ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ- 
ਸਾਬਕਾ ਕਬੱਡੀ ਖਿਡਾਰੀ ਮੇਜਰ ਸਿੰਘ ਬੈਂਸ ਨੇ ਕੀਤਾ ਵਿਸ਼ਵ ਕੱਪ ਦਾ ਉਦਘਟਨ 
ਅਮੋਲਕ ਸਿੰਘ ਗਾਖਲ ਨੇ ਬੰਨ੍ਹਿਆ ਸੰਗਤਾਂ ਸਿਰ ਸਫਲਤਾ ਦਾ ਸਿਹਰਾ
ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਵਿਸ਼ਵ ਕਬੱਡੀ ਕੱਪ

¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸¸
ਕਬੱਡੀ ਪ੍ਰੇਮੀਆਂ ਲਈ ਯੂਨੀਅਨ ਸਿਟੀ 'ਚ ਐਤਵਾਰ ਦਾ ਦਿਨ ਮੁਬਾਰਕ ਚੜ੍ਹਿਆ
ਲੋਗਨ ਹਾਈ ਸਕੂਲ ਦਾ ਖੇਡ ਮੈਦਾਨ ਸ਼ਾਮ ਵੇਲੇ ਸਵਿਟਰਜ਼ਲੈਂਡ ਵਰਗਾ ਲੱਗਦਾ ਸੀ
ਟੈਂਟ, ਕੁਰਸੀਆਂ ਤੇ ਹੋਰ ਬੈਠਣ ਦੀ ਸਹੂਲਤ ਸਲਾਹੁਣਯੋਗ ਸੀ
ਪੰਡਾਲ 'ਚ ਲੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੱਡੇ-ਵੱਡੇ ਬੈਨਰ ਪ੍ਰਬੰਧਕਾਂ ਦੀ ਸ਼ਰਧਾ ਦਾ ਸੂਚਕ ਬ
ਣੇ
¸¸¸¸¸¸¸¸¸¸¸¸¸¸¸¸¸¸¸¸¸¸¸¸¸¸¸
ਯੂਨੀਅਨ ਸਿਟੀ/ਐੱਸ.ਅਸ਼ੋਕ.ਭੌਰਾ :
ਕਹਿੰਦੇ ਹਨ ਕਿ ਜੇ ਲਗਨ ਸ਼ਰਧਾ ਨਾਲ ਜੁੜੀ ਹੋਵੇ ਤਾਂ ਪੈੜਾਂ ਹੀ ਇਤਿਹਾਸਕ ਨਹੀਂ ਹੁੰਦੀਆਂ, ਸਗੋਂ ਮੰਜ਼ਿਲ ਵੀ ਇਤਿਹਾਸਕ ਹੋ ਨਿੱਬੜਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨਾਈਟਡ ਸਪੋਰਟਸ ਕਲੱਬ ਕੈਲੀਫੋਰਨੀਆ ਦਾ 15ਵਾਂ ਵਿਸ਼ਵ ਕਬੱਡੀ ਕੱਪ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੇ ਇਤਿਹਾਸ ਵਿਚ ਆਪਣੀ ਇਕ ਵਿਲੱਖਣ ਛਾਪ ਛੱਡ ਗਿਆ। ਸ਼ਾਇਦ ਇਹ ਪਹਿਲੀ ਵਾਰ ਸੀ ਕਿ ਸ਼ਰਧਾ ਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਵਿਸ਼ਵ ਕਬੱਡੀ ਕੱਪ ਨੇ ਨਾਨਕ ਨਾਮ ਲੇਵਾ ਸਮੁੱਚੀ ਸੰਗਤ ਨੂੰ ਇਹ ਵਿਸ਼ਵਾਸ ਤੇ ਯਕੀਨ ਦੁਆਇਆ ਕਿ ਸੱਚੀਂ ਮੁੱਚੀਂ ਹੀ ਚੜ੍ਹਦੀ ਕਲਾ ਦੇ ਅਰਥ ਨਾਨਕ ਨਾਮ ਨਾਲ ਹੀ ਹੁੰਦੇ ਨੇ। ਲੰਘੇ ਐਤਵਾਰ ਨੂੰ ਯੂਨੀਅਨ ਸਿਟੀ ਦੇ ਲੋਗਨ ਹਾਈ ਸਕੂਲ 'ਚ 15000 ਤੋਂ ਵੱਧ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੀ ਸੰਗਤ ਦਾ ਪੁੱਜਣਾ, ਸਾਰਾ ਦਿਨ ਗੁਰੂ ਕਾ ਅਤੁੱਟ ਲੰਗਰ ਵਰਤਣਾ, 9 ਘੰਟੇ ਲਗਾਤਾਰ ਪੰਜਾਬੀ ਪੁੱਤਰਾਂ ਦਾ 'ਕਬੱਡੀ ਕਬੱਡੀ' ਨਾਲ ਜ਼ੋਰ ਵਿਖਾਉਣਾ ਅਤੇ ਅਮਰੀਕਾ ਦੀ ਧਰਤੀ 'ਤੇ ਅਜਿਹਾ ਇਤਿਹਾਸ ਬਣਾਉਣਾ, ਗੁਰੂ ਬਾਬੇ ਨਾਨਕ ਦੀ ਮਿਹਰ ਨਾਲ ਹੀ ਸੰਭਵ ਹੋ ਸਕਿਆ। ਇਹ ਵਿਚਾਰ ਯੁਨਾਈਟਡ ਸਪੋਰਟਸ ਕਲੱਬ ਦੇ ਮੁੱਖ ਸਰਪ੍ਰਸਤ, ਵਿਸ਼ਵ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਅਤੇ ਰੂਹੇ ਰਵਾਂ ਸ. ਅਮੋਲਕ ਸਿੰਘ ਗਾਖਲ ਨੇ ਆਖੇ। ਉਨ੍ਹਾਂ ਕਿਹਾ ਕਿ 'ਮੇਰਾ ਮੁਝ ਮਹਿ ਕਿਛੁ ਨਹੀ' ਦੀ ਧਾਰਨਾ ਨਾਲ ਇਸ ਕਬੱਡੀ ਕੱਪ ਨੂੰ ਪੰਜਾਬੀਆਂ, ਸਿੱਖ ਕੌਮ ਅਤੇ ਕਬੱਡੀ ਪ੍ਰੇਮੀਆਂ ਦੇ ਨਾਮ ਕੀਤਾ। ਕਲੱਬ ਦੇ ਚੇਅਰਮੈਨ ਸ. ਮੱਖਣ ਸਿੰਘ ਬੈਂਸ ਨੇ ਕਬੱਡੀ ਕੱਪ ਨੂੰ ਕਾਮਯਾਬੀ ਨਾਲ ਕਰਵਾਉਣ ਲਈ ਦਿਨ ਰਾਤ ਇਕ ਹੀ ਨਹੀਂ ਕੀਤਾ, ਸਗੋਂ ਆਪਣੇ ਕਾਰੋਬਾਰੀ ਅਦਾਰੇ ਰਾਜਾ ਸਵੀਟਸ ਵਲੋਂ ਅੰਮ੍ਰਿਤਸਰੀ ਛੋਲੇ-ਭਟੂਰੇ ਅਤੇ ਦੇਸੀ ਘਿਓ ਦੀਆਂ ਜਲੇਬੀਆਂ ਦਾ ਲੰਗਰ ਤੇ ਗੁਰੂਘਰ ਫਰੀਮੌਂਟ ਅਤੇ ਗੁਰੂਘਰ ਸੈਨਹੋਜ਼ੇ ਵਲੋਂ ਵੀ ਸਾਰਾ ਦਿਨ ਸੰਗਤ ਦੀ ਸੇਵਾ ਵਿਚ ਲੰਗਰ ਵਰਤਾਇਆ ਗਿਆ। ਤਕਨੀਕੀ ਪ੍ਰਬੰਧਾਂ ਦੀ ਦੇਖਰੇਖ ਕਰਨ ਵਾਲੀ ਜੋੜੀ ਇਕਬਾਲ ਸਿੰਘ ਗਾਖਲ ਉੱਪ ਚੇਅਰਮੈਨ, ਕਬੱਡੀ ਦੇ ਸਾਬਕਾ ਧੁਰੰਤਰ ਤੀਰਥ ਸਿੰਘ ਗਾਖਲ ਅਤੇ ਮੱਖਣ ਸਿੰਘ ਧਾਲੀਵਾਲ ਨੇ ਬਾਖੂਬੀ ਜ਼ਿੰਮੇਵਾਰੀਆਂ ਨਿਭਾਈਆਂ। ਇਸ ਕਬੱਡੀ ਕੱਪ ਵਿਚ ਸਾਰਾ ਦਿਨ ਫਸਵੇਂ ਮੁਕਾਬਲੇ ਹੋਏ। ਚੋਟੀ ਦੇ ਖਿਡਾਰੀਆਂ ਦੇ ਜੋਸ਼ ਭਰੇ ਜਲਵੇ ਤੇ ਉਂਗਲੀਆਂ ਖੜ੍ਹੀਆਂ ਹੁੰਦੀਆਂ ਰਹੀਆਂ। ਪੱਟਾਂ 'ਤੇ ਹੱਥ ਵੱਜਦੇ ਤੇ ਦਰਸ਼ਕਾਂ ਦੀਆਂ ਤਾੜੀਆਂ ਨਾਲ ਉਤਸ਼ਾਹ ਦਾ ਮਹੌਲ ਸਿਰਜਿਆ ਜਾਂਦਾ ਰਿਹਾ। ਇਸ ਮਾਹੌਲ ਨੇ ਕਬੱਡੀ ਪ੍ਰੇਮੀਆਂ ਤੇ ਸੰਗਤ ਦੇ ਬੜੇ ਗਿਲੇ ਸ਼ਿਕਵਿਆਂ ਨੂੰ ਵੀ ਦੂਰ ਕਰ ਦਿੱਤਾ। ਪਹਿਲੀ ਵਾਰ ਸੀ ਕਿ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਅਗਵਾਈ 'ਚ ਪ੍ਰਧਾਨ ਜੁਗਰਾਜ ਸਿੰਘ ਸਹੋਤਾ, ਵਿੱਤ ਸਕੱਤਰ ਨਰਿੰਦਰ ਸਿੰਘ ਸਹੋਤਾ, ਸਲਾਹਕਾਰ ਪਲਵਿੰਦਰ ਸਿੰਘ ਗਾਖਲ, ਨੱਥਾ ਸਿੰਘ ਗਾਖਲ ਅਤੇ ਸਾਧੂ ਸਿੰਘ ਖਲੌਰ ਦੀ ਟੀਮ ਨੇ ਹਾਜ਼ਰ ਹੋਣ ਵਾਲੀਆਂ ਅਹਿਮ ਸਖਸ਼ੀਅਤਾਂ ਨੂੰ ਜੀ ਆਇਆਂ ਹੀ ਨਹੀਂ ਆਖਿਆ, ਸਗੋਂ ਸਤਿਕਾਰ ਨਾਲ ਝੋਲੀਆਂ ਵੀ ਭਰ ਦਿੱਤੀਆਂ। ਇਸ ਕਬੱਡੀ ਕੱਪ ਦੇ ਪਹਿਲੇ ਇਨਾਮ ਦੇ ਸਪਾਂਸਰ ਓਸ਼ੀਅਨ ਟਰਾਂਸਪੋਰਟ ਦੇ ਜਗਜੀਤ ਸਿੰਘ ਰੱਕੜ, ਵਾਈਟ ਹਾਕ ਦੇ ਕੁਲਜੀਤ ਸਿੰਘ ਨਿੱਝਰ, ਦੂਜੇ ਇਨਾਮ ਦੇ ਸਪਾਂਸਰ ਸਹੋਤਾ ਭਰਾ ਜੁਗਰਾਜ ਸਿੰਘ ਸਹੋਤਾ ਤੇ ਨਰਿੰਦਰ ਸਿੰਘ ਸਹੋਤਾ, ਤੀਜੇ ਇਨਾਮ ਦੇ ਸਹਿਯੋਗੀ ਜਸਵਿੰਦਰ ਬੋਪਾਰਾਏ, ਦਲਵੀਰ ਬੋਪਾਰਾਏ, ਮਾਈਕ ਬੋਪਾਰਾਏ, ਗੁਰਦੇਵ ਸਿੰਘ ਬੋਪਾਰਾਏ ਹਾਜ਼ਰ ਰਹੇ। ਆਲ ਓਪਨ ਦਾ ਇਨਾਮ 'ਆਪਣਾ ਪੰਜਾਬ ਕਲੱਬ' ਵਲੋਂ ਕਸ਼ਮੀਰ ਸਿੰਘ ਧੁੱਗਾ ਦੀ ਅਗਵਾਈ 'ਚ ਤੱਖਰ ਪਰਿਵਾਰ ਵਲੋਂ ਸਪਾਂਸਰ ਕੀਤਾ ਗਿਆ। 


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਵਿਸ਼ਵ ਕਬੱਡੀ ਕੱਪ ਦੌਰਾਨ ਸਾਹਿਤ, ਧਰਮ, ਰਾਜਨੀਤੀ, ਖੇਡਾਂ ਤੇ ਸਮਾਜਿਕ ਖੇਤਰ ਦੀਆਂ ਪੰਜ ਅਹਿਮ ਸਖਸ਼ੀਅਤਾਂ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤੇ ਗਏ। ਇਹਨਾਂ ਵਿਚ ਸਹਾਇਤਾ ਸੰਸਥਾ ਦੇ ਡਾ. ਹਰਕੇਸ਼ ਸੰਧੂ, ਉਲੰਪੀਅਨ ਮਹਿੰਦਰ ਸਿੰਘ ਗਿੱਲ, ਯੂਨੀਅਨ ਸਿਟੀ ਦੇ ਡਿਪਟੀ ਮੇਅਰ ਗੈਰੀ ਸਿੰਘ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਅਤੇ ਤਰਲੋਚਨ ਸਿੰਘ ਦੁਪਾਲਪੁਰ ਸ਼ਾਮਿਲ ਸਨ। ਗਾਖਲ ਭਰਾਵਾਂ ਵਲੋਂ ਆਪਣੇ ਪਿਤਾ ਸ. ਨਸੀਬ ਸਿੰਘ ਦੀ ਯਾਦ ਵਿਚ ਮੇਲੇ ਦੇ ਮੀਡੀਆ ਇੰਚਾਰਜ ਅਤੇ ਜਨਰਲ ਸਕੱਤਰ ਐੱਸ.