ਕੇ.ਪੀ. ਗਿੱਲ ਨੂੰ 'ਬੁੱਚੜ' ਕਿਉਂ ਨਾ ਕਿਹਾ ਜਾਵੇ? 

ਕੇ.ਪੀ. ਗਿੱਲ ਨੂੰ 'ਬੁੱਚੜ' ਕਿਉਂ ਨਾ ਕਿਹਾ ਜਾਵੇ? 

(ਕੇ.ਪੀ. ਗਿੱਲ ਅਤੇ ਪੰਜਾਬ ਦੀ ਕੈਟ ਪ੍ਰਣਾਲੀ - ਸੁਰਿੰਦਰ ਸਿੰਘ, ਟਾਕਿੰਗ ਪੰਜਾਬ) 

ਪਿਛਲੇ ਦਿਨੀਂ ਕੇ.ਪੀ. ਗਿੱਲ ਬਾਰੇ ਪੰਜਾਬ 'ਚ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਬਣ ਕੇ ਹਿੱਸਾ ਲਿਆ। ਸੈਮੀਨਾਰ 'ਚ ਸ਼ਾਮਲ ਸਾਰੇ ਬੁਲਾਰਿਆਂ ਅਤੇ ਡੈਲੀਗੇਟਾਂ ਨੇ ਕੇ.ਪੀ. ਗਿੱਲ ਦੇ ਸੋਹਲੇ ਗਾਏ। ਇਸ ਦੇ ਇਲਾਵਾ ਕੁਝ ਦਿਨ ਪਹਿਲਾਂ ਗਿੱਲ ਦੀ ਘਰਵਾਲੀ ਨੇ ਇੱਕ ਅਖਬਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਸ ਦੇ ਘਰਵਾਲੇ ਨੂੰ 'ਬੁੱਚੜ' ਕਹਿਣਾ ਗਲਤ ਹੈ। ਇਸ ਸੰਬੰਧ 'ਚ ਅਸੀਂ ਗਿੱਲ ਅਤੇ ਉਹਦੇ ਕਾਰਜ ਕਾਲ ਦੌਰਾਨ ਪੰਜਾਬ 'ਚ ਵਾਪਰੀਆਂ ਘਟਨਾਵਾਂ ਬਾਰੇ ਚਰਚਾ ਕਰਦੇ ਹਾਂ।
     
1984 ਤੋਂ ਲੈ ਕੇ 1990 - 91 ਤੱਕ ਪੰਜਾਬ ਪੁਲਿਸ ਦੇ ਬਹੁਤੇ ਮੁਲਾਜ਼ਮ ਜੁਝਾਰੂਆਂ ਪ੍ਰਤੀ ਨਰਮ ਅਤੇ ਹਮਦਰਦੀ ਵਾਲਾ ਰਵੱਈਆ ਰੱਖਦੇ ਸਨ। ਸਧਾਰਣ ਮੁਲਾਜ਼ਮ ਖਾੜਕੂਆਂ ਨੂੰ ਸਮਾਜ ਦੀਆਂ ਬੁਰਾਈਆਂ ਦੂਰ ਕਰਨ ਵਾਲ਼ੇ ਅਤੇ ਇੱਕ ਨਵੇਂ ਸਮਾਜ ਦੇ ਉਸਰਈਏ ਸਮਝਦੇ ਸਨ। ਥਾਣਿਆਂ ਵਿੱਚ ਉਹ ਆਮ ਕਰਕੇ ਸਿੱਖ ਕਾਜ ਨੂੰ ਪ੍ਰਣਾਏ ਮੁੰਡਿਆਂ ਨੂੰ ਹੱਲਾਸ਼ੇਰੀ ਵੀ ਦੇ ਦਿੰਦੇ ਸਨ ਜਦਕਿ ਉਹਨਾਂ ਦੇ ਨਾਮ 'ਤੇ ਫੜੇ ਗਏ ਲੁਟੇਰਿਆਂ ਦੀ ਭੁਗਤ ਵੀ ਸੰਵਾਰਦੇ ਰਹੇ। ਖ਼ੂਫ਼ੀਆ ਵਿਭਾਗ ਅਤੇ ਪੰਜਾਬ ਸੀ.ਆਈ.ਡੀ. ਦੇ ਮਹਿਕਮੇ ਵੱਲੋਂ ਸੀਨੀਅਰ ਅਫ਼ਸਰਾਂ ਨੂੰ ਦਿੱਤੀਆਂ ਗਈਆਂ ਰਿਪੋਰਟਾਂ 'ਚ ਇਸ ਗੱਲ ਦੇ ਖੁਲਾਸੇ ਹੋਣ ਦੇ ਬਾਅਦ ਕੇਂਦਰੀ ਸਿਸਟਮ ਵੱਲੋਂ ਪੰਜਾਬ ਦਾ ਪੁਲਿਸ ਮੁਖੀ ਬਣਾ ਕੇ ਭੇਜੇ ਗਏ ਕੇ.ਪੀ. ਗਿੱਲ ਨੇ ਇੱਕ ਨਵੀਂ ਯੋਜਨਾਬੰਦੀ ਕੀਤੀ। ਸੰਗਰੂਰ ਅਤੇ ਬਠਿੰਡੇ ਜ਼ਿਲਿਆਂ ਦੇ ਕਈ ਪਿੰਡਾਂ 'ਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਮਾਸੂਮ ਅਤੇ ਬੇ-ਕਸੂਰ ਪਰਿਵਾਰਕ ਮੈਂਬਰਾਂ ਨੂੰ ਇੱਕੋ ਰਾਤ ਹਮਲੇ ਕਰਵਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹਨਾਂ ਕਤਲਾਂ ਨੂੰ ਜੁਝਾਰੂਆਂ ਦੇ ਸਿਰ ਮੜ੍ਹ ਦਿੱਤਾ ਗਿਆ। ਇੱਕੋ ਰਾਤ ਹੋਏ ਇਹਨਾਂ ਕਤਲਾਂ ਨੇ ਪੰਜਾਬ ਪੁਲਿਸ ਦੇ ਉਹਨਾਂ ਮੁਲਾਜ਼ਮਾਂ ਦੇ ਮਨਾਂ ਵਿੱਚ ਵੀ ਜੁਝਾਰੂਆਂ ਖ਼ਿਲਾਫ਼ ਨਫ਼ਰਤ ਪੈਦਾ ਕਰ ਦਿੱਤੀ ਜਿਹੜੇ ਸਿੱਖ ਲਹਿਰ ਦਾ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਮਰਥਨ ਕਰਦੇ ਸਨ। ਬਹੁਤ ਸਮਾਂ ਬਾਅਦ 'ਚ ਜਾ ਕੇ ਇਹ ਗੱਲ ਸਾਹਮਣੇ ਆਈ। ਜਿਹੜੇ ਪੁਲਿਸ ਕੈਟਾਂ ਕੋਲੋਂ ਗਿੱਲ ਅਤੇ ਕੇਂਦਰੀ ਏਜੰਸੀਆਂ ਨੇ ਇਹ ਕਾਰੇ ਕਰਵਾਏ ਸਬੂਤ ਖਤਮ ਕਰਨ ਲਈ ਸਿੱਖ ਮੁੰਡਿਆਂ ਦੇ ਨਾਲ ਨਾਲ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਵੀ ਝੂਠੇ ਮੁਕਾਬਲਿਆਂ 'ਚ ਮਾਰ ਦਿੱਤਾ ਗਿਆ। ਅਖ਼ਬਾਰਾਂ ਅਤੇ ਮੀਡੀਆ 'ਚ ਪੁਲਿਸ ਅਧਕਾਰੀਆਂ ਦਾ ਇੱਕੋ ਰਟਿਆ ਰਟਾਇਆ ਬਿਆਨ ਛਪਦਾ ਰਹਿੰਦਾ ਸੀ, ''ਰਾਤ ਦੇ ਹਨੇਰੇ 'ਚ ਸਕੂਟਰ 'ਤੇ ਸਵਾਰ ਦੋ ਅਣਪਛਾਤੇ ਵਿਅਕਤੀ ਆਉਂਦੇ ਦਿਸੇ ਤਾਂ ਨਾਕਾ ਪਾਰਟੀ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਸ਼ੱਕੀਆਂ ਨੇ ਰੁਕਣ ਦੀ ਥਾਂ ਪੁਲਿਸ ਪਾਰਟੀ 'ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵੱਲੋਂ ਚਲਾਈ ਜਵਾਬੀ ਗੋਲ਼ੀਬਾਰੀ ਵਿੱਚ ਦੋਵੇਂ ਸ਼ੱਕੀ ਮਾਰੇ ਗਏ। ਜਿਹਨਾਂ ਦੇ ਕਬਜ਼ੇ ਵਿੱਚੋਂ ਫ਼ਲਾਂ ਫ਼ਲਾਂ ਹਥਿਆਰ ਅਤੇ ਭਾਰੀ ਮਾਤਰਾ 'ਚ ਗੋਲ਼ੀ ਸਿੱਕਾ ਬਰਾਮਦ ਹੋਇਆ ਹੈ। ਮਰਨ ਵਾਲਿਆਂ ਦੀ ਪਹਿਚਾਣ ਖਤਰਨਾਕ ਦਹਿਸ਼ਤਗਰਦ ਫ਼ਲਾਂ ਫ਼ਲਾਂ ਸਿੰਘ ਵੱਜੋਂ ਹੋਈ ਹੈ।'' ਸਾਰੀਆਂ ਘਟਨਾਵਾਂ ਵਿੱਚ ਇਹ ਇੱਕੋ ਤਰਾਂ ਦੀ ਇਬਾਰਤ ਹੁੰਦੀ ਸੀ। ਇਸ ਬਾਰੇ ਨਾ ਕਿਸੇ ਪੱਤਰਕਾਰ ਨੇ ਅਤੇ ਨਾ ਕਿਸੇ ਅਖ਼ਬਾਰ ਦੇ ਸੰਪਾਦਕ ਨੇ ਕੋਈ ਮੋੜਵਾਂ ਸੁਆਲ ਕੀਤਾ।

ਜੁਝਾਰੂਆਂ ਦੇ ਭੇਸ ਵਿੱਚ ਕੰਮ ਕਰਦੇ ਪੁਲਿਸ ਕੈਟਾਂ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਪੁਲਿਸ ਹੁਣ ਮੁੱਦਾ ਖਤਮ ਕਰਨ ਲਈ ਉਹਨਾਂ ਨੂੰ ਵੀ ਮਾਰ ਸਕਦੀ ਹੈ ਤਾਂ ਉਹਨਾਂ 'ਚੋਂ ਬਹੁਤ ਸਾਰੇ ਕੈਟ ਗ਼ੈਰਕਾਨੂੰਨੀ ਤਰੀਕਿਆਂ ਨਾਲ ਅਮਰੀਕਾ, ਕੈਨੇਡਾ ਅਤੇ ਕੁੱਝ ਯੌਰਪੀ ਮੁਲਕਾਂ 'ਚ ਜਾ ਵਸੇ। ਇਹਨਾਂ 'ਚੋਂ ਕਈਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਜਾਂ ਸਹੁੰ ਕਹਿ ਲਓ, 'ਤੇ ਬਹੁਤ ਅਹਿਮ ਜਾਣਕਾਰੀ ਸਾਂਝੀ ਕੀਤੀ ਕਿ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਅਤੇ ਬੇਕਸੂਰ ਹਿੰਦੂਆਂ ਦੇ ਕਤਲਾਂ ਲਈ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਸੀ। ਉਹਨਾਂ ਨੇ ਝਿਜਕਦਿਆਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਇਹਨਾਂ ਅਧਿਕਾਰੀਆਂ 'ਚ ਇਜ਼ਹਾਰ ਆਲਮ, ਪਰਮਜੀਤ ਗਿੱਲ, ਮਦਨਜੀਤ, ਹਰਿੰਦਰ ਚਹਿਲ, ਗੁਰਨਾਮ ਮਹਿਰਾ, ਸੁਰੇਸ਼ ਅਰੋੜਾ ਅਤੇ ਕੇ.ਪੀ. ਗਿੱਲ ਦੇ ਇਲਾਵਾ ਕੁੱਝ ਪੰਜਾਬ ਤੋਂ ਬਾਹਰ ਦੇ ਹਿੰਦੀ ਬੋਲਦੇ ਅਫ਼ਸਰ ਸ਼ਾਮਲ ਸਨ। ਇਹਨਾਂ ਸਾਬਕਾ ਕੈਟਾਂ ਨੇ ਇਹ ਵੀ ਦੱਸਿਆ ਕਿ ਸੁਮੇਧ ਸੈਣੀ ਅਤੇ ਅਜੀਤ ਸਿੰਘ ਸੰਧੂ ਵਰਗੇ ਅਫ਼ਸਰਾਂ ਨੂੰ ਕੈਟਾਂ ਦੀ ਬਹੁਤੀ ਲੋੜ ਨਹੀਂ ਸੀ ਪੈਂਦੀ ਕਿਉਂਕਿ ਉਹਨਾਂ ਨਾਲ ਅਜਿਹੇ ਪੁਲਿਸ ਮੁਲਾਜ਼ਮ ਤਾਇਨਾਤ ਹੁੰਦੇ ਸਨ ਜਿਹਨਾਂ ਦੀਆਂ ਦਾਹੜੀਆਂ ਵਧਾਈਆਂ ਹੋਈਆਂ ਅਤੇ ਗਾਤਰੇ ਪਾਏ ਹੁੰਦੇ ਸਨ। ਇਹਨਾਂ ਕੈਟਾਂ ਨੂੰ ਜੁਝਾਰੂਆਂ ਵਾਲ਼ੀ ਭਾਸ਼ਾ ਪੂਰੀ ਤਰਾਂ ਪਤਾ ਹੁੰਦੀ ਸੀ। ਇਹ ਆਮ ਕਰਕੇ 'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ' ਬੁਲਾਉਂਦੇ। ਆਪਸ ਹਾਲ ਚਾਲ ਪੁੱਛਣ 'ਤੇ ਜਵਾਬ 'ਚੜ੍ਹਦੀਕਲਾ' ਵਿੱਚ ਦਿੰਦੇ। ਅਖਬਾਰਾਂ 'ਚ ਕਤਲ ਦੀਆਂ ਖ਼ਬਰਾਂ ਛਪਣ 'ਤੇ ਪ੍ਰਤੀਕਰਮ ਵੱਜੋਂ ਹੱਸ ਕੇ ਬੋਲਦੇ ਕੇ 'ਸੋਧਾ ਲਾ ਦਿੱਤਾ ਗਿਆ ਹੈ'। ਇੱਕ ਦੂਜੇ ਨੂੰ 'ਖਾਲਸਾ' ਕਹਿ ਕੇ ਬੁਲਾਉਂਦੇ। ਇਸ ਤਰਾਂ ਨੇੜੇ ਖੜ੍ਹੇ ਜਾਂ ਸੁਣ ਰਹੇ ਵਿਅਕਤੀ ਨੂੰ ਇਹ ਭੁਲੇਖਾ ਪੈਂਦਾ ਕਿ ਇਹ ਪੰਜਾਬ ਦੇ ਹੱਕਾਂ ਲਈ ਲੜ ਰਹੇ ਜੁਝਾਰੂ ਮੁੰਡੇ ਹਨ। ਇਹ ਸਾਦਾ ਕਪੜਿਆਂ 'ਚ ਵਿਚਰਦੇ ਸਨ ਅਤੇ ਥਾਣਿਆਂ 'ਚ ਘੱਟ ਹੀ ਜਾਂਦੇ ਸਨ। ਜਦੋਂ ਕਿਤੇ ਕਿਸੇ ਜੁਝਾਰੂ ਨੂੰ ਗ੍ਰਿਫ਼ਤਾਰ ਕਰਕੇ ਤਫ਼ਤੀਸ਼ ਕੀਤੀ ਜਾਂਦੀ ਜਾਂ ਉਸ ਨੂੰ ਜਾਨ ਤੋਂ ਮਾਰਨਾ ਹੁੰਦਾ ਸੀ ਤਾਂ ਇਹ ਸਾਰਾ ਕੁਝ ਪ੍ਰਾਈਵੇਟ ਕੋਠੀਆਂ ਜਾਂ ਘਰਾਂ ਵਿੱਚ ਕੀਤਾ ਜਾਂਦਾ ਸੀ। ਇਹ ਪੁਲਿਸ ਵਿੱਚ ਆਮ ਭਰਤੀ ਰਾਹੀਂ ਮੁਲਾਜ਼ਮ ਬਣੇ ਸਨ ਅਤੇ ਬਾਅਦ 'ਚ ਕੇਂਦਰੀ ਏਜੰਸੀਆਂ ਵੱਲੋਂ ਮਿਲੇ ਸੁਝਾਅ 'ਤੇ ਗਿੱਲ ਦੇ ਕਾਰਜ ਕਾਲ ਮੌਕੇ ਇਹਨਾਂ ਨੂੰ ਵਿਸ਼ੇਸ਼ ਸਿਖਲਾਈ ਲਈ ਚੁਣਿਆ ਗਿਆ। ਇਹਨਾਂ ਨੂੰ ਥਾਣੇ ਹਾਜ਼ਰੀ ਲੁਆਉਣ ਦੀ ਲੋੜ ਨਹੀਂ ਹੁੰਦੀ ਸੀ। ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਕੈਟ ਹੀ ਕਿਹਾ ਜਾਂਦਾ ਸੀ। ਗੁਰਮੀਤ ਪਿੰਕੀ ਅਤੇ ਦਲਬੀਰੇ ਦਾ ਨਾਮ ਇਹਨਾਂ ਵਿੱਚ ਆਉਂਦਾ ਹੈ। ਇਹਨਾਂ ਦੋਵਾਂ ਨੇ ਸੈਂਕੜੇ ਸਿੱਖ ਮੁੰਡਿਆਂ ਨੂੰ ਮੌਤ ਦੇ ਘਾਟ ਉਤਾਰਿਆ। ਪੰਜਾਬ ਪੁਲਿਸ ਦੇ ਸਾਬਕਾ ਮੁਖੀ ਜੇ.ਐਫ਼. ਰਿਬੇਰੋ ਨੇ 15 ਸਤੰਬਰ 1988 ਨੂੰ ਇੰਡੀਆ ਟੁਡੇ ਨਾਲ ਗੱਲ ਕਰਦਿਆਂ ਇਸ ਗੱਲ ਨੂੰ ਖੁੱਲ੍ਹ ਕੇ ਮੰਨਿਆ ਸੀ ਕਿ ਦਲਬੀਰਾ ਸਰਕਾਰ ਲਈ ਕੰਮ ਕਰਦਾ ਹੈ। Julio 6. Ribeiro: “Police all over the world take the help of undercover people. “here is no doubt about the fact that we had also been using people like Dalbir.” ਰਿਬੇਰੋ ਨੇ ਅਜਿਹੇ ਪੁਲਿਸ ਮੁਲਾਜ਼ਮਾਂ ਅਤੇ ਕੈਟਾਂ ਨੂੰ ਵਿਜੀਲੈਂਟ ਗਰੁੱਪ ਦਾ ਨਾਮ ਦਿੱਤਾ ਸੀ। ਦਲਬੀਰ ਨੇ ਬਾਅਦ 'ਚ ਪਟਿਆਲੇ ਦੇ ਸਿਵਲ ਲਾਈਨਜ਼ ਪੁਲਿਸ ਥਾਣੇ ਅੰਦਰ ਪਟਿਆਲੇ ਦੇ ਐਸ.ਐਸ.ਪੀ. ਸੀਤਲ ਦਾਸ ਅਤੇ ਐਸ.ਪੀ. ਬਲਦੇਵ ਸਿੰਘ ਬਰਾੜ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਫ਼ਿਰ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕਸ਼ੀ ਕਰ ਲਈ ਸੀ।

