ਕਾਮਾਗਾਟਾ ਮਾਰੂ : ਸਿੱਖਾਂ ਨੂੰ 103 ਸਾਲ ਮਗਰੋਂ ਅਕਾਲ ਤਖ਼ਤ ਸਾਹਿਬ ਤੋਂ ਮਿਲਿਆ ਸ਼ਹੀਦ ਦਾ ਦਰਜਾ

ਕਾਮਾਗਾਟਾ ਮਾਰੂ : ਸਿੱਖਾਂ ਨੂੰ 103 ਸਾਲ ਮਗਰੋਂ ਅਕਾਲ ਤਖ਼ਤ ਸਾਹਿਬ ਤੋਂ ਮਿਲਿਆ ਸ਼ਹੀਦ ਦਾ ਦਰਜਾ

ਕਈ ਵਰ੍ਹਿਆਂ ਤੋਂ ਇਸ ਮੁੱਦੇ ‘ਤੇ ਛਿੜੀ ਬਹਿਸ ਤੇ ਦੇਸ਼-ਵਿਦੇਸ਼ ਵਿਚ ਵਸੇ ਸਿੱਖਾਂ ਦੀ ਮੰਗ ‘ਤੇ ਲਿਆ ਇਹ ਫ਼ੈਸਲਾ
ਅੰਮ੍ਰਿਤਸਰ/ਬਿਊਰੋ ਨਿਊਜ਼ :
1914 ਵਿਚ ਕੋਲਕਾਤਾ ਦੇ ਬਜਬਜ ਘਾਟ ‘ਤੇ ਕਾਮਾਗਾਟਾ ਮਾਰੂ ਜਹਾਜ਼ ‘ਤੇ ਸਵਾਰ ਜਿਨ੍ਹਾਂ ਹਿੰਦੂ-ਸਿੱਖ ਤੇ ਮੁਸਲਮਾਨ ਭਾਰਤੀਆਂ ਨੂੰ ਬਰਤਾਨਵੀ ਹਕੂਮਤ ਨੇ ਉਤਰਣ ਤੋਂ ਪਹਿਲਾਂ ਗੋਲੀਆਂ ਨਾਲ ਭੁੰਨ ਦਿੱਤਾ ਸੀ, ਉਨ੍ਹਾਂ ਵਿਚ ਸ਼ਾਮਲ ਸਿੱਖਾਂ ਨੂੰ 103 ਸਾਲ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਦਾ ਦਰਜਾ ਮਿਲ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਇਹ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਸਿੰਘ ਸਾਹਿਬ ਨੇ ਕਿਹਾ ਕਿ ਉਹ ਗੁਰੂ ਦੇ ਸਿੱਖ ਸਨ ਤੇ ਉਨ੍ਹਾਂ ਨੇ ਦੇਸ਼ ਅਤੇ ਕੌਮ ਲਈ ਸ਼ਹਾਦਤ ਦਿੱਤੀ ਸੀ, ਪਰ ਉਸ ਦੌਰਾਨ ਉਨ੍ਹਾਂ ਨੂੰ ਕਿਸੇ ਕਾਰਨਾਂ ਕਰਕੇ ਸ਼ਹੀਦ ਨਹੀਂ ਮੰਨਿਆ ਗਿਆ ਸੀ। ਪਰ ਪਿਛਲੇ ਕਈ ਵਰ੍ਹਿਆਂ ਤੋਂ ਇਸ ਮੁੱਦੇ ‘ਤੇ ਛਿੜੀ ਬਹਿਸ ਅਤੇ ਦੇਸ਼-ਵਿਦੇਸ਼ ਵਿਚ ਵਸੇ ਸਿੱਖਾਂ ਦੀ ਮੰਗ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਵੇਲੇ ਦੇ ਜਥੇਦਾਰ ਅਰੂੜ ਸਿੰਘ ਨੇ ਬਰਤਾਨਵੀ ਹਕੂਮਤ ਦੇ ਦਬਾਅ ਵਿਚ ਲਿਖ ਕੇ ਦਿੱਤਾ ਸੀ ਕਿ ਮਾਰੇ ਜਾਣ ਵਾਲੇ ਸਿੱਖ ਨਹੀਂ ਸਨ। ਇਸ ਘਟਨਾ ਵਿਚ 376 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਸਨ।
ਇਤਿਹਾਸਕ ਸੰਦਰਭ ਮੁਤਾਬਕ ਕਾਮਾਗਾਟਾ ਮਾਰੂ ਭਾਫ਼ ਨਾਲ ਚੱਲਣ ਵਾਲਾ ਸਮੁੰਦਰੀ ਜਹਾਜ਼ ਸੀ, ਜਿਸ ਨੂੰ ਹਾਂਗਕਾਂਗ ਵਿਚ ਰਹਿਣ ਵਾਲੇ ਬਾਬਾ ਗੁਰਦਿੱਤ ਸਿੰਘ ਨੇ ਖ਼ਰੀਦੀਆ ਸੀ। ਜਹਾਜ਼ ਵਿਚ ਪੰਜਾਬ ਦੇ 376 ਲੋਕਾਂ ਨੂੰ ਬੈਠਾ ਕੇ ਬਾਬਾ ਗੁਰਦਿੱਤ ਸਿੰਘ 4 ਮਾਰਚ 1914 ਨੂੰ ਵੈਨਕੁਵਰ (ਕੈਨੇਡਾ) ਲਈ ਰਵਾਨਾ ਹੋਏ। 23 ਮਈ ਨੂੰ ਉਥੇ ਪੁੱਜੇ ਪਰ, ਅੰਗਰੇਜ਼ਾਂ ਨੇ ਸਿਰਫ਼ 24 ਜਣਿਆਂ ਨੂੰ ਉਤਾਰਿਆ ਅਤੇ ਬਾਕੀ ਨੂੰ ਜ਼ਬਰਦਸਤੀ ਵਾਪਸ ਭੇਜ ਦਿੱਤਾ। ਜਹਾਜ਼ ਕੋਲਕਾਤਾ ਦੇ ਬਜਬਜ ਘਾਟ ‘ਤੇ ਪਹੁੰਚਿਆ ਤਾਂ 27 ਸਤੰਬਰ 1914 ਨੂੰ ਅੰਗਰੇਜ਼ਾਂ ਨੇ ਗੋਲੀਬਾਰੀ ਕਰ ਦਿੱਤੀ। ਇਸ ਵਿਚ 19 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨੇ ਆਜ਼ਾਦੀ ਦੀ ਲਹਿਰ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਇਹ ਘਟਨਾ ਉਨ੍ਹਾਂ ਅਨੇਕਾ ਘਟਨਾਵਾਂ ਵਿਚੋਂ ਕਿ ਸੀ ਜਿਨ੍ਹਾਂ ਵਿਚ 20ਵੀਂ ਸ਼ਤਾਬਦੀ ਦੇ ਸ਼ੁਰੂਆਤੀ ਦਿਨਾਂ ਵਿਚ ਏਸ਼ੀਆ ਦੇ ਪਰਵਾਸੀਆਂ ਨੂੰ ਕੈਨੇਡਾ ਤੇ ਅਮਰੀਕਾ ਵਿਚ ਦਾਖ਼ਲੇ ਦੀ ਆਗਿਆ ਨਹੀਂ ਸੀ।
ਜ਼ਿਕਰਯੋਗ ਹੈ ਕਿ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਤੇ ਵਿਦੇਸ਼ਾਂ ਵਿਚ ਵਸੇ ਸਿੱਖਾਂ ਦੇ ਦਬਾਅ ਅਤੇ ਮੰਗ ‘ਤੇ ਘਟਨਾ ਦੇ 100 ਸਾਲ ਪੂਰੇ ਹੋਣ ‘ਤੇ ਉਥੋਂ ਦੀ ਸਰਕਾਰ ਨੇ ਮੁਆਫ਼ੀ ਮੰਗੀ ਸੀ ਤੇ ਭਾਰਤ ਸਰਕਾਰ ਨੇ ਉਨ੍ਹਾਂ ਸ਼ਹੀਦਾਂ ਦੇ ਨਾਂ ‘ਤੇ 100 ਰੁਪਏ ਦਾ ਸਿੱਕਾ ਜਾਰੀ ਕਰਕੇ ਉਨ੍ਹਾਂ ਪ੍ਰਤੀ ਸਨਮਾਨ ਜ਼ਾਹਰ ਕੀਤਾ ਸੀ। ਫਾਉਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਸ਼ਹੀਦ ਸਿੱਖਾਂ ਦੀ ਲੜਾਈ ਲੰਬੇ ਸਮੇਂ ਤੋਂ ਲੜ ਰਹੇ ਹਨ ਤੇ 3 ਮਹੀਨੇ ਪਹਿਲਾਂ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਨਾਲ ਰਾਬਤਾ ਕਾਇਮ ਕਰਦਿਆਂ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਤਖ਼ਤ ਸ਼੍ਰੀ ਨੇ ਪ੍ਰਵਾਨ ਕਰ ਲਿਆ ਹੈ।

ਪਾਕਿ ‘ਚ ਨਹੀਂ ਛਾਪੇ ਜਾਣਗੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ :
ਲੰਬੇ ਸਮੇਂ ਤੋਂ ਆਪਣੇ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਨੂੰ ਲੈ ਕੇ ਅੜੇ ਪਾਕਿਸਤਾਨ ਨੇ ਇਹ ਵਿਚਾਰ ਛੱਡ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਹੁਣ ਇਸ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ-ਨਿਰਦੇਸ਼ਾਂ ‘ਤੇ ਅਮਲ ਕਰੇਗਾ। ਇਹ ਫ਼ੈਸਲਾ ਲਾਹੌਰ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਏਕਯੂ ਟਰੱਸਟ ਪ੍ਰਾਪਰਟੀ ਬੋਰਡ ਦੀ ਮੀਟਿੰਗ ਵਿਚ ਲਿਆ ਗਿਆ ਹੈ।