ਅਸ਼ੋਕ ਭੌਰਾ, ਸਾਬਕਾ ਖਿਡਾਰੀ ਨੇਕੀ ਸਿੱਧਵਾਂ, ਖਿਡਾਰੀ ਸੰਦੀਪ ਨੰਗਲ ਅੰਬੀਆਂ, ਪਾਲਾ ਜਲਾਲਪੁਰ, ਖੁਸ਼ੀ ਦੁੱਗਾਂ ਅਤੇ ਸੁਲਤਾਨਪੁਰ ਸ਼ਮਸਪੁਰ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸਵੇਰੇ ਤਕਰੀਬਨ 10 ਵਜੇ ਸ਼ਰਧਾਪੂਰਵਕ ਸਰਬੱਤ ਦੇ ਭਲੇ ਲਈ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਹੈੱਡ ਗ੍ਰੰਥੀ ਵਲੋਂ ਅਰਦਾਸ ਕਰਨ ਉਪਰੰਤ ਬੀਬੀ ਭੁਪਿੰਦਰ ਕੌਰ ਦੇ ਢਾਡੀ ਜਥੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿਚ ਤਕਰੀਬਨ ਅੰਧਾ ਘੰਟਾ ਢਾਡੀ ਵਾਰਾਂ ਪੇਸ਼ ਕੀਤੀਆਂ। ਸੰਗਤ ਵਿਚ ਪ੍ਰਸ਼ਾਦਿ ਵਰਤਾਇਆ ਗਿਆ ਅਤੇ ਉਦਘਾਟਨੀ ਮੈਚ ਸੈਲਮਾ ਸਪੋਰਟਸ ਕਲੱਬ ਅਤੇ ਸ਼ਹੀਦ ਭਗਤ ਸਿੰਘ ਤੇ ਊਧਮ ਸਿੰਘ ਕਲੱਬ ਦੀਆਂ ਅੰਡਰ-21 ਟੀਮਾਂ ਵਿਚ ਕਰਵਾਇਆ ਗਿਆ। ਫਿਰ ਸਾਰਾ ਦਿਨ 'ਕਬੱਡੀ ਕਬੱਡੀ' ਹੀ ਨਹੀਂ ਹੁੰਦੀ ਰਹੀ ਸਗੋਂ ਭਾਰੀ ਗਿਣਤੀ ਵਿਚ ਸੰਗਤ ਨੇ ਹਰ ਮੈਚ ਨੂੰ ਸਾਹ ਰੋਕ ਕੇ ਦੇਖਿਆ। ਸ਼ਾਇਦ ਕਬੱਡੀ ਦੇ ਹੁਣ ਤੱਕ ਦੇ ਵਿਸ਼ਵ ਕੱਪਾਂ ਵਿਚ ਇਹ ਇਤਿਹਾਸਕ ਕਬੱਡੀ ਕੱਪ, ਕਬੱਡੀ ਪ੍ਰੇਮੀਆਂ ਲਈ ਰੱਜ ਕੇ ਚਾਹਤ ਅਤੇ ਖੁਸ਼ੀ ਪ੍ਰਦਾਨ ਕਰਨ ਵਾਲਾ ਰਿਹਾ ਹੈ। ਮੈਚ ਦੇ ਅੱਧ ਵਿਚਕਾਰ ਸ. ਮੇਜਰ ਸਿੰਘ ਬੈਂਸ ਨੇ ਰੀਬਨ ਕੱਟ ਕੇ ਟੂਰਨਾਮੈਂਟ ਦਾ ਰਸਮੀ ਉਦਘਟਾਨ ਕੀਤਾ ਅਤੇ ਇਸ ਮੌਕੇ ਉਨ੍ਹਾਂ ਦੇ ਨਾਲ ਸੈਨੇਟਰ ਦੀ ਚੋਣ ਲੜ ਰਹੇ ਮੈਨੀ ਗਰੇਵਾਲ, ਉਲੰਪੀਅਨ ਸੁਰਿੰਦਰ ਸੋਢੀ, ਕਨੇਡਾ ਤੋਂ ਪੁੱਜੇ ਸੇਵਾ ਸਿੰਘ ਰੰਧਾਵਾ, ਸ. ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਅਤੇ ਮੱਖਣ ਸਿੰਘ ਬੈਂਸ ਵਲੋਂ ਵੀ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਗਈ। ਅੰਡਰ-21 ਵਿਚ ਪਹਿਲਾ ਇਨਾਮ ਸ਼ਹੀਦ ਭਗਤ ਸਿੰਘ ਤੇ ਊਧਮ ਸਿੰਘ ਕਲੱਬ ਦੇ ਹਿੱਸੇ ਆਇਆ ਤੇ ਸੈਲਮਾ ਸਪੋਰਟਸ ਕਲੱਬ ਦੂਜੇ ਨੰਬਰ 'ਤੇ ਰਿਹਾ। ਆਲ ਓਪਨ ਮੁਕਾਬਲਿਆਂ ਵਿਚ ਪਹਿਲਾ ਸਥਾਨ ਬਾਬਾ ਦੀਪ ਸਿੰਘ ਯੰਗ ਸਪੋਰਟਸ ਕਲੱਬ ਅਤੇ ਦੂਜਾ ਸਥਾਨ ਯੁਨਾਈਟਡ ਸਪੋਰਟਸ ਕਲੱਬ ਨੂੰ ਮਿਲਿਆ। ਵੱਡੀਆਂ ਕਲੱਬਾਂ ਬੇਏਰੀਆ ਸਪੋਰਟਸ ਕਲੱਬ, ਯੰਗ ਸਪੋਰਟਸ ਕਬੱਡੀ ਕਲੱਬ, ਮੈਟਰੋ ਸਪੋਰਟਸ ਕਲੱਬ ਨਿਊਯਾਰਕ ਤੇ ਨਾਰਥ ਅਮੈਰਿਕਾ ਕਲੱਬ ਦੀਆਂ ਟੀਮਾਂ ਦਰਮਿਆਨ ਹੋਏ ਹਰ ਮੁਕਾਬਲੇ ਦਾ ਦਰਸ਼ਕਾਂ ਨੇ ਰੱਜ ਕੇ ਲੁਤਫ ਲਿਆ। ਮਾਈਕ ਵਿਚ 'ਫੜ ਲਿਆ ਓਏ, ਭੱਜ ਗਿਆ ਓਏ, ਕਰਤੀ ਉਂਗਲ ਖੜੀ, ਜੋੜਤਾ ਪੁਆਇੰਟ' ਹੁੰਦੀ ਰਹੀ। ਦਰਸ਼ਕਾਂ ਨੂੰ ਕੁਮੈਂਟੇਟਰ ਕਹਿੰਦੇ ਰਹੇ ਕਿ 'ਜੇ ਸੁਆਦ ਆ ਗਿਆ ਤਾਂ ਖੋਲ੍ਹ ਦਿਓ ਤਾੜੀਆਂ ਦੇ ਬੰਨ੍ਹ'। ਜਦ ਫਾਈਨਲ ਮੈਚ ਬੇਏਰੀਆ ਸਪੋਰਟਸ ਅਤੇ ਮੈਟਰੋ ਸਪੋਰਟਸ ਕਲੱਬ ਦਰਮਿਆਨ ਹੋਇਆ ਤਦ ਇਹ ਟੂਰਨਾਮੈਂਟ ਦੀ ਸਿਖਰ ਸੀ। ਸ਼ਾਇਦ ਪੰਦਰਾਂ ਹਜ਼ਾਰ ਤੋਂ ਵੱਧ ਦਰਸ਼ਕਾਂ ਦਾ ਇਕੱਠ ਸਾਹ ਵੀ ਉੱਚੀ ਨਹੀਂ ਸੀ ਲੈ ਰਿਹਾ ਅਤੇ ਆਖਰੀ ਪਲ ਤੱਕ ਇਹ ਨਹੀਂ ਸੀ ਪਤਾ ਕਿ ਕੌਣ ਜਿੱਤੇਗਾ। ਆਖਰ ਬੇਏਰੀਆ ਸਪੋਰਟਸ ਕਲੱਬ ਨੇ 45-51 ਅੰਕਾਂ ਨਾਲ ਬਲਜੀਤ ਸੰਧੂ ਦੀ ਅਗਵਾਈ 'ਚ ਆਪਣੀਆਂ ਲਗਾਤਾਰ ਰਵਾਇਤੀ ਜਿੱਤਾਂ ਨੂੰ ਬਰਕਰਾਰ ਰੱਖਦਿਆਂ ਚੌਥੀ ਵਾਰ ਯੁਨਾਈਟਡ ਸਪੋਰਟਸ ਕਲੱਬ ਦਾ ਕੱਪ ਵੀ ਜਿੱਤ ਲਿਆ। 


ਕਈਆਂ ਨੂੰ ਇਹ ਗੱਲ ਪੱਖਪਾਤੀ ਲੱਗੇਗੀ, ਕਈਆਂ ਨੂੰ ਚੰਗੀ ਲੱਗੇਗੀ, ਕਈਆਂ ਨੂੰ ਚੁਭੇਗੀ ਤੇ ਜਿਹੜੇ ਕੰਮ ਕਰਨ ਤੇ ਕੰਮ ਦਾ ਪੱਧਰ ਬਣਾਉਣ ਦਾ ਵਿਸ਼ਵਾਸ ਰੱਖਦੇ ਹਨ, ਉਹ ਇਹ ਗੱਲ ਬਾਂਹ ਖੜੀ ਕਰਕੇ ਜ਼ਰੂਰ ਕਹਿਣਗੇ ਕਿ ਵਸਦੇ ਰਹੋ ਗਾਖਲ ਭਰਾਵੋ ਤੇ ਅਮੋਲਕ ਸਿੰਘ ਗਾਖਲ ਜ਼ਿੰਦਾਬਾਦ। ਕਿਉਂਕਿ ਹਰ ਨਿੱਕੇ ਤੋਂ ਨਿੱਕੇ ਪ੍ਰਬੰਧ ਨੂੰ ਆਪਣੀਆਂ ਸੂਖਮ ਨਜ਼ਰਾਂ ਵਿਚੋਂ ਲੰਘਾਉਣਾ, ਹਰ ਇਕ ਨੂੰ ਖੁਸ਼ ਕਰਨ ਦਾ ਯਤਨ ਕਰਨਾ, 'ਜੋ ਆਵੇ ਸੋ ਰਾਜੀ ਜਾਵੇ' ਦਾ ਸਿਧਾਂਤ ਅਪਣਾਉਣਾ, ਜੋ ਕਹਿਣਾ ਉਹ ਕਰਨਾ ਤੇ ਟੇਢੇ ਰਾਹਾਂ 'ਤੇ ਸਿੱਧਾ ਤੁਰ ਕੇ ਦਿਖਾਉਣਾ, ਸਿਰਫ ਅਮੋਲਕ ਸਿੰਘ ਗਾਖਲ ਨੂੰ ਹੀ ਆਉਂਦਾ ਹੈ। ਸ. ਮੱਖਣ ਸਿੰਘ ਬੈਂਸ, ਇਕਬਾਲ ਸਿੰਘ ਗਾਖਲ, ਤੀਰਥ ਸਿੰਘ ਗਾਖਲ ਤੇ ਕਬੱਡੀ ਕੱਪ ਦੇ ਰੱਥਵਾਨ ਅਮੋਲਕ ਸਿੰਘ ਗਾਖਲ ਦੀਆਂ ਅੱਖਾਂ 'ਚ ਜਜ਼ਬਾਤੀ ਅੱਥਰੂ ਕਬੱਡੀ ਕੱਪ ਦੀ ਸਫਲਤਾ ਦੇ ਚਮਕਦੇ ਸਿਗਨਲ ਸਨ। ਯੂਨਾਈਟਡ ਸਪੋਰਟਸ ਕਲੱਬ ਦੇ ਦੇਬੀ ਸੋਹਲ, ਇੰਦਰਜੀਤ ਥਿੰਦ, ਬਖਤਾਵਰ ਸਿੰਘ ਗਾਖਲ, ਗੋਪੀ ਗਾਖਲ, ਗਿਆਨੀ ਰਵਿੰਦਰ ਸਿੰਘ, ਬਲਵਿੰਦਰ ਸਿੰਘ ਗਾਖਲ, ਹਰਜਿੰਦਰ ਸਿੰਘ ਲੱਧੜ, ਅਮਨਦੀਪ ਸਿੰਘ, ਬਲਜਿੰਦਰ ਸਿੰਘ, ਕਿਰਨਦੀਪ, ਕਾਲਾ ਗਾਖਲ ਤੇ ਗੁਰਨਾਮ ਸਿੰਘ ਨੇ ਕਬੱਡੀ ਕੱਪ ਦੀ ਸਫਲਤਾ 'ਚ ਵਡਮੁੱਲਾ ਯੋਗਦਾਨ ਪਾਇਆ। ਹੜ੍ਹ ਪੀੜਤਾਂ ਅਤੇ ਕਰਜ਼ੇ ਦੇ ਭਾਰ ਨਾਲ ਆਤਮ-ਹੱਤਿਆਵਾਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਸਹਾਇਤਾ ਸੰਸਥਾ ਵਲੋਂ ਡਾ. ਹਰਕੇਸ਼ ਸੰਧੂ ਅਤੇ ਸਰੂਪ ਝੱਜ ਦੀ ਅਗਵਾਈ 'ਚ ਲਗਾਏ ਬੂਥ 'ਤੇ ਸੰਗਤ ਨੇ ਵੱਡੀ ਮਾਲੀ ਮਦਦ ਦਿੱਤੀ।


ਕੁਝ ਗੱਲਾਂ ਨੁਕਤਿਆਂ 'ਚ ਕਰਦੇ ਹਾਂ;
ਕਬੱਡੀ ਕੱਪ ਨੂੰ ਵੱਡੀ ਵਿੱਤੀ ਮਦਦ ਦੇਣ ਵਾਲੇ ਇੰਦਰ ਦੁਸਾਂਝ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਕੇ।
ਡਾਇਮੰਡ ਸਪਾਂਸਰ ਸ. ਮਹਿੰਗਾ ਸਿੰਘ ਸਰਾਏ ਦਾ ਪਰਿਵਾਰ ਸਾਰਾ ਦਿਨ ਹਾਜ਼ਰ ਰਿਹਾ।
ਕਬੱਡੀ ਦੇ ਸਾਬਕ ਖਿਡਾਰੀ ਤੇ ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਦੇ ਪਿਤਾ ਸ. ਮੇਜਰ ਸਿੰਘ ਬੈਂਸ ਵੀਲ੍ਹ ਚੇਅਰ 'ਤੇ ਸਾਰਾ ਦਿਨ ਕਬੱਡੀ ਕੱਪ 'ਚ ਮਾਣ ਸਨਮਾਨ ਅਤੇ ਅਸ਼ੀਰਵਾਦ ਦਿੰਦੇ ਰਹੇ। 
ਇਕ ਦਰਜਨ ਦੇ ਕਰੀਬ ਸਟਿੱਲ ਕੈਮਰੇ, ਤਸਵੀਰਾਂ ਖਿੱਚਦੇ ਰਹੇ।
ਅੱਧੀ ਦਰਜਨ ਦੇ ਕਰੀਬ ਚੈਨਲਾਂ ਨੇ ਹਰ ਪਲ ਕੈਮਰੇ 'ਚ ਕੈਦ ਕੀਤਾ, ਜਸ ਪੰਜਾਬੀ, ਪੀ.ਟੀ.ਸੀ, ਗਰਵ ਪੰਜਾਬ ਇਸ ਕਬੱਡੀ ਕੱਪ ਨੂੰ ਘਰ ਬੈਠੇ ਦਰਸ਼ਕਾਂ ਤੱਕ ਲੈ ਕੇ ਜਾਂਦੇ ਰਹੇ। 
ਵੇਰਕਾ ਵਾਲਿਆਂ ਨੇ ਏਨੀ ਲੱਸੀ ਲੰਗਰ 'ਚ ਵਰਤਾਈ ਕਿ ਸ਼ਾਇਦ ਪੰਜਾਬ ਦੇ ਦਸ ਪਿੰਡਾਂ ਵਿਚੋਂ ਵੀ ਏਨੀ ਲੱਸੀ ਇਕੱਠੀ ਕਰਨੀ ਔਖੀ ਹੋਵੇ। 