ਪੰਜਾਬ 'ਚ ਜੁਝਾਰੂ ਲਹਿਰ ਦੇ ਸਿਖ਼ਰ ਦੇ ਮੌਕੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਉਸ ਵੇਲੇ ਦੇ ਐਸ.ਐਸ.ਪੀ ਇਜ਼ਹਾਰ ਆਲਮ ਨੇ ਕੇਂਦਰ ਅਤੇ ਪੁਲਿਸ ਮੁਖੀ ਦੇ ਇਸ਼ਾਰਿਆਂ 'ਤੇ ਇਹ ਸਕੀਮ ਸ਼ੁਰੂ ਕੀਤੀ ਸੀ। ਆਲਮ ਨੇ ਪੁਲਿਸ ਮਹਿਕਮੇ ਦੇ ਉਹਨਾਂ ਦਾਗ਼ੀ ਮੁਲਾਜ਼ਮਾਂ ਜਿਹਨਾਂ ਨੂੰ ਅਪਰਾਧਕ ਕਾਰਵਾਈਆਂ ਅਤੇ ਤਸਕਰੀ ਦੇ ਇਲਜ਼ਾਮਾਂ ਕਾਰਨ ਮੁਅੱਤਲ ਕੀਤਾ ਜਾ ਚੁੱਕਾ ਸੀ ਨਾਲ ਸੰਪਰਕ ਕੀਤਾ ਅਤੇ ਮੁੜ ਭਰਤੀ ਕਰਕੇ ਜੁਝਾਰੂਵਾਦ ਨਾਲ ਲੜਨ ਲਈ 'ਆਲਮ ਸੈਨਾ' ਦਾ ਗਠਨ ਕੀਤਾ ਸੀ। 1983 ਵਿੱਚ ਪੁਲਿਸ 'ਚੋਂ ਮੁਅੱਤਲ ਕੀਤਾ ਗਿਆ ਦਲਬੀਰਾ 'ਆਲਮ ਸੈਨਾ' ਦਾ ਕਾਰਿੰਦਾ ਬਣਨ ਵਾਲ਼ਾ ਪਹਿਲਾ ਬੰਦਾ ਸੀ।

ਅਜਿਹੇ ਕੈਟ ਬਹੁਤੇ ਕਰਕੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਫਿਰਦੇ ਰਹਿੰਦੇ ਸਨ। ਮੁਖ਼ਬਰ ਕੈਟਾਂ ਅਤੇ ਪੁਲਿਸ ਕੈਟਾਂ ਵਿੱਚ ਬੱਸ ਐਨਾ ਕੁ ਹੀ ਫਰਕ ਹੁੰਦਾ ਸੀ ਕਿ ਮੁਖ਼ਬਰ ਕੈਟਾਂ ਨੂੰ ਰਵਾਇਤੀ ਤਨਖਾਹ ਅਤੇ ਸਰਕਾਰੀ ਭੱਤੇ ਨਹੀਂ ਮਿਲਦੇ ਸਨ। ਪੁਲਿਸ ਕੈਟਾਂ ਵੱਲੋਂ ਜਿਥੇ ਖ਼ੁਦ ਸਿੱਖੀ ਭੇਸ ਵਿੱਚ ਵਿਚਰਦਿਆਂ ਜੁਝਾਰੂ ਮੰਡਿਆਂ ਦੇ ਪਰਿਵਾਰਾਂ ਕੋਲੋਂ ਸੂਹਾਂ ਲੈਣੀਆਂ ਸੌਖੀਆਂ ਸਨ ਉਥੇ ਉਹ ਜੁਝਾਰੂ ਪਰਿਵਾਰਾਂ ਨੂੰ ਕਤਲ ਵੀ ਕਰਦੇ ਰਹੇ ਸਨ। ਇਹ ਦੋਵੇਂ ਤਰਾਂ ਦੇ ਕੈਟਾਂ ਵੱਲੋਂ ਕਾਲਜਾਂ ਯੂਨੀਵਰਸਿਟੀਆਂ ਤੋਂ ਕੁੜੀਆਂ ਨੂੰ ਉਧਾਲ਼ਿਆ ਜਾਂਦਾ ਸੀ ਅਤੇ ਕਈ ਕਈ ਦਿਨਾਂ ਬਾਅਦ ਉਹਨਾਂ ਨੂੰ ਛੱਡਿਆ ਜਾਂਦਾ। ਸੀਨੀਅਰ ਪੱਤਰਕਾਰ ਕੰਵਰ ਸੰਧੂ ਨਾਲ ਕੈਮਰੇ ਅੱਗੇ ਗੱਲਾਂ ਕਰਦਿਆਂ ਗੁਰਮੀਤ ਪਿੰਕੀ ਨਾਮ ਦੇ ਕੈਟ ਨੇ ਕਈ ਵੱਡੇ ਭੇਤ ਖੋਲ੍ਹ ਕੇ ਰੱਖ ਦਿੱਤੇ ਤਾਂ ਸਰਕਾਰੀ ਨੀਤੀਆਂ ਦਾ ਪੰਜਾਬ ਦੇ ਸਿੱਖ ਨੌਜਵਾਨਾਂ ਦਾ ਕੀਤਾ ਗਿਆ ਘਾਣ ( ਹਾਲਾਂਕਿ ਇਹ ਸਰਕਾਰੀ ਕੈਟ ਵੱਲੋਂ ਹੀ ਕੀਤਾ ਗਿਆ) ਜੱਗ ਜ਼ਾਹਿਰ ਹੋ ਗਿਆ। ਸਿੱਖ ਮੁੰਡਿਆਂ ਨੂੰ ਬਾਦਲਾਂ ਦੇ ਖ਼ਾਸ ਪੁਲਿਸ ਅਫ਼ਸਰ ਸੁਮੇਧ ਸੈਣੀ ਦੀ ਟੀਮ ਵੱਲੋਂ ਕਿਵੇਂ ਕੋਹ ਕੋਹ ਕੇ ਮਾਰਿਆ ਗਿਆ ਗੁਰਮੀਤ ਪਿੰਕੀ ਨੇ ਇਸ ਬਾਰੇ ਸਾਰਾ ਕੁੱਝ ਬਿਆਨ ਕੀਤਾ। ਇਸ ਦੇ ਨਾਲ ਹੀ ਝਬਾਲ ਥਾਣੇ ਦੇ ਮੁਖੀ ਸੁਰਜੀਤ ਉਰਫ਼ ਬਾਜ਼ੀਗ਼ਰ ਨੇ ਮੇਰੇ ਨਾਲ 'ਡੇਅ ਐਂਡ ਨਾਈਟ ਟੀਵੀ ਚੈਨਲ' ਦੇ ਪ੍ਰਗ੍ਰਾਮ 'ਜਾਗੋ ਪੰਜਾਬ' ਲਾਈਵ ਪ੍ਰਸਾਰਣ ਵਿੱਚ ਆਪਣੇ ਮੂੰਹੋਂ ਇਹ ਬਿਆਨ ਦਿੱਤਾ ਕਿ ਉਹਨੇ ਪਰਮਜੀਤ ਸਿੰਘ ਗਿੱਲ ਡੀ.ਆਈ.ਜੀ. ਦੇ ਹੁਕਮਾਂ 'ਤੇ 88 ਤੋਂ ਵੱਧ ਸਿੱਖ ਮੁੰਡਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਹੈ।