ਵਿਸਾਖੀ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਸੱਦੀ ਗਈ ਇਸ ਮੀਟਿੰਗ ਵਿਚ ਕਮੇਟੀ ਪ੍ਰਧਾਨ ਤਾਰਾ ਸਿੰਘ, ਸਕੱਤਰ ਗੋਪਾਲ ਸਿੰਘ ਚਾਵਲਾ, ਬੋਰਡ ਦੇ ਚੇਅਰਮੈਨ ਫਾਰੂਕ ਉਲ ਸਿੱਦੀਕੀ ਸ਼ਾਮਲ ਹੋਏ। ਫਾਰੂਕ ਨੇ ਮੀਟਿੰਗ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ 2016 ਵਿਚ ਗੁਰੂਧਾਮਾਂ ਵਿਚ ਪ੍ਰਕਾਸ਼ ਲਈ ਪਾਵਨ ਸਰੂਪਾਂ ਦੀ ਛਪਾਈ ਦਾ ਵਿਚਾਰ ਬਣਾਇਆ ਗਿਆ ਸੀ ਅਤੇ ਨੋਟੀਫਿਕੇਸ਼ਨ ਤਕ ਜਾਰੀ ਹੋ ਗਿਆ ਸੀ। ਇਸ ਲਈ ਮਸ਼ੀਨਰੀ ਵੀ ਖਰੀਦਣੀ ਲਗਭਗ ਤੈਅ ਹੋ ਗਈ ਸੀ। ਪਰ ਮਰਿਆਦਾ ਦੇ ਮੱਦੇਨਜ਼ਰ ਇਸ ਵਿਚਾਰ ਨੂੰ ਤਿਆਗ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਹਾਲ ਇਹ ਲੋਕ ਇਸ ਮੁੱਦੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ-ਨਿਰਦੇਸ਼ਾਂ ਦਾ ਪਾਲਣ ਕਰਨਗੇ।

ਸੰਗਤ ਨੂੰ ਨਹੀਂ ਮਿਲੇਗਾ ਕਰਤਾਰਪੁਰ ਖੂਹ ਦਾ ਪਾਣੀ :
ਮੀਟਿੰਗ ਵਿਚ ਇਹ ਫੈਸਲਾ ਵੀ ਲਿਆ ਗਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਵਨ ਧਰਤੀ ਕਰਤਾਰਪੁਰ ਸਾਹਿਬ ਦੇ ਖੂਹ ਦਾ ਪਾਣੀ ਸੰਗਤ ਨੂੰ ਨਹੀਂ ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਵੀ ਪਾਕਿਸਤਾਨ ਨੇ ਪ੍ਰੋਜੈਕਟ ਤਿਆਰ ਕੀਤਾ ਸੀ ਅਤੇ ਉਸ ਤਹਿਤ ਇਸ ਨੂੰ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਮੁਹੱਈਆ ਕਰਵਾਇਆ ਜਾਣਾ ਸੀ, ਪਰ ਇਸ ਨੂੰ ਵੀ ਹੁਣ ਰੋਕ ਦਿੱਤਾ ਗਿਆ ਹੈ। ਸਿੱਦੀਕੀ ਨੇ ਦੱਸਿਆ ਕਿ 13 ਅਪ੍ਰੈਲ ਨੂੰ ਵਿਸਾਖੀ ਮਨਾਉਣ ਵਾਲੇ ਦੁਨੀਆ ਭਰ ਦੀ ਸਿੱਖ ਸੰਗਤ ਲਈ ਤਿਆਰੀਆਂ ਤਕਰੀਬਨ ਮੁਕੰਮਲ ਹੋ ਗਈਆਂ ਹਨ। ਭਾਰਤ ਸੰਗਤ ਲਈ ਏ.ਸੀ. ਬੱਸਾਂ ਤੇ ਕਾਰਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਹਰਿਆਣਾ ਕਮੇਟੀ ਪ੍ਰਧਾਨ ਝੀਂਡਾ ਅਕਾਲ ਤਖ਼ਤ ਤੋਂ ਤਨਖਾਹੀਆ ਕਰਾਰ
ਝੀਂਡਾ ਦੀ ਪੰਥ ਵਿਚ ਵਾਪਸੀ ਦਾ ਰਾਹ ਹੋਇਆ ਸਾਫ਼
ਦੀਦਾਰ ਸਿੰਘ ਨਲਵੀ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਚੱਠਾ ਨਹੀਂ ਪਹੁੰਚੇ
ਅੰਮ੍ਰਿਤਸਰ/ਬਿਊਰੋ ਨਿਊਜ਼ :
ਹਰਿਆਣਾ ਵਿਖੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕਰਕੇ ਸਿੱਖ ਪੰਥ ਵਿਚ ਦੁਫੇੜ ਪਾਉਣ ਅਤੇ ਗੁਰੂ ਘਰਾਂ ਦੀ ਬੇਅਦਬੀ ਦੇ ਦੋਸ਼ ਹੇਠ ਪੰਥ ਵਿਚੋਂ ਛੇਕੇ ਗਏ ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਖਿਮਾ ਯਾਚਨਾ ਕੀਤੀ। ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਸ੍ਰੀ ਝੀਂਡਾ ਖਿਲਾਫ ਤਨਖਾਹ ਦਾ ਐਲਾਨ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ 16 ਜੁਲਾਈ 2014 ਨੂੰ ਸ੍ਰੀ ਅਕਾਲ ਤਖ਼ਤ ਤੋਂ ਇੱਕ ਹੁਕਮਨਾਮਾ ਜਾਰੀ ਕਰਕੇ ਜਗਦੀਸ਼ ਸਿੰਘ ਝੀਂਡਾ ਕੋਲੋਂ ਸਿੱਖੀ ਦੇ ਸਾਰੇ ਹੱਕ ਹਕੂਕ ਖੋਹ ਲਏ ਗਏ ਸਨ।
ਜ਼ਿਕਰਯੋਗ ਹੈ ਕਿ ਝੀਂਡਾ ਅਤੇ ਉਨ੍ਹਾਂ ਦੇ ਸਾਥੀਆਂ ਦੀਦਾਰ ਸਿੰਘ ਨਲਵੀ ਤੇ ਸਾਬਕਾ ਮੰਤਰੀ ਹਰਿਮੰਦਰ ਸਿੰਘ ਚੱਠਾ ‘ਤੇ ਹਰਿਆਣਾ ਦੇ ਗੁਰਦੁਆਰਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਗੁੰਡਾਗਰਦੀ ਕਰਨ ਦੇ ਦੋਸ਼ ਲੱਗੇ ਸਨ ਤੇ ਉਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ ਸਨ। ਇਸ ਤੋਂ ਬਾਅਦ 16 ਜੁਲਾਈ 2016 ਨੂੰ ਇਨ੍ਹਾਂ ਨੂੰ ਪੰਥ ਵਿਚ ਛੇਕ ਦਿੱਤਾ ਗਿਆ ਸੀ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਝੀਂਡਾ ਨੇ ਆਪਣੀ ਗਲਤੀ ਮੰਨਦੇ ਹੋਏ ਮੁੜ ਪੰਥ ਵਿਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ। ਹੁਣ ਉਨ੍ਹਾਂ ਨੇ ਲਿਖਤੀ ਰੂਪ ਵਿੱਚ ਆਪਣਾ ਸਪਸ਼ਟੀਕਰਨ ਦਿੱਤਾ ਹੈ ਜੋ ਅਕਾਲ ਤਖ਼ਤ ਨੂੰ ਸਮਰਪਿਤ ਹੋਣ ਦੀ ਭਾਵਨਾ ਹੈ। ਉਨ੍ਹਾਂ ਵੱਲੋਂ ਦਿੱਤੇ ਪੱਤਰ ਉੱਤੇ ਵਿਚਾਰ ਕਰਨ ਮਗਰੋਂ ਪੰਜ ਸਿੰਘ ਸਾਹਿਬਾਨ ਵਲੋਂ ਸ੍ਰੀ ਝੀਂਡਾ ਨੂੰ ਕੁਰੂਕਸ਼ੇਤਰ ਸਥਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਥਨੇਸਰ ਵਿਖੇ ਅਖੰਡ ਪਾਠ ਕਰਾਉਣ, ਗੁਰਬਾਣੀ ਸਰਵਣ ਕਰਨ ਅਤੇ ਹੱਥੀਂ ਸੇਵਾ ਕਰਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਇਕ ਘੰਟਾ ਬਰਤਨਾਂ ਦੀ ਸੇਵਾ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਸੇਵਾ ਮੁਕੰਮਲ ਕਰਨ ਮਗਰੋਂ ਉਹ ਸ੍ਰੀ ਅਕਾਲ ਤਖ਼ਤ ਵਿਖੇ 101 ਰੁਪਏ ਦੀ ਦੇਗ ਲੈ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਉਣਗੇ। ਇਥੇ ਪੁੱਜੇ ਸ੍ਰੀ ਝੀਂਡਾ ਨੇ ਆਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹਨ ਅਤੇ ਜੋ ਵੀ ਆਦੇਸ਼ ਦਿੱਤਾ ਗਿਆ ਹੈ, ਉਹ ਉਸ ਨੂੰ ਪੂਰਾ ਕਰਨਗੇ। ਹਰਮੁਹਿੰਦਰ ਸਿੰਘ ਚੱਠਾ ਅਤੇ ਦੀਦਾਰ ਸਿੰਘ ਨਲਵੀ ਦੀ ਗੈਰਹਾਜ਼ਰੀ ਬਾਰੇ ਸ੍ਰੀ ਝੀਂਡਾ ਨੇ ਆਖਿਆ ਕਿ ਇਸ ਬਾਰੇ ਉਹ ਦੋਵੇਂ ਸਿੱਖ ਆਗੂ ਹੀ ਦੱਸ ਸਕਦੇ ਹਨ।
ਇਸ ਦੌਰਾਨ ਪੰਜ ਸਿੰਘ ਸਾਹਿਬਾਨ ਵੱਲੋਂ ਇਕ ਅਹਿਮ ਫੈਸਲਾ ਕਰਦਿਆਂ ਸਿਆਸੀ ਪਾਰਟੀਆਂ ਵਲੋਂ ਸਿਰੋਪਾਓ ਦੀ ਵਰਤੋਂ ਕਰਨ ਉੱਤੇ ਰੋਕ ਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸੇ ਤਰ੍ਹਾਂ ਦੇਸ਼ ਵਿਦੇਸ਼ ਵਿੱਚ ਬਿਨਾਂ ਆਗਿਆ ਹੋਰ ਗੁਰਦੁਆਰਿਆਂ ਦੀ ਉਸਾਰੀ ‘ਤੇ ਮੁੜ ਰੋਕ ਲਾਈ ਗਈ ਹੈ। ਨੀਲਧਾਰੀ ਸੰਪਰਦਾ ਦੇ ਮੁਖੀ ਭਾਈ ਸਤਨਾਮ ਸਿੰਘ ਵਲੋਂ ਲਿਖਤੀ ਤੌਰ ‘ਤੇ ਮੁਆਫੀ ਮੰਗਣ ਮਗਰੋਂ ਉਨ੍ਹਾਂ ਦੀ ਮੁਆਫੀ ਨੂੰ ਪ੍ਰਵਾਨ ਕੀਤਾ ਗਿਆ ਹੈ। ਸਿੱਖ ਵਿਦਵਾਨ ਹਰਜਿੰਦਰ ਸਿੰਘ ਦਲਗੀਰ ਦੀਆਂ ਪੁਸਤਕਾਂ ਵਿੱਚ ਇਤਰਾਜ਼ਯੋਗ ਤੱਥਾਂ ਦੀ ਜਾਂਚ ਲਈ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਅਧੂਰਾ ਕਰਾਰ ਦਿੰਦਿਆਂ ਪੰਜ ਸਿੰਘ ਸਾਹਿਬਾਨ ਨੇ ਇਸ ਰਿਪੋਰਟ ਨੂੰ ਦਸਤਖ਼ਤਾਂ ਹੇਠ ਭੇਜਣ ਦੀ ਹਦਾਇਤ ਕੀਤੀ। ਇਸੇ ਤਰ੍ਹਾਂ ਕਥਾਵਾਚਕ ਤੇ ਰਾਗੀ ਗੁਰਸੇਵਕ ਸਿੰਘ ਰੰਗੀਲਾ ਨੂੰ 17 ਅਪ੍ਰੈਲ ਨੂੰ ਸ੍ਰੀ ਅਕਾਲ ਤਖ਼ਤ ਉੱਤੇ ਸਪਸ਼ਟੀਕਰਨ ਲਈ ਸੱਦਿਆ ਗਿਆ ਹੈ ਅਤੇ ਇਸ ਦੌਰਾਨ ਸਮਾਗਮਾਂ ਵਿੱਚ ਬੋਲਣ ‘ਤੇ ਰੋਕ ਲਾਈ ਗਈ ਹੈ।

ਡੇਰਾ ਮਾਮਲਾ : ਕਾਂਗਰਸੀਆਂ ਸਮੇਤ 44 ਸਿੱਖ ਆਗੂ 17 ਅਪ੍ਰੈਲ ਨੂੰ ਅਕਾਲ ਤਖ਼ਤ ‘ਤੇ ਤਲਬ 
ਆਗੂਆਂ ਵਿੱਚ ਮਨਪ੍ਰੀਤ ਬਾਦਲ ਦਾ ਪੁੱਤਰ ਵੀ ਸ਼ਾਮਲ
ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਜਾ ਕੇ ਆਸ਼ੀਰਵਾਦ ਲੈ ਕੇ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ ਹੇਠ ਪੰਜ ਸਿੰਘ ਸਾਹਿਬਾਨ ਵੱਲੋਂ 44 ਸਿੱਖ ਰਾਜਸੀ ਆਗੂਆਂ ਨੂੰ 17 ਅਪ੍ਰੈਲ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਅਕਾਲ ਤਖ਼ਤ ਉੱਤੇ ਤਲਬ ਕੀਤਾ ਗਿਆ ਹੈ। ਇਹ ਮਾਮਲਾ  ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੌਰਾਨ ਵਿਚਾਰਿਆ ਗਿਆ।
