ਧਾਰਾ 370 ਦਾ ਹਟਣਾ ਕਸ਼ਮੀਰੀ ਸਿੱਖਾਂ ਅਤੇ ਪੰਜਾਬੀ ਬੋਲੀ ਲਈ ਮਾਰੂ ਸਾਬਿਤ ਹੋਇਆ

ਧਾਰਾ 370 ਦਾ ਹਟਣਾ ਕਸ਼ਮੀਰੀ ਸਿੱਖਾਂ ਅਤੇ ਪੰਜਾਬੀ ਬੋਲੀ ਲਈ ਮਾਰੂ ਸਾਬਿਤ ਹੋਇਆ
ਸੰਕੇਤਕ ਤਸਵੀਰ

ਜੰਮੂ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਧਾਰਾ 370 ਨੂੰ ਖਤਮ ਕਰਕੇ ਭਾਰਤ ਵੱਲੋਂ ਜੰਮੂ ਕਸ਼ਮੀਰ ਵਿੱਚ ਲਾਗੂ ਕੀਤੇ ਗਏ ਨਵੇਂ ਰਾਜਸੀ ਪ੍ਰਬੰਧ ਵਿੱਚ ਜੰਮੂ ਕਸ਼ਮੀਰ ਦੇ ਸਿੱਖ ਭਾਈਚਾਰੇ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਜਿਸ ਵਿਰੁੱਧ ਅੱਜ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਨੁਮਾਂਇੰਦਾ ਜਥੇਬੰਦੀ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਜੰਮੂ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਸਬੰਧੀ ਅੰਮ੍ਰਿਤਸਰ ਟਾਈਮਜ਼ ਨੂੰ ਜਾਣਕਾਰੀ ਦਿੰਦਿਆਂ ਸਿੱਖ ਆਗੂ ਜਗਮੋਹਨ ਸਿੰਘ ਰੈਣਾ ਨੇ ਦੱਸਿਆ ਕਿ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਤ ਸੂਬਾ ਬਣਾਉਣ ਮਗਰੋਂ ਇੱਥੇ ਲਿਆਂਦੇ ਜਾ ਰਹੇ ਭਾਸ਼ਾਈ ਫਾਰਮੂਲੇ ਵਿੱਚ ਪੰਜਾਬੀ ਦਾ ਘਾਣ ਕਰਨ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਧਾਰਾ 370 ਹਟਣ ਤੋਂ ਪਹਿਲਾਂ ਜਿਹੜਾ ਸੰਵਿਧਾਨ ਜੰਮੂ ਕਸ਼ਮੀਰ ਵਿੱਚ ਲਾਗੂ ਸੀ ਉਸ ਵਿੱਚ ਪੰਜਾਬੀ ਬੋਲੀ ਨੂੰ ਸਰਕਾਰੀ ਬੋਲੀ ਦਾ ਦਰਜਾ ਹਾਸਿਲ ਸੀ। ਪਰ ਹੁਣ 370 ਹਟਾਉਣ ਬਾਅਦ ਕੇਂਦਰ ਸ਼ਾਸਤ ਸੂਬੇ ਦੇ ਨਵੇਂ ਬਣਾਏ ਵਿਧਾਨ ਵਿੱਚ ਸਿਰਫ ਚਾਰ ਭਾਸ਼ਾਵਾਂ ਕਸ਼ਮੀਰੀ, ਡੋਗਰੀ, ਹਿੰਦੀ ਅਤੇ ਅੰਗਰੇਜ਼ੀ ਨੂੰ ਹੀ ਸਰਕਾਰੀ ਭਾਸ਼ਾ ਬਤੌਰ ਸ਼ਾਮਿਲ ਕੀਤਾ ਗਿਆ ਹੈ ਤੇ ਪੰਜਾਬੀ ਨੂੰ ਖਤਮ ਕਰ ਦਿੱਤਾ ਹੈ। 

ਸਿੱਖ ਆਗੂਆਂ ਦਾ ਕਹਿਣਾ ਹੈ ਕਿ ਕਸ਼ਮੀਰੀ ਸਿੱਖਾਂ ਦੀ ਮਾਂ-ਬੋਲੀ ਪੰਜਾਬੀ ਹੈ ਅਤੇ ਉਹਨਾਂ ਦਾ ਸਾਰਾ ਸਿੱਖ ਸਾਹਿਤ ਪੰਜਾਬੀ ਵਿੱਚ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਸਮੁੱਚਾ ਜੀਵਨ ਪੰਜਾਬੀ ਬੋਲੀ ਨਾਲ ਜੁੜਿਆ ਹੈ ਤੇ ਭਾਰਤ ਸਰਕਾਰ ਨੇ ਕਸ਼ਮੀਰ ਦੇ ਸਿੱਖਾਂ ਨਾਲ ਇਹ ਵੱਡਾ ਧੱਕਾ ਕੀਤਾ ਹੈ।