ਪੰਜਾਬ ਦੀ ਆਜ਼ਾਦੀ ਲਈ ਸ਼ੁਰੂ ਹੋਈ ਜੁਝਾਰੂ ਲਹਿਰ ਨੂੰ ਆਮ ਅਤੇ ਖਾਸ ਲੋਕਾਂ ਦਾ ਵੱਡੇ ਪੱਧਰ 'ਤੇ ਸਮਰਥਨ ਮਿਲਣਾ ਕੇਂਦਰ ਸਰਕਾਰ ਲਈ ਵੱਡੀ ਚਿੰਤਾ ਦਾ ਕਾਰਨ ਸੀ। ਇਸੇ ਦੌਰਾਨ ਭਾਰਤ ਦੀ ਬੇਕਾਰ ਅਤੇ ਭੁਰ ਰਹੀ ਸਰਕਾਰੀ ਮਸ਼ੀਨਰੀ 1978 ਤੋਂ ਬਾਅਦ ਹੀ ਪੰਜਾਬ ਵਿੱਚ ਮੁੜ ਕੰਮ 'ਤੇ ਲੱਗ ਗਈ ਸੀ। ਜੁਝਾਰੂਵਾਦ ਸਮੇਂ ਸਰਕਾਰੀ ਮਹਿਕਮਿਆਂ 'ਚ ਰਿਸ਼ਵਤ ਬਿਲਕੁਲ ਖ਼ਤਮ ਹੋ ਗਈ ਸੀ। ਇੱਕ ਤਰਾਂ ਨਾਲ ਪੰਜਾਬ 'ਚ ਖਾਲਸਾ ਸਰਕਾਰ ਕੰਮ ਕਰ ਰਹੀ ਸੀ। ਇਸ ਸਮਰਥਨ ਨੂੰ ਤੋੜਨ ਲਈ ਕਈ ਸਕੀਮਾਂ ਘੜੀਆਂ ਅਤੇ ਲਾਗੂ ਕੀਤੀਆਂ ਗਈਆਂ। ਅਮੀਰ ਜ਼ਿਮੀਂਦਾਰ ਸਿੱਖ ਵਰਗ ਅਤੇ ਸਿੱਖ ਪਰਿਵਾਰਾਂ ਨਾਲ ਸੰਬੰਧ ਰੱਖਦੇ ਸੀਨੀਅਰ ਸਿਵਲ ਅਫ਼ਸਰ ਜੂਝਾਰੂਆਂ ਪ੍ਰਤੀ ਹਮਦਰਦੀ ਰੱਖਣ ਲੱਗੇ ਸਨ ਅਤੇ ਇਹ ਵਰਗ ਜੁਝਾਰੂਆਂ ਨੂੰ ਆਪਣੀ ਜੇਬ 'ਚੋਂ ਫ਼ੰਡ ਵਗੈਰਾ ਦੇ ਕੇ ਉਹਨਾਂ ਦੀ ਮਦਦ ਕਰਦੇ ਸਨ। ਇਸ ਬਾਰੇ ਖ਼ੂਫ਼ੀਆ ਰਿਪੋਰਟਾਂ ਸਰਕਾਰ ਨੂੰ ਤੰਗ ਕਰਦੀਆਂ ਸਨ। ਪੁਲਿਸ ਵੱਲੋਂ ਅਜਿਹੇ ਲੋਕਾਂ ਦੀ ਦੇਸ਼ ਧਰੋਹ ਅਤੇ ਜੁਝਾਰੂਆਂ ਦੀ ਮਦਦ ਕਰਨ ਦੇ ਦੋਸ਼ਾਂ 'ਚ ਗ੍ਰਿਫ਼ਤਾਰੀ ਪੰਜਾਬ 'ਚ ਵੱਡੀ ਪੱਧਰ 'ਤੇ ਬਿਖੇੜਾ ਖੜ੍ਹਾ ਕਰ ਸਕਦੀ ਸੀ। ਸੋ ਅਜਿਹੇ ਹਮਦਰਦਾਂ ਦੀ ਗ੍ਰਿਫ਼ਤਾਰੀ ਨਾ ਕਰਕੇ ਸਰਕਾਰ ਨੇ ਉਹਨਾਂ ਨੂੰ ਜੁਝਾਰੂਆਂ ਦੇ ਵਿਰੁੱਧ ਖੜ੍ਹਾ ਕਰਕੇ ਪੁਲਿਸ ਦੇ ਮੁਖਬਰ ਅਤੇ ਸਰਕਾਰ ਪੱਖੀ ਬਣਾਉਣ ਦੀ ਯੋਜਨਾ ਤਿਆਰ ਕੀਤੀ। ਇਸ ਯੋਜਨਾ ਤਹਿਤ ਬਲੈਕ ਕੈਟਾਂ ਵੱਲੋਂ ਜੁਝਾਰੂਆਂ ਦੇ ਭੇਸ 'ਚ ਇਹਨਾਂ ਕੋਲੋਂ ਫ਼ਿਰੌਤੀਆਂ ਮੰਗੀਆਂ ਗਈਆਂ ਅਤੇ ਇਹਨਾਂ ਦੇ ਕਤਲ ਕੀਤੇ ਗਏ। ਜੁਝਾਰੂਆਂ ਦੇ ਹਮਦਰਦ ਅਜਿਹੇ ਪਰਿਵਾਰਾਂ ਦੀਆਂ ਧੀਆਂ ਨਾਲ ਬਲਾਤਕਾਰ ਵੀ ਕੀਤੇ ਗਏ। ਜਿਸ ਨਾਲ ਇਹਨਾਂ ਲੋਕਾਂ ਨੇ ਆਪਣੇ ਆਪ ਨੂੰ ਜੁਝਾਰੂ ਲਹਿਰ ਨਾਲੋਂ ਤੋੜ ਲਿਆ। ਇਹਨਾਂ ਨੂੰ ਸਰਕਾਰ ਨੇ ਇਹ ਵਿਚਾਰ ਪੂਰੀ ਤਰਾਂ ਜਚਾ ਦਿੱਤਾ ਕਿ ਸਿੱਖ ਲਹਿਰ ਦੇ ਕਾਰਕੁੰਨ ਹੀ ਅਜਿਹੀਆਂ ਭੈੜੀਆਂ ਸਮਾਜ ਵਿਰੋਧੀ ਕਾਰਵਾਈਆਂ ਕਰਨ ਵਿੱਚ ਮਸ਼ਰੂਫ਼ ਹਨ।

