ਬੱਚਿਆਂ ਵਲੋਂ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗਾਇਣ 

ਬੱਚਿਆਂ ਵਲੋਂ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗਾਇਣ 

ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ ਯੂਐਸਏ ਵਲੋਂ ਬਾਲ ਕਵੀ ਦਰਬਾਰ 
ਫਰਿਜ਼ਨੋ/ਏਟੀ ਨਿਊਜ਼ :

ਪੰਜਾਬੀ ਕਲਚਰਲ ਸੈਂਟਰ ਯੂਐਸਏ.ਅਤੇ ਪੰਜਾਬੀ ਰੇਡੀਓ ਯੂਐਸਏ. ਵਲੋਂ ਗੁਰੂ ਨਾਨਕਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਬਾਲ ਕਵੀ ਦਰਬਾਰ ਵਿੱਚ ਵੱਖ-ਵੱਖ ਉਮਰ ਦੇ ਬੱਚਿਆਂ ਨੇ ਕਵਿਤਾਵਾਂ ਦੇ ਗਾਇਣ ਰਾਹੀਂ ਪਹਿਲੇ ਪਾਤਸ਼ਾਹ ਪ੍ਰਤੀ ਅਪਣੀ ਸ਼ਰਧਾ ਅਤੇ ਆਸਥਾ ਬਾਖੂਬੀ ਪ੍ਰਗਟਾਈ।
ਕਰਮਨ ਵਾਸੀ ਸਮਾਜ ਸੇਵੀ ਸ. ਸਰਬਜੀਤ ਸਿੰਘ ਸਰਾਂ ਦੇ ਸਹਿਯੋਗ ਨਾਲ ਕਰਵਾਏ ਬਾਲ ਕਵੀ ਦਰਬਾਰ ਵਿੱਚ ਲਗਭਗ 6 ਸਾਲ ਤੋਂ ਲੈ ਕੇ ਲੈ ਕੇ 16 ਸਾਲ ਤੱਕ ਦੇ ਸਕੂਲੀ ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫ਼ੇ ਸਬੰਧੀ ਕਵਿਤਾਵਾਂ ਪੇਸ਼ ਕਰਕੇ ਸਰੋਤਿਆਂ ਤੋਂ ਸ਼ਾਬਾਸ਼ ਲਈ। 
ਪੰਜਾਬੀ ਰੇਡੀਓ ਯੂਐਸਏ. ਦੇ ਸਟੂਡੀਓ 2125 ਐਨ ਬਾਰਟਨ ਐਵੇਨਿਊ ਫਰਿਜ਼ਨੋਂ (2125 N Barton Ave Fresno CA 93703)  ਦੇ ਮੁੱਖ ਹਾਲ ਵਿੱਚ ਲੰਘੇ ਸ਼ਨਿਚਰਵਾਰ ਨੂੰ ਕਰਵਾਏ ਇਸ ਕਵੀ ਦਰਬਾਰ 'ਚ ਸ਼ਾਮਲ ਹੋਣ ਲਈ ਫਰਿਜ਼ਨੋ ਤੇ ਨੇੜਲੇ ਸ਼ਹਿਰਾਂ ਤੋਂ ਇਲਾਵਾ ਦੂਰ ਦੁਰਾਡੀਆਂ ਥਾਵਾਂ ਔਰਵਿਲ ਤੇ ਸੈਕਰਾਮੈਂਟੋ ਤੋਂ ਬੱਚੇ ਅਪਣੇ ਮਾਪਿਆਂ ਸਮੇਤ ਪਹੁੰਚੇ ਹੋਏ ਸਨ। 
14 ਸਤੰਬਰ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 3:00 ਵਜੇ ਤੋਂ 5:00 ਵਜੇ ਤੱਕ ਕਰਵਾਏ ਇਸ ਆਪਣੀ ਕਿਸਮ ਦੇ ਪਹਿਲੇ ਕਵੀ ਦਰਬਾਰ ਵਿੱਚ ਗੁਰਵਿੰਦਰਪਾਲ ਸਿੰਘ ਰਾਠੌੜ, ਕਰਨਪਾਲ ਸਿੰਘ ਪਰਮਾਰ, ਸਿਮਰਜੋਤ ਕੌਰ ਭੰਘਾਣੀਆਂ, ਗੁਰਮਨਦੀਪ ਸਿੰਘ ਲੋਪੋਂ, ਸ਼ੁਭਰੀਤ ਕੌਰ, ਅਸ਼ਲੀਨ ਕੌਰ, ਅਨਮੋਲ ਕੌਰ, ਮਸਕੀਨ ਕੌਰ, ਗੁਰਚਰਨ ਸਿੰਘ, ਪ੍ਰਭਜੋਤ ਕੌਰ ਅਤੇ ਜਗਜੋਤ ਸਿੰਘ ਮਨੇਸ ਨੇ ਵੱਖ-ਵੱਖ ਸ਼ਾਇਰਾਂ ਦੀਆਂ ਰਚਨਾਵਾਂ ਸਵੈ ਭਰੋਸੇ ਨਾਲ ਬਹੁਤ ਸੋਹਣੇ ਅੰਦਾਜ਼ ਵਿੱਚ ਸੁਣਾਈਆਂ। ਬਹੁਤੇ ਬੱਚਿਆਂ ਨੇ ਪੰਜਾਬੀ ਪਰ ਕੁਝ ਨੇ ਅੰਗਰੇਜ਼ੀ ਵਿੱਚ ਕਲਾਮ ਪੇਸ਼ ਕੀਤੇ। ਹਰਗੁਣ ਕੌਰ ਮਨੇਸ ਨੇ ਸ਼ਰਧਾ ਪੂਰਬਕ ਜਪੁਜੀ ਸਾਹਿਬ ਦੀਆਂ ਛੇ ਪੌੜੀਆਂ ਦੇ ਉਚਾਰਣ ਨਾਲ ਬਾਲ ਕਵੀ ਦਰਬਾਰ ਦੀ ਸਮਾਪਤੀ ਕੀਤੀ। 