ਲੰਗਰ ਦੇ ਪ੍ਰਬੰਧ ਦੇਖੋ, ਪੂਰੀਆਂ-ਛੋਲੇ, ਜਲੇਬੀਆਂ, ਲੰਗਰ ਦੀ ਦਾਲ, ਫੁਲਕੇ, ਪਾਣੀ ਏਨੀ ਸੇਵਾ ਭਾਵਨਾ ਅਤੇ ਸ਼ਰਧਾ ਨਾਲ ਵਰਤਾਇਆ ਗਿਆ ਕਿ ਗੱਲ ਕਹਿਣ ਦੀ ਹੀ ਨਹੀਂ ਰਹੀ।
ਗੁਰੂ ਨਾਨਕ ਜੀ ਦੇ ਨਾਂ 'ਤੇ ਹੋਏ ਕਬੱਡੀ ਕੱਪ 'ਚ ਨਸ਼ਿਆਂ ਦੇ ਸੇਵਨ ਦੀ ਸਖਤ ਮਨਾਹੀ ਰਹੀ।
ਸਥਾਨਕ ਪ੍ਰਸ਼ਾਸ਼ਨ ਨੇ ਵੀ ਭਰਵੀਂ ਹਾਜ਼ਰੀ ਲਗਵਾਈ। 
ਫਰੀਮੌਂਟ ਦੀ ਮੇਅਰ ਲਿਲੀ ਮੀਅ, ਡਿਪਟੀ ਮੇਅਰ ਰਾਜ ਸਲਵਾਨ, ਫਰੀਮੌਂਟ ਦੀ ਕੌਂਸਲ ਵੋਮੈਨ ਟੈਰੇਸਾ ਕੈਂਗ, ਯੂਨੀਅਨ ਸਿਟੀ ਦੇ ਡਿਪਟੀ ਮੇਅਰ ਗੈਰੀ ਸਿੰਘ, ਸਿਟੀ ਮੈਨੇਜਰ ਯੁਆਂਗ ਮੈਲੋਏ, ਕੌਂਸਲਮੈਨ ਕੈਟ ਦਕਾਉਸ, ਯੂਨੀਅਨ ਸਕੂਲ ਬੋਰਡ ਦੀ ਪ੍ਰਧਾਨ ਸ਼ੈਰਨ ਕੌਰ, ਸਰਬਜੀਤ ਚੀਮਾ ਅਤੇ ਯੂਨੀਅਨ ਸਿਟੀ ਦੇ ਪੁਲਿਸ ਚੀਫ ਜੈਰਡ ਰੂਨਾਂਤੀ ਸਾਰਾ ਦਿਨ ਪੰਜਾਬੀਆਂ ਦੀ ਕਬੱਡੀ ਦੇਖਦੇ ਰਹੇ ਤੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਪੰਜਾਬੀਆਂ ਦੀ ਪਹਿਚਾਣ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। 
ਸਟੇਜ ਸੰਚਾਲਨ ਆਸ਼ਾ ਸ਼ਰਮਾ ਤੇ ਐੱਸ.ਅਸ਼ੋਕ ਭੌਰਾ ਕੋਲ ਰਿਹਾ। ਸ਼ਾਇਦ ਇਹ ਵੀ ਇਕ ਇਤਿਹਾਸ ਸੀ ਕਿ ਮੱਖਣ ਅਲੀ, ਕਾਲਾ ਰਛੀਨ ਤੇ ਪਿਰਤਾ ਚੀਮਾ ਨੇ ਏਸ਼ੀਅਨ ਅਤੇ ਉਲੰਪਿਕ ਖੇਡਾਂ ਵਰਗੀ ਕੁਮੈਂਟਰੀ ਕੀਤੀ। ਰੇਡਰਾਂ ਤੇ ਸਟਾਪਰਾਂ ਦੇ ਕ੍ਰਿਸ਼ਮਿਆ ਨੂੰ ਸਾਹਿਤਕ ਤੇ ਸੰਗੀਤਕ ਸ਼ੈਲੀ 'ਚ ਪੇਸ਼ ਕਰਕੇ ਕਬੱਡੀ ਕੱਪ ਨੂੰ ਨਵਾਂ ਰੰਗ ਦਿੱਤਾ। 
ਨਿਊਯਾਰਕ ਤੋਂ ਸਬਜ਼ੀ ਮੰਡੀ ਵਾਲਾ ਜਗੀਰ ਸਿੰਘ ਆਇਆ, ਯੂਬਾ ਸਿਟੀ ਤੋਂ ਭਜਨ ਸਿੰਘ ਥਿਆੜਾ ਤੇ ਕੁਲਦੀਪ ਸਿੰਘ ਸਹੋਤਾ, ਕਬੱਡੀ ਕੱਪਾਂ ਦਾ ਪੁਰਾਣਾ ਧੁਰੰਤਰ ਪੰਮਾ ਦਿਓਲ, ਸ਼ਿਕਾਗੋ ਤੋਂ ਹੈਪੀ ਹੀਰ, ਡਾਕਟਰ ਖਹਿਰਾ ਤੇ ਉਹਨਾਂ ਦੀ ਟੀਮ, ਨਿਊਯਾਰਕ ਤੋਂ ਮੱਖਣ ਸੰਧੂ, ਕਾਬਲ ਸਿੰਘ ਤੇ ਤਾਰੀ ਸੰਮੀਪੁਰੀਆ, ਮੀਡੀਆ 'ਚ ਗਰਵ ਪੰਜਾਬ ਤੋਂ ਜਗਦੇਵ ਭੰਡਾਲ, ਜਸ ਪੰਜਾਬੀ ਤੋਂ ਸੀ.ਈ.ਓ ਪੈਨੀ ਸੰਧੂ, ਜਗਤਾਰ ਜੱਗੀ, ਪੀ.ਟੀ.ਸੀ ਤੋਂ ਸੰਜੀਵ ਕੁਮਾਰ, ਸਾਡੇ ਲੋਕ ਤੋਂ ਸਤਨਾਮ ਸਿੰਘ ਖਾਲਸਾ, ਰੇਡੀਓ ਮਿਰਚੀ ਤੇ ਕਾਫਲਾ ਤੋਂ ਐੱਸ.ਪੀ. ਸਿੰਘ, ਦੇਸ਼ ਦੁਆਬਾ ਤੋਂ ਪ੍ਰੇਮ ਚੁੰਬਰ, ਪੰਜਾਬ ਮੇਲ ਤੋਂ ਗੁਰਜਤਿੰਦਰ ਰੰਧਾਵਾ, ਪ੍ਰਦੇਸ ਟਾਈਮਜ਼ ਤੋਂ ਬਲਵੀਰ ਸਿੰਘ ਐੱਮ.ਏ ਹਾਜ਼ਰ ਰਹੇ। ਇੰਡੋ ਕੈਨੇਡੀਅਨ ਤੋਂ ਕੌਮਾਂਤਰੀ ਫੋਟੋਗ੍ਰਾਫਰ ਸੰਤੋਖ ਸਿੰਘ ਮੰਡੇਰ ਨੇ ਆਪਣੇ ਪੰਜ-ਪੰਜ ਕਿਲੋ ਦੇ ਕੈਮਰਿਆਂ ਨਾਲ ਕਬੱਡੀ ਕੱਪ ਦੇ ਹਰ ਮਹੱਤਵਪੂਰਨ ਦ੍ਰਿਸ਼ਾਂ ਨੂੰ ਕੈਦ ਕੀਤਾ।
ਵੇਖੋ ਪਾਲੇ ਜਲਾਲਪੁਰੀਆ ਨੇ ਕਮਾਲਾਂ ਕੀਤੀਆਂ, ਸੁਲਤਾਨ ਫੜਿਆ ਨਹੀਂ ਗਿਆ, ਮੈਕਸੀਨ ਭਰਾ ਜੈਰੋ ਤੇ ਐਰੋ ਪਾਲੇ ਨੇ ਪੂਰੀ ਤਰ੍ਹਾਂ ਚੱਲਣ ਨਹੀਂ ਦਿੱਤੇ, ਸੁਲਤਾਨ ਤੇ ਦੁੱਲਾ ਆਪਣੇ ਨਾਵਾਂ ਦੀ ਪੂਰੀ ਲੱਜ ਵਿਖਾ ਗਏ, ਚੀਮਿਆ ਵਾਲਾ ਲੱਖਾ...ਤਾਸ਼ਪੁਰੀਆ ਬਚਿੱਤਰ, ਬੇਨੜੇ ਤੋਂ ਨਿੰਦੀ, ਸੁਰਖਪੁਰੀਆ ਯਾਦਾ, ਮੀਆਂਵਿੰਡ ਦਾ ਕਾਲਾ, ਜੰਡੀ ਦਾ ਭੋਲਾ, ਧਨੋਏ ਵਾਲਾ ਭੂਰਾ ਅਤੇ ਰਾਜੂ ਜਦੋਂ ਕਬੱਡੀ 'ਚ ਕਮਾਲਾਂ ਕਰਦੇ ਰਹੇ ਤਾਂ ਮਾਈਕ ਤੋਂ ਚਟਕਾਰੀਆਂ ਲੱਗਦੀਆਂ ਰਹੀਆਂ 'ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹਾਏ ਨੀ ਪਤ ਹਰੇ ਹਰੇ'।
ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਹ ਵਿਸ਼ਵਾਸ ਰੱਖਦੇ ਨੇ ਕਿ ਗਲਾਸ ਭਰਿਆ ਹੀ ਦਿਖਣਾ ਚਾਹੀਦਾ ਹੈ, ਊਣਾ ਨਹੀਂ। ਉਹ ਕਬੱਡੀ ਨੂੰ ਬੰਦ ਨਹੀਂ ਕਰਨਗੇ, ਕਬੱਡੀ ਨੂੰ ਸ਼ਿੰਗਾਰਨਗੇ, ਗਿਲੇ ਸ਼ਿਕਵੇ ਦੂਰ ਕਰਨਗੇ ਅਤੇ ਇਸ ਵਾਰ ਆਪਣੇ ਮਹਾਨ ਸਪਾਂਸਰਾਂ ਦੀ ਮਦਦ ਨਾਲ ਉਨ੍ਹਾਂ ਨੇ ਦਾਅਵੇ ਤੇ ਵਾਅਦੇ ਮੁਤਾਬਿਕ ਸਿਹਤਮੰਦ ਕਬੱਡੀ, ਡਰੱਗ ਮੁਕਤ ਕਬੱਡੀ ਵਿਖਾ ਕੇ ਦਰਸ਼ਕਾਂ ਨੂੰ ਇਹ ਚੇਤਾ ਹੀ ਭੁਲਾ ਦਿੱਤਾ ਕਿ ਕਬੱਡੀ 'ਤੇ ਵੀ ਕੋਈ ਗਿਲਾ ਸ਼ਿਕਵਾ ਹੁੰਦਾ ਸੀ। ਭਵਿੱਖ 'ਚ ਸ਼ਾਇਦ ਏਡੀ ਵੱਡੀ ਸਫਲਤਾ ਵਾਲਾ ਵਿਸ਼ਵ ਕੱਪ ਕਰਵਾਉਣਾ ਕਿਸੇ ਲਈ ਤਾਂ ਕੀ, ਇਹਨਾਂ ਪ੍ਰਬੰਧਕਾਂ ਲਈ ਹੀ ਔਖਾ ਹੋਵੇਗਾ।