ਜੁਝਾਰੂ ਸੰਘਰਸ਼ ਦੇ ਪਤਨ ਹੋਣ ਤੱਕ ਇਸ ਦਾ ਕਿਸੇ ਵੀ ਜੁਝਾਰੂ ਧਿਰ ਨੂੰ ਬਹੁਤਾ ਪਤਾ ਨਹੀਂ ਸੀ ਲੱਗਾ। ਬਲੈਕ ਕੈਟਾਂ ਵੱਲੋਂ ਕੀਤੀਆਂ ਗਈਆਂ ਕੁਝ ਇੱਕ ਦਰਿੰਦਗੀ ਦੀਆਂ ਵੰਨਗੀਆਂ ਸਾਹਮਣੇ ਆਈਆਂ ਜਿਸ ਦੇ ਬਾਅਦ ਉਹਨਾਂ ਦਰਿੰਦਿਆਂ ਨੂੰ ਸਜ਼ਾ ਵੀ ਦਿਤੀ ਗਈ। ਪਰ ਇਹ ਬਿਮਾਰੀ ਸਰਕਾਰੀ ਸਿਸਟਮ ਨੇ ਸਾਰੀ ਲਹਿਰ 'ਚ ਬੁਰੇ ਤਰੀਕੇ ਨਾਲ ਫੈਲਾ ਦਿਤੀ ਸੀ। ਸਰਕਾਰ ਵੱਲੋਂ ਭਰਤੀ ਕੀਤੇ ਗਏ ਬਲੈਕ ਕੈਟ ਅਤੇ ਮੁਖ਼ਬਰਾਂ ਵੱਲੋਂ ਖ਼ੁਦ ਹੀ ਸਾਹਮਣੇ ਆ ਕੇ ਕੀਤੀ ਗਈ ਬਿਆਨਬਾਜ਼ੀ ਕਾਰਨ ਪੁਲਿਸ ਦੇ ਜੁਲਮਾਂ ਦੀ ਕਹਾਣੀ ਜੱਗ ਜ਼ਾਹਿਰ ਹੋ ਹੁੰਦੀ ਗਈ। ਖਾਲਸਤਾਨ ਲਈ ਕੀਤੇ ਜਾ ਰਹੇ ਇਸ ਸੰਘਰਸ਼ 'ਚ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਸ਼ਾਮਲ ਕੀਤੇ ਗਏ ਭਾੜੇ ਦੇ ਬੰਦਿਆਂ ਵੱਲੋਂ ਬੇਕਸੂਰ ਹਿੰਦੂਆਂ ਅਤੇ ਸਿੱਖਾਂ ਦੇ ਕਤਲ ਕੀਤੇ ਗਏ ਅਤੇ ਸਿੱਖ ਜੁਝਾਰੂ ਲਹਿਰ ਨੂੰ ਪੰਜਾਬ ਦੇ ਲੋਕਾਂ ਅਤੇ ਕੌਮਾਂਤਰੀ ਭਾਈਚਾਰੇ ਅੱਗੇ ਬਦਨਾਮ ਕੀਤਾ ਗਿਆ। ਇਸ ਦੀ ਯੋਜਨਾਬੰਦੀ ਵੀ ਹਿੰਦੂਤਵੀ ਸਿਸਟਮ ਨੇ ਕੀਤੀ ਸੀ। ਇਸ ਸਮੇਂ ਤੱਕ ਦੁਨੀਆ 'ਚ ਸਿੱਖਾਂ ਬਾਰੇ ਇੱਕ ਰੱਬ ਨੂੰ ਮੰਨਣ ਵਾਲੇ, ਧਾਰਮਿਕ ਵਿਰਤੀ ਵਾਲੇ ਸਾਊ ਅਤੇ ਮਿਹਨਤੀ ਲੋਕ ਹੋਣ ਦਾ ਵਿਸ਼ਵਾਸ਼ ਬਣਿਆ ਹੋਇਆ ਸੀ। ਕੇਂਦਰੀ ਸਿਸਟਮ ਨੇ ਇਸ ਵਿਸ਼ਵਾਸ਼ ਨੂੰ ਤੋੜ ਕੇ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਬਣਾਉਣ ਦਾ ਭਰਪੂਰ ਯਤਨ ਕੀਤਾ। ਸਤੰਬਰ 1984 ਦੇ 'ਸੂਰੀਆ' ਰਸਾਲੇ ਨੇ ਇਸ ਬਾਰੇ ਕਾਫ਼ੀ ਵਿਸਥਾਰ ਨਾਲ ਚਾਨਣਾ ਪਾਇਆ ਸੀ। ਥਰਡ ਏਜੰਸੀ ਦੇ ਮੁਖੀ ਆਰ.