ ਜਾ ਰਿਹਾ ਸੀ ਕਿ ਉਕਤ ਤਿੰਨਾਂ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਲੋਪੇਜ਼ ਨੂੰ ਤਾਂ ਘਟਨਾ ਤੋਂ ਦੂਜੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਸੀ। ਉਕਤ ਦੋਵੇਂ ਮੈਕਸੀਕੋ ਭੱਜ ਗਏ ਸਨ, ਜਿਨ੍ਹਾਂ ਨੂੰ ਫੜਣ ਲਈ ਸੈਕਰਾਮੈਂਟੋ ਦੀ ਪੁਲੀਸ ਨੇ ਐਫ.ਬੀ.ਆਈ. ਅਤੇ ਮੈਕਸੀਕੋ ਦੀ ਸਰਕਾਰ ਨਾਲ ਮਿਲ ਕੇ ਕੰਮ ਕੀਤਾ। ਇਨ੍ਹਾਂ ਨੂੰ ਫੜਣ ਵਿਚ ਕਾਮਯਾਬ ਹੋਈ। ਸੈਕਰਾਮੈਂਟੋ ਪੁਲੀਸ ਵਿਭਾਗ ਦੇ ਮੁਖੀ ਸਾਰਜੈਂਟ ਟੋਨੀ ਟਰਨਬੁਲ ਨੇ ਦੱਸਿਆ ਇਸ ਮਾਮਲੇ ਵਿਚ ਨਫ਼ਰਤੀ ਹਿੰਸਾ ਦਾ ਕੋਈ ਸੰਕੇਤ ਨਹੀਂ ਹੈ।