ਪ੍ਰੈਸ ਕਾਨਫਰੰਸ ਕਰਦੇ ਹੋਏ ਸਿੱਖ ਆਗੂ

ਜੰਮੂ ਕਸ਼ਮੀਰ ਦੇ ਸਿੱਖ ਆਗੂਆਂ ਨੇ ਭਾਰਤ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਧਾਰਾ 370 ਹਟਾਉਣ ਤੋਂ 5 ਮਹੀਨਿਆਂ ਬਾਅਦ ਵੀ ਘੱਟਗਿਣਤੀਆਂ ਦੀ ਸੁਰੱਖਿਆ ਲਈ ਬਣਾਏ ਗਏ ਭਾਰਤ ਦੇ ਨੈਸ਼ਨਲ ਕਮਿਸ਼ਨ ਫਾਰ ਮਾਇਨੋਰਟੀਸ ਐਕਟ ਨੂੰ ਜੰਮੂ ਕਸ਼ਮੀਰ ਵਿੱਚ ਲਾਗੂ ਕਿਉਂ ਨਹੀਂ ਕੀਤਾ ਗਿਆ। 

ਭਾਰਤ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੇ ਇੱਕ ਹੋਰ ਧੱਕੇ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਕਸ਼ਮੀਰ ਵਿੱਚ ਰਹਿ ਗਏ ਘੱਟਗਿਣਤੀ ਭਾਈਚਾਰਿਆਂ ਨਾਲ ਸਬੰਧਿਤ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਭਾਰਤ ਸਰਕਾਰ ਨੇ ਜਿਹੜਾ ਰੁਜ਼ਗਾਰ ਪੈਕੇਜ਼ ਜਾਰੀ ਕੀਤਾ ਹੈ ਉਸ ਵਿੱਚ ਖਾਸ ਤੌਰ 'ਤੇ ਸ਼ਾਮਿਲ ਕਰ ਦਿੱਤਾ ਗਿਆ ਹੈ ਕਿ ਇਸ ਦਾ ਫਾਇਦਾ ਸਿਰਫ ਹਿੰਦੂਆਂ ਅਤੇ ਕਸ਼ਮੀਰੀ ਪੰਡਿਤਾਂ ਨੂੰ ਹੀ ਦਿੱਤਾ ਜਾਵੇਗਾ। 

ਇਹ ਖ਼ਬਰਾਂ ਵੀ ਪੜ੍ਹੋ: 
ਕੀ ਕੈਪਟਨ ਅਮਰਿੰਦਰ ਸਿੰਘ ਕੋਲ ਵਿਵਾਦਿਤ ਭਾਰਤੀ ਕਾਨੂੰਨ ਨੂੰ ਰੋਕਣ ਦੀ ਤਾਕਤ ਹੈ?
ਉੱਤਰ ਪੂਰਬੀ ਸੂਬਿਆਂ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਿਉਂ? ਤੇ ਪੰਜਾਬ ਨਾਲ ਇਸਦਾ ਸਬੰਧ

ਉਹਨਾਂ ਕਿਹਾ ਕਿ ਇਹ ਸਿੱਖਾਂ ਨਾਲ ਧੱਕੇ ਹਨ ਜਿਹੜੇ ਧਾਰਾ 370 ਹਟਾਉਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਬਣਾਏ ਰਾਜ ਪ੍ਰਬੰਧ ਵਿੱਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਸ਼ਮੀਰ ਦੇ ਸਿੱਖਾਂ ਲਈ ਤਾਂ ਧਾਰਾ 370 ਦਾ ਹਟਣਾ ਇਸ ਤਰ੍ਹਾਂ ਬਹੁਤ ਵੱਡੇ ਨੁਕਸਾਨ ਵਾਲੀ ਗੱਲ ਹੀ ਹੋ ਨਿੱਬੜੇਗੀ। 

ਕਸ਼ਮੀਰ ਦੇ ਸਿੱਖ ਆਗੂਆਂ ਨੇ ਅੱਜ ਜੰਮੂ ਵਿਖੇ ਪਹੁੰਚ ਕੇ ਪ੍ਰੈਸ ਕਾਨਫਰੰਸ ਕੀਤੀ ਕਿਉਂਕਿ ਕਸ਼ਮੀਰ ਵਿੱਚ ਭਾਰਤ ਸਰਕਾਰ ਨੇ ਮੀਡੀਆ 'ਤੇ ਪਾਬੰਦੀਆਂ ਲਾਈਆਂ ਹੋਈਆਂ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।