ਖ਼ੁਦਕੁਸ਼ੀਆਂ ਦੀ ਫ਼ਸਲ : ਬੀਤੇ ਹਫ਼ਤੇ 10 ਕਿਸਾਨਾਂ ਵਲੋਂ ਖ਼ੁਦਕੁਸ਼ੀ

ਖ਼ੁਦਕੁਸ਼ੀਆਂ ਦੀ ਫ਼ਸਲ : ਬੀਤੇ ਹਫ਼ਤੇ 10 ਕਿਸਾਨਾਂ ਵਲੋਂ ਖ਼ੁਦਕੁਸ਼ੀ

ਚੰਡੀਗੜ੍ਹ/ਬਿਊਰੋ ਨਿਊਜ਼ :
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੁੱਧਵਾਰ 26 ਜੁਲਾਈ ਤੋਂ ਲੈ ਕੇ ਇਸ ਹਫ਼ਤੇ ਦੌਰਾਨ 10 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ।
ਕੌਹਰੀਆਂ : ਕਰਜ਼ੇ ਦੇ ਦੈਂਤ ਨੇ ਇਕ ਕੌਹਰੀਆਂ ਦੇ ਕਿਸਾਨ ਨੂੰ ਆਪਣੇ ਮੌਤ ਰੂਪੀ ਕਲਾਵੇ ਵਿਚ ਲੈ ਲਿਆ ਹੈ। ਕਰਮਜੀਤ ਸਿੰਘ (30) ਪੁੱਤਰ ਬਲਵੀਰ ਸਿੰਘ ਪਿੰਡ ਕੌਹਰੀਆਂ ਨੇ ਕਰਜ਼ੇ ਦੀ ਮਾਰ ਹੇਠ ਖੇਤ ਵਿਚ ਜਾ ਕੇ ਸਪਰੇਅ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਹਮੇਸ਼ਾ ਸਰਕਾਰੀ ਅਤੇ ਗ਼ੈਰ-ਸਰਕਾਰੀ ਵਧ ਰਹੇ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ। ਜ਼ਮੀਨ ਕਾਫ਼ੀ ਵਿਕ ਚੁੱਕੀ ਸੀ ਅਤੇ ਕੁਝ ਦਿਨ ਪਹਿਲਾਂ ਉਸ ਨੇ ਖੇਤ ਜਾ ਕੇ ਸਪਰੇਅ ਪੀ ਲਈ। ਜਿੱਥੋਂ ਉਸ ਨੂੰ ਇਲਾਜ ਲਈ ਕੌਹਰੀਆਂ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਵਿਚ ਕੁਝ ਸੁਧਾਰ ਨਾ ਹੁੰਦਾ ਦੇਖ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਹ ਬੀਤੀ ਰਾਤ ਦਮ ਤੋੜ ਗਿਆ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਇਕ ਚਾਰ ਸਾਲ ਦਾ ਲੜਕਾ ਛੱਡ ਗਿਆ ਹੈ।
ਤਲਵੰਡੀ ਸਾਬੋ : ਨੇੜਲੇ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਕਰਜ਼ੇ ਦੇ ਬੋਝ ਤੋਂ ਦੁਖੀ ਇਕ ਨੌਜਵਾਨ ਕਿਸਾਨ ਨੇ ਆਪਣੇ ਹੀ ਪੁਰਾਣੇ ਘਰ ਵਿਚ ਰਾਤ ਸਮੇਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪਿੰਡ ਜਗ੍ਹਾ ਰਾਮ ਤੀਰਥ ਦੇ 6 ਏਕੜ ਦੇ ਕਰੀਬ ਜ਼ਮੀਨ ਦੇ ਮਾਲਕ ਨੌਜਵਾਨ ਕਿਸਾਨ ਨਿਰਭੈ ਸਿੰਘ (32) ਪੁੱਤਰ ਨਿਰੰਜਨ ਸਿੰਘ ਦੇ ਸਿਰ ਲਗਭਗ 12 ਲੱਖ ਰੁਪਏ ਦਾ ਬੈਂਕਾਂ ਅਤੇ ਆੜ੍ਹਤੀਆਂ ਦਾ ਕਰਜ਼ਾ ਸੀ। ਉਹ ਅਕਸਰ ਹੀ ਕਰਜ਼ੇ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਕਿਸਾਨ ਦਾ ਕਰੀਬ 9 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸ ਦੇ ਤਿੰਨ ਬੱਚੇ ਦੋ ਲੜਕੀਆਂ ਅਤੇ ਇਕ ਲੜਕਾ ਸੀ। ਕਿਸਾਨ ਦੇ ਖ਼ੁਦਕੁਸ਼ੀ ਕਰਨ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਰਾਤ ਨੂੰ ਕਰੀਬ ਗਿਆਰਾਂ ਵਜੇ ਪਰਿਵਾਰ ਦਾ ਕੋਈ ਮੈਂਬਰ ਉੱਠਿਆ ਤਾਂ ਉਨ੍ਹਾਂ ਨਿਰਭੈ ਦਾ ਮੰਜਾ ਖ਼ਾਲੀ ਦੇਖਿਆ, ਕਾਫ਼ੀ ਭਾਲ ਕਰਨ ‘ਤੇ ਜਦੋਂ ਪਰਿਵਾਰ ਨੇ ਪੁਰਾਣੇ ਘਰ ਜਾ ਕੇ ਦੇਖਿਆ ਤਾਂ ਉਸ ਨੇ ਕਮਰੇ ਵਿਚ ਰੱਸੀ ਦੀ ਸਹਾਇਤਾ ਨਾਲ ਫਾਹਾ ਲਿਆ ਹੋਇਆ ਸੀ।
ਮਾਨਸਾ : ਜ਼ਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਦੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ (35) ਪੁੱਤਰ ਬਲਦੇਵ ਸਿੰਘ ਦੀ ਦਯਾਨੰਦ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਕਿਸਾਨ ਨੇ 21 ਜੁਲਾਈ ਨੂੰ ਕਰਜ਼ੇ ਤੇ ਬਿਮਾਰੀ ਦੀ ਪ੍ਰੇਸ਼ਾਨ ਦੇ ਚੱਲਦਿਆਂ ਆਪਣੇ ਖੇਤ ਵਿਚ ਜ਼ਹਿਰੀਲੀ ਦਵਾਈ ਨਿਗਲ ਲਈ ਸੀ। ਉਹ ਪਿਛਲੇ ਕਈ ਦਿਨਾਂ ਤੋਂ ਉਪਰੋਕਤ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂ ਹਰਦੇਵ ਸਿੰਘ ਕੋਟਧਰਮੂ ਨੇ ਦੱਸਿਆ ਕਿ ਮ੍ਰਿਤਕ ਜੋ 7 ਏਕੜ ਦੇ ਕਰੀਬ ਜ਼ਮੀਨ ਦਾ ਮਾਲਕ ਸੀ, ਦੇ ਸਿਰ 20 ਲੱਖ ਦੇ ਕਰੀਬ ਕਰਜ਼ਾ ਸੀ। ਉਨ੍ਹਾਂ ਦੱਸਿਆ ਕਿ ਫ਼ਸਲ ਦੀ ਬਰਬਾਦੀ ਹੋਣ ਦੇ ਨਾਲ ਹੀ ਬਿਮਾਰੀ ਕਾਰਨ ਕਰਜ਼ੇ ਦੀ ਪੰਡ ਭਾਰੀ ਹੋਣ ਕਰ ਕੇ ਗੁਰਪ੍ਰੀਤ ਨੇ ਮੌਤ ਨੂੰ ਗ਼ਲੇ ਲਗਾ ਲਿਆ। ਮ੍ਰਿਤਕ ਆਪਣੇ ਪਿੱਛੇ ਵਿਧਵਾ ਅਤੇ 2 ਲੜਕੇ ਛੱਡ ਗਿਆ ਹੈ।
ਤਪਾ ਮੰਡੀ : ਤਹਿਸੀਲ ਤਪਾ ਦੇ ਪਿੰਡ ਧੌਲਾ ਦੇ ਇੱਕ ਕਿਸਾਨ ਨੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਕਿਸਾਨ ਅਜੈਬ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਸਲੇਮਾ ਪੱਤੀ ਪਿੰਡ ਧੌਲਾ ਕੋਲ ਇੱਕ ਕਿੱਲਾ ਜ਼ਮੀਨ ਸੀ। ਬਿਮਾਰੀ ਅਤੇ ਕਬੀਲਦਾਰੀ ਦੇ ਖ਼ਰਚੇ ਵੱਧ ਹੋਣ ਕਾਰਨ ਕਿਸਾਨ ਸਿਰ ਕਰਜ਼ੇ ਦਾ ਕਾਫ਼ੀ ਭਾਰ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਦੋ ਪੁੱਤਰ ਹਨ। ਥਾਣਾ ਤਪਾ ਦੇ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ।
ਫਤਿਹਗੜ੍ਹ ਚੂੜੀਆਂ : ਪਿੰਡ ਤਲਵੰਡੀ ਨਾਹਰ ਦੇ ਵਸਨੀਕ ਕਿਸਾਨ ਰਣਧੀਰ ਸਿੰਘ ਪੁੱਤਰ ਕਿਰਪਾਲ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕਸ਼ੀ ਕਰ ਲਈ ਹੈ। ਕਿਸਾਨ ਪਿਛਲੇ ਕਾਫ਼ੀ ਸਮੇਂ ਤੋਂ ਕਰਜ਼ੇ ਕਾਰਨ ਪ੍ਰੇਸ਼ਾਨ ਸੀ। ਮ੍ਰਿਤਕ ਦੇ ਪੁੱਤਰ ਪ੍ਰਗਟ ਸਿੰਘ ਅਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਘੱਟ ਹੋਣ ਕਾਰਨ ਉਹ ਕਰਜ਼ਾ ਮੋੜਨ ਤੋਂ ਅਸਮਰੱਥ ਸਨ।
ਮਹਿਲ ਕਲਾਂ : ਪਿੰਡ ਕਲਾਲਾ ਦੇ ਕਿਸਾਨ ਸੁਖਦੇਵ ਸਿੰਘ (24) ਪੁੱਤਰ ਗੁਰਜੰਟ ਸਿੰਘ ਨੇ ਕਰਜ਼ੇ ਕਾਰਨ ਮਾਨਸਿਕ ਪ੍ਰੇਸ਼ਾਨੀ ਵਿਚ ਘਰ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਨੇ ਦੱਸਿਆ ਕਿ ਦੋ ਭਰਾਵਾਂ ਕੋਲ ਪੰਜ ਏਕੜ ਜ਼ਮੀਨ ਸੀ ਤੇ ਕਰਜ਼ਾ ਕਰੀਬ 30 ਲੱਖ ਰੁਪਏ ਸੀ। ਥਾਣਾ ਮਹਿਲ ਕਲਾਂ ਦੀ ਪੁਲੀਸ ਨੇ ਕਾਰਵਾਈ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਲਹਿਰਾਗਾਗਾ : ਪਿੰਡ ਗਿਦੜਿਆਣੀ ਵਿਖੇ ਇਕ ਕਿਸਾਨ ਸ਼ਿੰਦਰ ਸਿੰਘ ਦੇ ਨੌਜਵਾਨ ਕਿਸਾਨ ਪੁੱਤਰ ਗੁਰਦੀਪ ਸਿੰਘ (22) ਨੇ ਆਪਣੇ ਘਰ ਰੱਸੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੋ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਪਿਛਲੇ ਮਹੀਨੇ ਇਸ ਦੀ ਮਾਤਾ ਗੁਰਜੀਤ ਕੌਰ ਦਾ ਵੀ ਦਿਹਾਂਤ ਹੋ ਗਿਆ ਸੀ। ਮ੍ਰਿਤਕ ਗੁਰਦੀਪ ਸਿੰਘ ਆਰਥਿਕ ਤੌਰ ‘ਤੇ ਕਾਫ਼ੀ ਤੰਗ ਸੀ ਉਸ ਕੋਲੋਂ ਸਿਰਫ਼ 2 ਏਕੜ ਜ਼ਮੀਨ ਸੀ। ਮਾਂ ਅਤੇ ਆਪ ਕਾਫ਼ੀ ਪ੍ਰੇਸ਼ਾਨ ਸੀ। ਉਸ ਨੇ ਆਪਣੀ ਜ਼ਮੀਨ ਵੇਚ ਕੇ ਆਪਣੀ ਮਾਂ ਦੇ ਇਲਾਜ ਉੱਪਰ ਖ਼ਰਚ ਕੀਤੇ ਅਤੇ ਆਪ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦਾ ਸੀ। ਮ੍ਰਿਤਕ ਗੁਰਦੀਪ ਸਿੰਘ ਆਰਥਿਕ ਤੌਰ ‘ਤੇ ਤੰਗ ਹੋਣ ਕਰ ਕੇ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੇ ਰੱਸੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 8 ਕੁ ਮਹੀਨਿਆਂ ਦਾ ਬੱਚਾ ਛੱਡ ਗਿਆ ਹੈ।
ਮਲੇਰਕੋਟਲਾ : ਆਪਣੇ ਸਿਰ ਚੜ੍ਹੇ ਬੈਂਕਾਂ ਤੇ ਹੋਰ ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਚੌਧਰੀ ਪੁੱਤਰ ਮਹਿੰਦਰ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਪੁਲੀਸ ਥਾਣਾ ਸੰਦੌੜ ਵਿਚ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕ ਕੁਲਦੀਪ ਸਿੰਘ ਦੇ ਪੁੱਤਰ ਅਰਸ਼ਦੀਪ ਸਿੰਘ ਨੇ ਭਾਵੇਂ ਇਸ ਮੌਤ ਲਈ ਕਿਸੇ ਨੂੰ ਵੀ ਦੋਸ਼ੀ ਨਹੀਂ ਦੱਸਿਆ ਪਰ ਕਰਜ਼ੇ ਦੀ ਭੇਟ ਚੜ੍ਹੇ ਬਾਪ ਤੋਂ ਬਾਅਦ ਭਵਿੱਖ ਦੀ ਡਰਾਉਣੀ ਤਸਵੀਰ ਪਰਿਵਾਰ ਨੂੰ ਵੱਢ-ਵੱਢ ਜ਼ਰੂਰ ਖਾ ਰਹੀ ਹੈ। ਜਾਣਕਾਰੀ ਮੁਤਾਬਕ ਕੁਝ ਵਰ੍ਹੇ ਪਹਿਲਾਂ ਤੱਕ ਇਲਾਕੇ ਵਿਚ ਸੈਂਕੜੇ ਬਿੱਘੇ ਜ਼ਮੀਨ ਦੇ ਮਾਲਕ ਵੱਡੇ ਜ਼ਿੰਮੀਂਦਾਰ ਵਜੋਂ ਚੌਧਰੀ ਅਖਵਾਉਂਦੇ ਇਸ ਪਰਿਵਾਰ ਦੀ ਮੌਜੂਦਾ ਆਰਥਿਕ ਹਾਲਤ ਇਹ ਹੈ ਕਿ ਪਰਿਵਾਰ ਕੋਲ ਕੇਵਲ ਇਕ ਕਿੱਲਾ ਜ਼ਮੀਨ ਹੀ ਬਚੀ ਹੈ। ਕੁਲਦੀਪ ਸਿੰਘ ਦੇ ਬੇਟੇ ਅਰਸ਼ਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਸਿਰ ਬੈਂਕਾਂ ਦਾ ਕਾਫ਼ੀ ਕਰਜ਼ਾ ਸੀ ਅਤੇ ਇਸ ਵਿਚੋਂ ਵੱਡਾ ਹਿੱਸਾ ਜ਼ਮੀਨ ਵੇਚ ਕੇ ਚੁਕਾ ਵੀ ਦਿੱਤਾ ਗਿਆ ਪਰ ਹਾਲੇ ਵੀ ਸਿਰ ਚੜ੍ਹੇ ਕਰਜ਼ੇ ਦੀ ਚਿੰਤਾ ਕਾਰਨ ਉਸ ਦਾ ਪਿਤਾ ਸ਼ਰਾਬ ਦਾ ਆਦੀ ਹੋ ਗਿਆ ਸੀ। ਰੂੜੇਕੇ ਕਲਾਂ: ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਦੇ ਇਕ ਕਿਸਾਨ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਕਿਸਾਨ ਅਜੈਬ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਸਲੇਮਾ ਪੱਤੀ ਧੌਲਾ ਪਾਸ ਕਰੀਬ ਇਕ ਏਕੜ ਜ਼ਮੀਨ ਸੀ। ਬਿਮਾਰੀ ਤੇ ਘਰੇਲੂ ਖਰਚਿਆਂ ਕਰਕੇ ਉਕਤ ਕਿਸਾਨ ਦੇ ਪਰਿਵਾਰ ਸਿਰ ਕਰਜ਼ੇ ਦਾ ਕਾਫ਼ੀ ਭਾਰ ਸੀ। ਜ਼ਮੀਨ ਘੱਟ ਹੋਣ ਕਰਕੇ ਕਰਜ਼ਾਈ ਕਿਸਾਨ ਕਰਜ਼ਾ ਮੋੜਨ ਤੋਂ ਅਸਮਰਥ ਸੀ। ਪਰਿਵਾਰ ਕੋਲ ਜ਼ਮੀਨ ਤੋਂ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਸੀ। ਪਰਿਵਾਰ ਸਿਰ ਚੜ੍ਹੇ ਕਰਜ਼ੇ ਕਾਰਨ ਕਿਸਾਨ ਅਜੈਬ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਘਰ ਅੰਦਰ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਮ੍ਰਿਤਕ ਕਿਸਾਨ ਦੇ ਦੋ ਪੁੱਤਰ ਹਨ। ਪਿੰਡ ਵਾਸੀਆਂ ਨੇ ਪੀੜ੍ਹਤ ਪਰਿਵਾਰ ਲਈ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ।
ਸੁਨਾਮ : ਪਿੰਡ ਛਾਜਲੀ ਦੇ ਕਿਸਾਨ ਨਿਰਮਲ ਸਿੰਘ ਉਰਫ਼ ਭੋਲਾ (ਤਕਰੀਬਨ 42) ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨ ਦੇ ਦਿੱਤੀ। ਉਸ ਕੋਲ ਕੇਵਲ ਡੇਢ ਏਕੜ ਜ਼ਮੀਨ ਸੀ ਅਤੇ ਕੁਝ ਜ਼ਮੀਨ ਠੇਕੇ ‘ਤੇ ਲੈ ਕੇ ਉਹ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਉਸ ‘ਤੇ ਤਕਰੀਬਨ 7 ਲੱਖ ਕਰਜ਼ਾ ਸੀ। ਭਾਰਤੀ ਕਿਸਾਨ ਯੂਨੀਅਨ ਆਗੂ ਦਰਬਾਰਾ ਸਿੰਘ ਛਾਜਲਾ ਅਤੇ ਹੋਰਾਂ ਨੇ ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਫ਼ਾਜ਼ਿਲਕਾ : ਪਿੰਡ ਪੱਕਾ ਚਿਸ਼ਤੀ ਦੇ ਇਕ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਕੀਟਨਾਸ਼ਕ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਪਿੰਡ ਪੱਕਾ ਚਿਸ਼ਤੀ ਦੇ ਕਿਸਾਨ ਕਸ਼ਮੀਰ ਸਿੰਘ (60) ਪੁੱਤਰ ਸੋਹਣ ਸਿੰਘ ਨੇ ਮੰਗਲਵਾਰ ਤੜਕੇ ਆਪਣੇ ਖੇਤ ਜਾ ਕੇ ਕੀਟਨਾਸ਼ਕ ਦਵਾਈ ਪੀ ਲਈ। ਜਦੋਂ ਵਾਰਸਾਂ ਨੂੰ ਪਤਾ ਚੱਲਿਆ ਤਾਂ ਉਹ ਉਸ ਨੂੰ ਫ਼ਾਜ਼ਿਲਕਾ ਸਿਵਲ ਹਸਪਤਾਲ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਕਸ਼ਮੀਰ ਸਿੰਘ ਦੇ ਪੁੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 8-10 ਏਕੜ ਸਰਹੱਦ ਨਾਲ ਲਗਦੀ ਜ਼ਮੀਨ ਹੈ। ਪਹਿਲਾਂ ਉਸ ਦੀ ਮਾਤਾ ਸੁਖਵਿੰਦਰ ਕੌਰ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ ਜਿਸ ‘ਤੇ 15-20 ਲੱਖ ਰੁਪਏ ਇਲਾਜ ‘ਤੇ ਲੱਗੇ ਪਰ ਉਹ ਬਚ ਨਹੀਂ ਸਕੀ। ਉਸ ਨੇ ਦੱਸਿਆ ਕਿ ਹੁਣ ਉਨ੍ਹਾਂ ‘ਤੇ 30 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਪਿਤਾ ਕਸ਼ਮੀਰ ਸਿੰਘ ਪਿਛਲੇ 2-3 ਦਿਨਾਂ ਤੋਂ ਫ਼ਾਜ਼ਿਲਕਾ ਸ਼ਹਿਰ ਆਉਂਦਾ ਸੀ। ਝੋਨੇ ਲਈ ਖਾਦ ਅਤੇ ਸਪਰੇਅ ਕਿਸੇ ਤੋਂ ਉਧਾਰ ‘ਤੇ ਨਹੀ ਮਿਲ ਰਿਹਾ ਸੀ ਅਤੇ ਪ੍ਰੇਸ਼ਾਨ ਹੋ ਕੇ ਘਰ ਪਰਤ ਜਾਂਦਾ ਸੀ।