ਬਾਅਦ ਵਿੱਚ ਉੱਘੇ ਸ਼ਾਇਰ ਲਛਮਣ ਸਿੰਘ ਰਾਠੌੜ, ਸੈਕਰਾਮੈਂਟੋ ਤੋਂ ਆਏ ਦਲਜੀਤ ਸਿੰਘ ਲੋਪੋਂ ਨੇ ਬੜੇ ਮਿੱਠੇ ਲਹਿਜ਼ੇ ਵਿੱਚ ਕਵੀਸ਼ਰੀ ਪ੍ਰੰਪਰਾ ਰਚਨਾ ਪੇਸ਼ ਕੀਤੀ। ਜਾਣੀ ਪਛਾਣੀ ਗਾਇਕਾ ਜੋਤ ਰਣਜੀਤ ਕੌਰ ਨੇ ਅਖ਼ੀਰ ਵਿੱਚ ਬਾਬਾ ਨਾਨਕ ਬਾਰੇ ਬਾਬੂ ਫਿਰੋਜ਼ਦੀਨ ਸ਼ਰਫ਼ ਦੀ ਰਚਨਾ ਦੇ ਗਾਇਣ ਨਾਲ ਰੰਗ ਬੰਨ੍ਹਿਆ। 
ਪੰਜਾਬੀ ਕਲਚਰਲ ਸੈਂਟਰ ਯੂਐਸਏ. ਦੇ ਕੋਆਰਡੀਨੇਟਰ ਦਲਜੀਤ ਸਿੰਘ ਸਰਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਦੇ ਰੂਪ ਵਿੱਚ ਕਰਵਾਏ ਜਾ ਰਹੇ ਇਸ ਕਵੀ ਦਰਬਾਰ ਦਾ ਮਕਸਦ ਸਾਡੀ ਨਵੀਂ ਪੀੜ੍ਹੀ ਨੂੰ ਸਿੱਖ ਸਿਧਾਂਤਾਂ ਅਤੇ ਗੁਰਬਾਣੀ ਨਾਲ ਲਗਾਤਾਰ ਜੋੜੀ ਰੱਖਣਾ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਬਦਲੇ ਸ. ਸਰਬਜੀਤ ਸਿੰਘ ਸਰਾਂ ਕਰਮਨ ਪਰਿਵਾਰ ਦਾ ਉਚੇਚਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਨੂੰ ਅਜਿਹੇ ਸਮਾਜ ਸੇਵੀ ਪਰਿਵਾਰ ਦੇ ਸਾਡੇ ਨਾਲ ਜੁੜੇ ਹੋਣ ਉੱਤੇ ਮਾਣ ਹੈ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਪਹੁੰਚੇ ਸਭਨਾਂ ਸਰੋਤਿਆਂ, ਬੱਚਿਆਂ ਖ਼ਾਸ ਕਰ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। 
ਸ਼ਾਇਰ ਸੰਤੋਖ ਮਿਨਹਾਸ ਨੇ ਪੰਜਾਬੀ ਕਲਚਰਲ ਸੈਂਟਰ ਯੂਐਸਏ. ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਉੱਘੇ ਵਿਦਵਾਨ ਡਾ. ਗੁਰਮੇਲ ਸਿੱਧੂ ਨੇ ਪ੍ਰਧਾਨਗੀ ਭਾਸ਼ਨ ਵਿੱਚ ਬੱਚਿਆਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬਾਨ ਦੇ ਫਲਸਫ਼ੇ, ਸਿੱਖ ਸਿਧਾਂਤਾਂ, ਪੰਜਾਬੀ ਵਿਰਸੇ ਸਮੇਤ ਅਪਣੀ ਜਨਮ ਭੂਮੀ ਨਾਲ ਜੁੜੇ ਰਹਿਣ ਲਈ ਪ੍ਰੇਰਿਆ। 
ਅਖ਼ੀਰ ਵਿੱਚ ਸ. ਸਰਬਜੀਤ ਸਿੰਘ ਸਰਾਂ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਜਸਵਿੰਦਰ ਕੌਰ ਸਰਾਂ ਵਲੋਂ ਡਾ. ਗੁਰੂਮੇਲ ਸਿੱਧੂ, ਕਹਾਣੀਕਾਰ ਕਰਮ ਸਿੰਘ ਮਾਨ, ਸ਼ਾਇਰ ਸੰਤੋਖ ਸਿੰਘ ਮਿਨਹਾਸ, ਹਰਜੋਤ ਸਿੰਘ ਖਾਲਸਾ ਅਤੇ ਬੀਬੀ ਬਲਵਿੰਦਰ ਕੌਰ ਦੀ ਸਟੇਜ ਉੱਤੇ ਹਾਜ਼ਰੀ 'ਚ ਸਾਰੇ ਬੱਚਿਆਂ ਨੂੰ ਪਲੈਕ, ਪੰਜਾਬੀ ਰੇਡੀਓ ਦੀਆਂ ਟੀ ਸ਼ਰਟਾਂ, ਕੈਂਡੀਆਂ ਅਤੇ ਨਗਦ ਇਨਾਮ ਵੰਡੇ ਗਏ।