ਐਚ-1ਬੀ ਵੀਜ਼ੇ ਵਾਲਿਆਂ ਦੇ ਜੀਵਨ ਸਾਥੀਆਂ ਦਾ ਰੁਜ਼ਗਾਰ ਖ਼ਤਮ ਹੋਣ ਦੇ ਖਦਸ਼ੇ

ਐਚ-1ਬੀ ਵੀਜ਼ੇ ਵਾਲਿਆਂ ਦੇ ਜੀਵਨ ਸਾਥੀਆਂ ਦਾ ਰੁਜ਼ਗਾਰ ਖ਼ਤਮ ਹੋਣ ਦੇ ਖਦਸ਼ੇ

ਵਾਸ਼ਿੰਗਟਨ/ਬਿਊਰੋ ਨਿਊਜ਼:
ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਕੰਮ ਦੀ ਮਿਲੀ ਇਜਾਜ਼ਤ ਸਬੰਧੀ ਨਿਯਮ ਨੂੰ ਰੱਦ ਕਰਨ ਉਤੇ ਟਰੰਪ ਪ੍ਰਸ਼ਾਸਨ ਵਿਚਾਰ ਕਰ ਰਿਹਾ ਹੈ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਕਾਮੇ ਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਤ ਹੋ ਸਕਦੇ ਹਨ।
ਸਾਲ 2015 ਤੋਂ ਬਾਅਦ ਗਰੀਨ ਕਾਰਡ ਦੀ ਇੰਤਜ਼ਾਰ ਕਰ ਰਹੇ ਐਚ-1ਬੀ ਵੀਜ਼ਾ ਧਾਰਕ ਦੇ ਜੀਵਨ ਸਾਥੀ ਨੂੰ ਅਮਰੀਕਾ ਵਿੱਚ ਐਚ-4 ਆਸ਼ਰਿਤ ਵੀਜ਼ੇ ਉਤੇ ਕੰਮ ਕਰਨ ਦਾ ਅਧਿਕਾਰ ਹੈ। ਇਹ ਨਿਯਮ ਓਬਾਮਾ ਪ੍ਰਸ਼ਾਸਨ ਨੇ ਲਿਆਂਦਾ ਸੀ। 2016 ਵਿੱਚ 41 ਹਜ਼ਾਰ ਤੋਂ ਵੱਧ ਐਚ-4 ਵੀਜ਼ਾ ਧਾਰਕਾਂ ਨੂੰ ਕੰਮ ਦਾ ਅਧਿਕਾਰ ਦਿੱਤਾ ਗਿਆ। ਇਸ ਸਾਲ ਜੂਨ ਤੱਕ 36 ਹਜ਼ਾਰ ਤੋਂ ਵੱਧ ਐਚ-4 ਵੀਜ਼ਾ ਧਾਰਕਾਂ ਨੂੰ ਕੰਮ ਦਾ ਹੱਕ ਮਿਲਿਆ।
ਐਚ-1ਬੀ ਵੀਜ਼ਾ ਪ੍ਰੋਗਰਾਮ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਵਿੱਚ ਰੁਜ਼ਗਾਰ ਦਾ ਮੌਕਾ ਦਿੰਦਾ ਹੈ। ਇਸ ਤਹਿਤ ਬਹੁਤੇ ਕਾਮੇ ਭਾਰਤ ਤੇ ਚੀਨ ਤੋਂ ਆਉਂਦੇ ਹਨ। ਹੋਮਲੈਂਡ ਸਕਿਉਰਿਟੀ ਵਿਭਾਗ (ਡੀਐਚਐਸ) ਨੇ ਆਪਣੇ ਤਾਜ਼ਾ ਨਿਯਮ ਵਿੱਚ ”ਐਚ-1ਬੀ ਵੀਜ਼ਾ ਧਾਰਕਾਂ ਦੇ ਐਚ-4 ਵੀਜ਼ਾ ਧਾਰਕ ਜੀਵਨ ਸਾਥੀਆਂ ਨੂੰ ਰੁਜ਼ਗਾਰ ਦੇ ਦਿੱਤੇ ਅਧਿਕਾਰ ਸਬੰਧੀ ਡੀਐਚਐਸ ਦੀ ਆਪਣੇ ਨਿਯਮ ਨੂੰ ਖ਼ਤਮ ਕਰਨ ਦੀ ਤਜਵੀਜ਼ ਹੈ।”