ਸ਼ਾਹੂਕਾਰਾ ਕਰਜ਼ਾ ਕਿਸਾਨਾਂ ਲਈ ਬਣਿਆ ਵੱਡੀ ਆਫ਼ਤ
ਜਲੰਧਰ/ਬਿਊਰੋ ਨਿਊਜ਼ :
ਵਿਧਾਨ ਸਭਾ ਚੋਣਾਂ ਦੌਰਾਨ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਲਾਰਾ ਲਾ ਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਹੁਣ ਕਿਸਾਨਾਂ ਦਾ ਮਹਿਜ਼ 9600 ਕਰੋੜ ਰੁਪਏ ਦਾ ਫਸਲੀ ਕਰਜ਼ਾ ਮੁਆਫ ਕਰਕੇ ਬੁੱਤਾ ਸਾਰਨ ਦੇ ਰਾਹ ਪੈ ਰਹੀ ਹੈ। ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਰਿਪੋਰਟ ਅਨੁਸਾਰ ਖੇਤੀ ਆਰਥਿਕਤਾ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਸਿਰ ਚੜ੍ਹੇ ਬੈਂਕਾਂ ਦੇ ਕਰਜ਼ਿਆਂ ਨਾਲੋਂ ਆੜ੍ਹਤੀਆਂ ਤੇ ਸ਼ਾਹੂਕਾਰਾਂ ਦਾ ਕਰਜ਼ਾ ਵਧੇਰੇ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਸਭਨਾਂ ਬੈਂਕਾਂ ਦੇ ਕਰਜ਼ੇ ਉੱਪਰ ਵਿਆਜ ਦੀ ਦਰ ਨਿਸਚਿਤ ਹੈ ਤੇ ਇਹ ਕਿਸੇ ਥਾਂ ਵੀ 11-12 ਫੀਸਦੀ ਤੋਂ ਵਧੇਰੇ ਨਹੀਂ, ਪਰ ਆੜ੍ਹਤੀਆਂ, ਸ਼ਾਹੂਕਾਰਾਂ ਤੇ ਹੋਰ ਵਿਆਜਖੋਰਾਂ ਤੋਂ ਲਏ ਗਏ ਕਰਜ਼ੇ ਉੱਪਰ ਵਿਆਜ ਦਰ 24 ਫੀਸਦੀ ਤੋਂ ਕਿਤੇ ਵੀ ਘੱਟ ਨਹੀਂ, ਸਗੋਂ ਬਹੁਤਿਆਂ ਵੱਲੋਂ ਤਾਂ 48 ਫੀਸਦੀ ਤੱਕ ਵੀ ਵਿਆਜ ਲਿਆ ਜਾਂਦਾ ਹੈ। ਮਾਲਵਾ ਖੇਤਰ ਦੀ ਕਿਸਾਨ ਆਤਮਹੱਤਿਆ ਵਾਲੀ ਪੱਟੀ ਸ਼ਾਹੂਕਾਰਾ ਕਰਜ਼ੇ ਤੋਂ ਵਧੇਰੇ ਪ੍ਰਭਾਵਤ ਹੈ। ਪੰਜਾਬ ਸਰਕਾਰ ਵੱਲੋਂ ਸ਼ਾਹੂਕਾਰਾ ਕਰਜ਼ਿਆਂ ਤੋਂ ਕਿਸਾਨਾਂ ਦੀ ਮੁਕਤੀ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਵਧੇਰੇ ਮਾਹਰਾਂ ਦਾ ਕਹਿਣਾ ਹੈ ਕਿ ਕਿਸਾਨ ਆਤਮ-ਹੱਤਿਆਵਾਂ ਦੇ ਨਿਰੰਤਰ ਜਾਰੀ ਰਹਿਣ ਦਾ ਵੱਡਾ ਕਾਰਨ ਸ਼ਾਹੂਕਾਰਾ ਕਰਜ਼ਿਆਂ ਦਾ ਬੋਝ ਹੈ। ਦੋ ਸਾਲ ਪਹਿਲਾਂ ਇੰਡੀਆ ਕੌਂਸਲ ਫਾਰ ਸੋਸ਼ਲ ਸਾਇੰਸ ਰਿਸਰਚ ਵੱਲੋਂ ਕਰਵਾਏ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਮਾਰਚ 2015 ਤੱਕ ਪੰਜਾਬ ਦੇ ਕਿਸਾਨਾਂ ਸਿਰ ਸ਼ਾਹੂਕਾਰਾਂ ਤੇ ਆੜ੍ਹਤੀਆਂ ਦਾ ਕੁਲ ਕਰਜ਼ਾ 12874 ਕਰੋੜ ਰੁਪਏ ਸੀ। ਖੇਤ ਮਜ਼ਦੂਰਾਂ ਬਾਰੇ ਰਾਜ ਪੱਧਰੀ ਅੰਕੜਾ ਇਕੱਠਾ ਕਰਨਾ ਤਾਂ ਮੁਸ਼ਕਲ ਹੈ, ਕਿਉਂਕਿ ਪੇਂਡੂ ਖੇਤਰ ਦੇ ਬਹੁਤ ਸਾਰੇ ਮਜ਼ਦੂਰਾਂ ਦੀ ਆਮਦਨ ਦਾ ਵੱਡਾ ਸੋਮਾ ਗ਼ੈਰ ਖੇਤੀ ਵਾਲਾ ਹੈ, ਪਰ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਮੁੱਖ ਤੌਰ ‘ਤੇ ਖੇਤੀ ਉੱਪਰ ਨਿਰਭਰ ਮਜ਼ਦੂਰਾਂ ਸਿਰ ਔਸਤਨ ਪ੍ਰਤੀ ਪਰਿਵਾਰ 68000 ਦੇ ਕਰੀਬ ਕਰਜ਼ਾ ਹੈ। ਸਰਵੇਖਣ ਵਿਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਵੱਡੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੌਲੀ ਹੈ, ਪਰ ਘੱਟ ਜ਼ਮੀਨੇ ਕਿਸਾਨ ਕਰਜ਼ੇ ਤੋਂ ਵਧੇਰੇ ਪੀੜਤ ਹਨ। ਸਰਵੇਖਣ ਮੁਤਾਬਕ ਢਾਈ ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਸਿਰ ਪ੍ਰਤੀ ਏਕੜ ਕਰਜ਼ਾ 1 ਲੱਖ 40 ਹਜ਼ਾਰ ਰੁਪਏ ਦੇ ਕਰੀਬ ਹੈ, ਜਦਕਿ 15 ਏਕੜ ਤੋਂ ਵਧੇਰੇ ਜ਼ਮੀਨ ਵਾਲੇ ਸਿਰ ਇਹ ਦਰ ਪ੍ਰਤੀ ਏਕੜ 57 ਹਜ਼ਾਰ ਰੁਪਏ ਤੱਕ ਹੈ। ਸਰਵੇਖਣ ਹੋਇਆਂ ਦੋ ਸਾਲ ਬੀਤੇ ਗਏ ਹਨ। ਖੇਤੀ ਅਰਥਸ਼ਾਸਤਰੀ ਡਾ. ਗਿਆਨ ਸਿੰਘ ਦਾ ਕਹਿਣਾ ਹੈ ਕਿ ਦੋ ਸਾਲ ਵਿਚ ਕਰਜ਼ੇ ਦਾ 15-20 ਫੀਸਦੀ ਵਧ ਜਾਣਾ ਕੁਦਰਤੀ ਗੱਲ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਕਿਸਾਨਾਂ ਸਿਰ ਸ਼ਾਹੂਕਾਰਾਂ ਦੇ ਕਰਜ਼ੇ ਦੀ ਪੰਡ 15 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਹੈ।
ਸਰਕਾਰ ਤੋਂ ਟੁੱਟ ਰਿਹਾ ਹੈ ਕਿਸਾਨਾਂ ਦਾ ਭਰੋਸਾ :
ਸਿਰਫ 9600 ਕਰੋੜ ਦਾ ਕਰਜ਼ਾ ਮੁਆਫ਼ ਕਰਨ ਨਾਲ ਕਿਸਾਨਾਂ ਦਾ ਕਿਸੇ ਵੀ ਪੱਧਰ ‘ਤੇ ਮਸਲਾ ਹੱਲ ਨਹੀਂ ਹੋਣਾ। ਅਜਿਹੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਕੁਰਕੀ ਰੋਕਣ ਲਈ ਸਹਿਕਾਰਤਾ ਕਾਨੂੰਨ ਦੀ ਧਾਰਾ 67 ਏ ਖਤਮ ਕਰਨਾ ਮਹਿਜ਼ ਅੱਖਾਂ ਪੂੰਝਣ ਵਾਲੀ ਗੱਲ ਹੈ। ਕਿਸਾਨਾਂ ਦੀਆਂ ਜ਼ਮੀਨਾਂ ਇਸ ਧਾਰਾ ਹੇਠ ਕਦੇ ਵੀ ਕੁਰਕ ਨਹੀਂ ਹੋਈਆਂ, ਸਗੋਂ ਸ਼ਾਹੂਕਾਰਾਂ ਤੇ ਬੈਂਕਾਂ ਦੁਆਰਾ ਜ਼ਮੀਨ ਕੁਰਕ ਕਰਨ ਲਈ ਕਾਨੂੰਨ ਵੱਖਰੇ ਹਨ। ਮਾਲਵਾ ਖੇਤਰ ਦੇ ਛੋਟੇ ਜਿਹੇ ਜ਼ਿਲ੍ਹਾ ਫਰੀਦਕੋਟ ਵਿਚ ਹੀ ਪਿਛਲੇ ਸਮੇਂ ਦੌਰਾਨ 200 ਦੇ ਕਰੀਬ ਕਿਸਾਨਾਂ ਦੀਆਂ ਜ਼ਮੀਨਾਂ ਸ਼ਾਹੂਕਾਰਾਂ ਦੇ ਅਦਾਲਤਾਂ ਵਿਚ ਜਾਣ ‘ਤੇ ਕੁਰਕ ਕਰਨ ਦੇ ਹੁਕਮ ਜਾਰੀ ਹੋਏ ਹਨ। ਇਸ ਤਰ੍ਹਾਂ ਬਠਿੰਡਾ, ਮਾਨਸਾ ਤੇ ਬਰਨਾਲਾ ਜ਼ਿਲ੍ਹਿਆਂ ਵਿਚ ਕਿਸਾਨਾਂ ਦੀ ਜ਼ਮੀਨ ਕੁਰਕੀ ਦੇ ਬਹੁਤ ਸਾਰੇ ਕੇਸ ਚੱਲ ਰਹੇ ਹਨ ਜਾਂ ਹੁਕਮ ਜਾਰੀ ਹੋਏ ਹਨ। ਉਂਝ ਹੇਠਲੀਆਂ ਅਦਾਲਤਾਂ ਸਰਕਾਰੀ ਬਿਆਨਾਂ ਅਤੇ ਕਰਜ਼ਾ ਮੁਆਫੀ ਦੇ ਚੱਲ ਰਹੇ ਮਾਹੌਲ ਵਿਚ ਕਾਨੂੰਨੀ ਕਾਰਵਾਈ ਕਰਨ ਵਿਚ ਅਜੇ ਢਿੱਲ ਵਰਤ ਰਹੀਆਂ ਹਨ। ਹੁਣ ਪੰਜਾਬ ਦੇ ਵਿੱਤ ਮੰਤਰੀ ਤੇ ਹੋਰ ਅਧਿਕਾਰੀਆਂ ਵੱਲੋਂ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਕੋਲ ਸਿਰਫ 9600 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਲਈ ਲੰਮੇ ਸਮੇਂ ਦਾ ਕਰਜ਼ਾ ਲੈਣ ਦੀ ਕੀਤੀ ਮੰਗ ਨੇ ਕਿਸਾਨਾਂ ਦੇ ਕਰਜ਼ੇ ਮੁਆਫੀ ਵਾਲੇ ਸਾਰੇ ਭੁਲੇਖੇ ਹੀ ਚੁੱਕ ਦਿੱਤੇ ਹਨ। ਕਿਸਾਨ ਸੰਗਠਨਾਂ ਦੇ ਆਗੂਆਂ ਵਿਚ ਇਹ ਚਰਚਾ ਹੈ ਕਿ ਸ਼ਾਹੂਕਾਰਾਂ ਦੇ ਕਰਜ਼ਿਆਂ ਬਾਰੇ ਕੋਈ ਕਦਮ ਚੁੱਕੇ ਬਗੈਰ ਗਰੀਬ ਤੇ ਛੋਟੇ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਣਾ। ਪਿਛਲੀ ਸਰਕਾਰ ਸਮੇਂ ਸ਼ਾਹੂਕਾਰਾ ਕਰਜ਼ੇ ਬਾਰੇ ਕਾਨੂੰਨ ਬਣਾਉਣ ਦਾ ਯਤਨ ਕੀਤਾ ਗਿਆ ਸੀ, ਪਰ ਮੂਲ ਨਾਲੋਂ ਦੁੱਗਣੀ ਰਕਮ ਵਾਪਸ ਕਰਨ ਵਾਲੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਬਾਰੇ ਨਾ ਕੋਈ ਅਥਾਰਟੀ ਬਣਾਈ ਤੇ ਨਾ ਹੀ ਕਾਨੂੰਨ। ਨਾ ਹੀ ਵਿਆਜ ਦੀ ਦਰ ਬਾਰੇ ਹੀ ਕੋਈ ਨਿਬੇੜਾ ਕੀਤਾ ਗਿਆ। ਨਵੀਂ ਸਰਕਾਰ ਨੇ ਤਾਂ ਇਸ ਬਾਰੇ ਸੋਚਣਾ ਵੀ ਸ਼ੁਰੂ ਨਹੀਂ ਕੀਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਦਿਨੋਂ-ਦਿਨ ਕਿਸਾਨਾਂ ਦਾ ਸਰਕਾਰ ਤੋਂ ਭਰੋਸਾ ਟੁੱਟ ਰਿਹਾ ਹੈ ਤੇ 9600 ਕਰੋੜ ਦੀ ਕਰਜ਼ਾ ਮੁਆਫ਼ੀ ਤਾਂ ਉੂਠ ਤੋਂ ਛਾਣਨੀ ਲਾਹੁਣ ਦੇ ਬਰਾਬਰ ਹੀ ਹੈ।