ਐਨ. ਕਾਓ ਅਤੇ ਉਸ ਦੇ ਸਹਿਯੋਗੀ ਖ਼ੂਫ਼ੀਆ ਅਫ਼ਸਰਾਂ ਨੇ ਪੰਜਾਬ ਵਿੱਚ ਹਥਿਆਰ ਭੇਜ ਕੇ ਕਿਵੇਂ ਸਿੱਖਾਂ ਅਤੇ ਹਿੰਦੂਆਂ ਦੀ ਕਤਲੋ ਗਾਰਤ ਕਰਵਾਈ। ਕਨਿਸ਼ਕ ਹਵਾਈ ਹਾਦਸੇ ਨੂੰ ਅੰਜਾਮ ਦੇ ਕੇ ਸਿੱਖਾਂ ਦੇ ਸਿਰ ਮੜ੍ਹਨਾ ਹੁਣ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਹਾਦਸੇ 'ਚ 325 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਇਸ ਦੇ ਤੁਰੰਤ ਬਾਅਦ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੂੰ ਇਸ ਹਾਦਸੇ 'ਚ ਭਾਰਤੀ ਖ਼ੂਫ਼ੀਆ ਏਜੰਸੀਆਂ ਦਾ ਹੱਥ ਹੋਣ ਬਾਰੇ ਰਿਪੋਰਟਾਂ ਮਿਲ ਗਈਆਂ ਸਨ। ਪ੍ਰਤੀਕਰਮ ਵੱਜੋਂ ਕੈਨੇਡਾ ਸਰਕਾਰ ਨੇ ਕੈਨੇਡਾ ਵਿਚਲੇ ਭਾਰਤੀ ਸਫ਼ਾਰਤਖ਼ਾਨੇ 'ਚੋਂ ਤਿੰਨ ਸਫ਼ੀਰਾਂ ਨੂੰ ਵਾਪਸ ਭੇਜ ਦਿੱਤਾ। ਪੱਤਰਕਾਰਾਂ ਜ਼ੁਹੈਰ ਕਸ਼ਮੀਰੀ ਅਤੇ ਬਰਾਇਨ ਮੈਕਐਂਡਰਿਊ ਵੱਲੋਂ ਇਸ ਸਾਰੇ ਮਾਮਲੇ 'ਤੇ ਖੋਜ ਆਧਾਰਤ ਕਿਤਾਬ Soft Target ਵਿੱਚ ਸਿੱਖਾਂ ਖਿਲਾਫ਼ ਭਾਰਤੀ ਰਣਨੀਤੀ ਬਾਰੇ ਸੱਚ ਬਿਆਨ ਕੀਤਾ ਗਿਆ ਹੈ। ਇਸੇ ਤਰਾਂ ਹੋਰ ਕਈ ਅਜਿਹੇ ਕਤਲ ਭਾਰਤੀ ਏਜੰਸੀਆਂ ਨੇ ਕਰਵਾਏ ਜਿਹਨਾਂ ਨੂੰ ਸਿੱਖਾਂ ਸਿਰ ਮੜ੍ਹ ਕੇ ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸਿੱਖ ਕਾਤਲ ਅਤੇ ਖੂੰਖਾਰ ਕਿਸਮ ਦੇ ਲੋਕ ਹਨ। 

ਅਜਿਹੀਆਂ ਸਾਰੀਆਂ ਕਾਰਵਾਈਆਂ ਜਿਹਨਾਂ 'ਚ ਸਿਖਾਂ ਦਾ ਘਾਣ ਬਚਾ ਪੀੜਿਆ ਗਿਆ ਉਹਨਾਂ 'ਚ ਕੇ.ਪੀ. ਗਿੱਲ ਦਾ ਨਾਮ ਮੋਹਰੀ ਦੇ ਤੌਰ 'ਤੇ ਲਿਆ ਜਾਂਦਾ ਰਹੇਗਾ। ਗਿੱਲ ਸਿਰਫ ਆਪਣੇ ਉਪਰਲਿਆਂ ਦੀ ਸ਼ਾਬਾਸ਼ ਲੈਣ ਲਈ ਹੀ ਸਰਕਾਰੀ ਮਸ਼ੀਨਰੀ ਦਾ ਇੱਕ ਪੁਰਜਾ ਨਹੀਂ ਸੀ ਬਣਿਆ ਬਲਕਿ ਉਹ ਬਾਕੀ ਦੇ ਅਜੋਹੇ ਪੁਰਜਿਆਂ ਨੂੰ ਗਰੀਸ ਵੀ ਦਿੰਦਾ ਰਿਹਾ ਸੀ। ਜੇ ਕੌਮਾਂਤਰੀ ਪੱਧਰ 'ਤੇ ਉਹਦੇ ਉਪਰਲੇ ਵੱਡਿਆਂ ਦਹਿਸ਼ਤਵਾਦੀ ਕਾਰਵਾਈਆਂ ਕਰਕੇ ਸਿਖਾਂ ਨੂੰ ਬਦਨਾਮ ਕਰਨ 'ਤੇ ਲੱਗੇ ਹੋਏ ਸਨ ਤਾਂ ਉਹ ਕੇਂਦਰੀ ਸਿਸਟਮ ਵੱਲੋਂ ਪੰਜਾਬ 'ਚ ਸਿਖਾਂ ਨੂੰ ਕੁਚਲਣ ਲਈ ਖੋਹਲੇ ਗਏ ਮੋਰਚੇ 'ਤੇ ਲਗਾਤਾਰ ਯਤਨ ਕਰਦਾ ਰਿਹਾ। ਉਸ ਲਈ ਵਿਸ਼ੇਸ਼ਣ ਦੇ ਤੌਰ 'ਤੇ ਵਰਤੇ ਜਾਂ ਵਾਸਤੇ ਸ਼ਾਇਦ 'ਬੁੱਚੜ' ਤੋਂ ਘਿਨਾਉਣਾ ਸ਼ਬਦ ਹੋਂਦ ਵਿਚ ਨਹੀਂ ਆਇਆ ਇਸ ਵਾਸਤੇ ਹਾਲ ਦੀ ਘੜੀ ਸਿਰਫ ਇਸੇ ਨੂੰ ਇਸਤੇਮਾਲ ਕਰ ਲੈਣਾ ਚੰਗਾ ਹੈ।