ਮੀਟਿੰਗ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਸ਼ਾਮਲ ਸਨ।
ਇਸ ਸਬੰਧੀ ਖੁਲਾਸਾ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੁੱਝ ਸਿਆਸੀ ਪਾਰਟੀਆਂ ਦੇ ਸਿੱਖ ਆਗੂਆਂ ਨੇ ਡੇਰਾ ਸਿਰਸਾ ਜਾ ਕੇ ਵੋਟਾਂ ਲਈ ਸਮਰਥਨ ਮੰਗਿਆ ਸੀ ਅਤੇ ਆਸ਼ੀਰਵਾਦ ਵੀ ਲਿਆ ਸੀ। ਇਸ ਸਬੰਧੀ ਆਈਆਂ ਸ਼ਿਕਾਇਤਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ 3 ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਨੇ ਆਪਣੀ ਜਾਂਚ ਰਿਪੋਰਟ ਸ੍ਰੀ ਅਕਾਲ ਤਖ਼ਤ ਵਿਖੇ ਸੌਂਪੀ ਹੈ, ਜਿਸ ਉੱਤੇ ਅੱਜ ਵਿਚਾਰ ਚਰਚਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ਵਿੱਚ 44 ਸਿਆਸੀ ਆਗੂਆਂ ਦੇ ਨਾਂ ਸ਼ਾਮਲ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਜਾਂਚ ਕਮੇਟੀ ਵੱਲੋਂ ਇਸ ਵਾਰ ਚੋਣਾਂ ਦੌਰਾਨ ਡੇਰਾ ਸਿਰਸਾ ਗਏ ਸਿੱਖ ਆਗੂਆਂ ਬਾਰੇ ਹੀ ਜਾਂਚ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਸਬੰਧੀ ਦਿੱਤੇ ਬਿਆਨ ਉੱਤੇ ਕੋਈ ਕਾਰਵਾਈ ਕਰਨ ਬਾਰੇ ਵੀ ਉਨ੍ਹਾਂ ਕੁੱਝ ਨਹੀਂ ਆਖਿਆ।
ਜਿਨ੍ਹਾਂ ਸਿੱਖ ਆਗੂਆਂ ਨੂੰ ਸਪਸ਼ਟੀਕਰਨ ਲਈ ਤਲਬ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਜੀਤ ਮਹਿੰਦਰ ਸਿੰਘ ਸਿੱਧੂ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਹਰਪ੍ਰੀਤ ਸਿੰਘ ਕੋਟ ਭਾਈ, ਹਰਦੀਪ ਸਿੰਘ ਢਿੱਲੋਂ, ਦਿਲਰਾਜ ਸਿੰਘ ਭੂੰਦੜ, ਵਰਿੰਦਰ ਕੌਰ, ਪ੍ਰਕਾਸ਼ ਸਿੰਘ ਭੱਟੀ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਨਿਸ਼ਾਨ ਸਿੰਘ ਬੁਢਲਾਢਾ, ਮਨਤਾਰ ਸਿੰਘ ਬਰਾੜ ਸ਼ਾਮਲ ਹਨ। ਜਦੋਂਕਿ ਕਾਂਗਰਸੀ ਦੇ ਆਗੂਆਂ ਵਿੱਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਅਰਜੁਨ ਸਿੰਘ ਪੁੱਤਰ ਮਨਪ੍ਰੀਤ ਸਿੰਘ ਬਾਦਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਜੀਤਇੰਦਰ ਸਿੰਘ ਮੋਫਰ, ਕੇਵਲ ਸਿੰਘ ਢਿੱਲੋਂ, ਰਣਦੀਪ ਸਿੰਘ ਨਾਭਾ, ਅਜੈਬ ਸਿੰਘ ਭੱਟੀ, ਦਰਸ਼ਨ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ, ਸਾਧੂ ਸਿੰਘ ਧਰਮਸੋਤ, ਕਰਨ ਕੌਰ ਬਰਾੜ, ਖੁਸ਼ਬਾਜ ਸਿੰਘ ਜਟਾਣਾ, ਰਾਜਿੰਦਰ ਸਿੰਘ ਸਮਾਣਾ, ਦਮਨ ਕੌਰ ਬਾਜਵਾ ਸ਼ਾਮਲ ਹਨ। ਜਦੋਂਕਿ ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਸਿੰਘ ਸੰਘਾ ਫਿਰੋਜ਼ਪੁਰ ਸ਼ਾਮਲ ਹਨ। ਡੇਰੇ ਦੇ ਸ਼ਰਧਾਲੂਆਂ ਨਾਲ ਬਾਹਰ ਮੀਟਿੰਗਾਂ ਕਰਨ ਵਾਲੇ ਸਿੱਖ ਆਗੂਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਇੰਦਰ ਇਕਬਾਲ ਸਿੰਘ ਅਟਵਾਲ, ਰਣਜੀਤ ਸਿੰਘ ਤਲਵੰਡੀ, ਦੀਦਾਰ ਸਿੰਘ ਭੱਟੀ, ਦਰਬਾਰਾ ਸਿੰਘ ਗੁਰੂ, ਈਸ਼ਰ ਸਿੰਘ ਮੇਹਰਬਾਨ, ਜਗਦੀਪ ਸਿੰਘ ਨਕਈ, ਦਰਸ਼ਨ ਸਿੰਘ ਕੋਟਫੱਤਾ, ਗੁਲਜ਼ਾਰ ਸਿੰਘ ਦਿੜ੍ਹਬਾ, ਇਕਬਾਲ ਸਿੰਘ ਝੂੰਦਾ, ਗੋਬਿੰਦ ਸਿੰਘ ਲੌਂਗੋਵਾਲ, ਹਰੀ ਸਿੰਘ ਨਾਭਾ, ਅਜੀਤ ਸਿੰਘ ਸ਼ਾਂਤ, ਸੁਰਿੰਦਰ ਸਿੰਘ ਸਿਬੀਆ, ਪਰਮਬੰਸ ਸਿੰਘ ਬੰਟੀ ਅਤੇ ਮਨਪ੍ਰੀਤ ਸਿੰਘ ਇਆਲੀ ਸ਼ਾਮਲ ਹਨ।
ਇਥੇ ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਬਰਾਬਰ ਹੀ ਇਸ ਮਾਮਲੇ ਨੂੰ ਵਿਚਾਰ ਰਹੇ ਮੁਤਵਾਜ਼ੀ ਜਥੇਦਾਰਾਂ ਵਲੋਂ ਲਗਭਗ 40 ਸਿੱਖ ਆਗੂਆਂ ਨੂੰ ਇਸੇ ਦੋਸ਼ ਹੇਠ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਇਨ੍ਹਾਂ ਖਿਲਾਫ 20 ਅਪ੍ਰੈਲ ਨੂੰ ਅਗਲੀ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ।

ਸਿਆਸੀ ਪਾਰਟੀਆਂ ਦੇ ਸਿਰੋਪਾਉ ਦੇਣ ‘ਤੇ ਰੋਕ
ਗੁਰਦੁਆਰੇ ਦੇ ਨਿਰਮਾਣ ਲਈ ਲੈਣੀ ਪਏਗੀ ਮਨਜ਼ੂਰੀ
ਅੰਮ੍ਰਿਤਸਰ : ਸ਼੍ਰੀ ਅਕਾਲ ਤਖ਼ਤ ਨੇ ਸਿਆਸੀ ਪਾਰਟੀਆਂ ਵਲੋਂ ਸਨਮਾਨਿਤ ਕਰਨ ਲਈ ਸਿਰੋਪੇ ਦੇ ਇਸਤੇਮਾਲ ‘ਤੇ ਰੋਕ ਲਗਾ ਦਿੱਤੀ ਹੈ। ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਇਹ ਫਰਮਾਨ ਵੀ ਜਾਰੀ ਕੀਤਾ ਗਿਆ ਕਿ ਦੇਸ਼-ਵਿਦੇਸ਼ ਵਿਚ ਤਖ਼ਤ ਸ੍ਰੀ ਦੀ ਮਨਜ਼ੂਰੀ ਦੇ ਬਿਨਾਂ ਗੁਰਦੁਆਰਿਆਂ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ।
ਜਥੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਸਿਰੋਪਾ ਗੁਰੂ ਸਾਹਿਬਾਨ ਦੀ ਬਖ਼ਸ਼ਿ ਹੈ ਪਰ ਇਸ ਨੂੰ ਜਿਸ ਤਰੀਕੇ ਨਾਲ ਭੇਟ ਕੀਤਾ ਜਾਂਦਾ ਹੈ, ਉਸ ਨਾਲ ਮਰਿਆਦਾ ਦੀ ਉਲੰਘਣਾ ਹੁੰਦੀ ਹੈ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਇਸ ਦਾ ਇਸਤੇਮਾਲ ਨਾ ਕਰਨ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਸਿੰਘ ਸਾਹਿਬਾਨ ਨੇ ਨਾਲ ਹੀ ਪਾਰਟੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣੀ ਪਾਰਟੀ ਦੇ ਨਿਸ਼ਾਨ ਵਾਲੇ ਕੱਪੜੇ ਇਸਤੇਮਾਲ ਕਰ ਸਕਦੀ ਹੈ।  ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਸਿਰੋਪੇ ‘ਤੇ ਰੋਕ ਲਾਈ ਸੀ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਪਹਿਲਕਦਮੀ ਕੀਤੀ ਸੀ।

ਨਕਲੀ ਸਿੰਘ ਪੰਜਾ ਪਿਆਰਿਆਂ ਦਾ ਨਹੀਂ ਨਿਭਾ ਸਕਦੇ ਕਿਰਦਾਰ :
ਸਿੰਘ ਸਾਹਿਬਾਨ ਨੇ ਇਹ ਆਦੇਸ਼ ਵੀ ਦਿੱਤਾ ਕਿ ਨਾਟਕਾਂ ਤੇ ਫ਼ਿਲਮਾਂ ਵਿਚ ਪੰਜ ਪਿਆਰਿਆਂ ਦਾ ਕਿਰਾਰ ਨਕਲੀ ਸਿੰਘ ਨਹੀਂ ਨਿਭਾਉਣਗੇ। ਪੰਜ ਪਿਆਰਿਆਂ ਦੀ ਸੇਵਾ ਵਿਚ ਉਹ ਸਿੰਘ ਭੂਮਿਕਾ ਨਿਭਾਅ ਸਕਦੇ ਹਨ, ਜੋ ਪੰਜ ਕਕਾਰਾਂ ਦੇ ਧਾਰਨੀ ਹੋਣ, ਅਮ੍ਰਿਤਧਾਰੀ ਹੋਣ ਤੇ ਉਨ੍ਹਾਂ ਨੂੰ ਪੰਜੋਂ ਬਾਣੀਆਂ ਜ਼ੁਬਾਨੀ ਯਾਦ ਹੋਣ। ਨਕਲੀ ਭੇਸ ਬਣਾ ਕੇ ਕੋਈ ਵੀ ਅਦਾਕਾਰ ਇਹ ਰੋਲ ਨਹੀਂ ਨਿਭਾ ਸਕਦਾ।

ਜਦੋਂ ਜਥੇਦਾਰ ਗੁਰਮੁਖ ਸਿੰਘ ਨੇ ਮਾਈਕ ਚੰਦੋਆ ਸਾਹਿਬ ਦੇ ਹੇਠੋਂ ਪਾਸੇ ਕੀਤਾ…
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਦੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਤਨਖ਼ਾਹ ਲਾਈ ਜਾਣੀ ਸੀ, ਉਸ ਤੋਂ ਪਹਿਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਮਾਈਕ ਸੰਭਾਲਿਆ। ਮਾਈਕ ਉਸ ਥਾਂ ‘ਤੇ ਸੀ, ਜਿੱਥੇ ਖੜ੍ਹੇ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੱਲ ਪਿੱਠ ਆ ਜਾਂਦੀ ਸੀ। ਗਿਆਨੀ ਇਕਬਾਲ ਸਿੰਘ ਨੇ ਹਾਲੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਆਏ ਅਤੇ ਇਸ ਬਾਰੇ ਉਨ੍ਹਾਂ ਨੂੰ ਦੱਸਿਆ ਤੇ ਫਿਰ ਮਾਈਕ ਨੂੰ ਚੰਦੋਆ ਸਾਹਿਬ ਤੋਂ ਹੇਠੋਂ ਕਿਨਾਰੇ ‘ਤੇ ਲੈ ਗਏ।