ਗੁਰਦੁਆਰਾ ਸਾਹਿਬ ਵਿਚ 2 ਕੁੜੀਆਂ ਦੇ ਵਿਆਹ ਕਰਵਾਉਣ ਦਾ ਮਾਮਲਾ

ਗੁਰਦੁਆਰਾ ਸਾਹਿਬ ਵਿਚ 2 ਕੁੜੀਆਂ ਦੇ ਵਿਆਹ ਕਰਵਾਉਣ ਦਾ ਮਾਮਲਾ

ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਗ੍ਰੰਥੀ ਸਿੰਘ ਤੇ ਰਾਗੀ ਜਥੇ ਉਪਰ ਸੇਵਾਵਾਂ ਨਿਭਾਉਣ ਉਪਰ ਰੋਕ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬਠਿੰਡਾ : ਬੀਤੇ ਦਿਨੀਂ 27 ਸਾਲਾ ਡਿੰਪਲ ਤੇ ਉਸ ਦੀ 21 ਸਾਲਾ ਪ੍ਰੇਮਿਕਾ ਮਨੀਸ਼ਾ ਨੇ ਸਮਾਜਿਕ ਰੁਕਾਵਟਾਂ ਨੂੰ ਤੋੜਦੇ ਹੋਏ ਬਠਿੰਡਾ ਦੇ ਗੁਰੂ ਘਰ ਵਿੱਚ ਵਿਆਹ ਕਰਵਾਇਆ ਸੀ। ਡਿੰਪਲ ਤੇ ਮਨੀਸ਼ਾ ਦੋਵਾਂ ਦੇ ਪਰਿਵਾਰਾਂ ਦੀ ਇਸ ਰਿਸ਼ਤੇ ਨੂੰ ਸਹਿਮਤੀ ਇਸ ਸਮਲਿੰਗੀ ਵਿਆਹ ਨੂੰ ਵਿਲੱਖਣ ਬਣਾਉਂਦੀ ਹੈ ਕਿਉਂਕਿ ਆਮ ਤੌਰ ’ਤੇ ਪਰਿਵਾਰ ਇਸ ਦਾ ਵਿਰੋਧ ਕਰਦੇ ਹਨ।

ਡਿੰਪਲ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਮਨੀਸ਼ਾ ਬਠਿੰਡਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ।ਗੁਰਦੁਆਰੇ ਵਿਖੇ 2 ਕੁੜੀਆਂ ਦੇ ਵਿਆਹ ਕਰਵਾਉਣ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ। ਜਥੇਦਾਰ ਸਾਹਿਬ ਵੱਲੋਂ ਵਿਆਹ ਕਰਵਾਉਣ ਵਾਲੇ ਗ੍ਰੰਥੀ ਸਿੰਘ ਅਤੇ ਰਾਗੀ ਜਥੇ ਉਪਰ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਜਿਸ ਗੁਰਦੁਆਰਾ ਕਲਗ਼ੀਧਰ ਸਾਹਿਬ ਵਿੱਚ ਵਿਆਹ ਹੋਇਆ ਸੀ ਉਸ ਦੇ ਸਾਰੇ ਕੰਮਕਾਜ ਵੀ ਰੋਕ ਦਿੱਤੇ ਹਨ। ਜਥੇਦਾਰ ਰਘਬੀਰ ਸਿੰਘ ਨੇ ਕਿਹਾ ਇਹ ਸਿਰਫ਼ ਮਰਿਆਦਾ ਦੇ ਉਲਟ ਹੀ ਨਹੀਂ ਬਲਕਿ ਗੈਰ ਕੁਦਰਤੀ ਵੀ ਹੈ । 

ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਮੁਲਾਜ਼ਮਾਂ ‘ਤੇ ਕਾਰਵਾਈ ਹੋਈ ਹੈ ਉਨ੍ਹਾਂ ਦੇ ਨਾਂ ਹਨ ਮੁੱਖ ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਅਜੈਬ ਸਿੰਘ, ਰਾਗੀ ਸਿਕੰਦਰ ਸਿੰਘ, ਤਬਲਾ ਵਾਦਕ ਸਤਨਾਮ ਸਿੰਘ । ਜਥੇਦਾਰ ਨੇ ਕਿਹਾ ਕਿ ਦੋ ਲੜਕੀਆਂ ਦਾ ਵਿਆਹ ਸਿੱਖ ਰਹਿਤ ਮਰਿਆਦਾ ਦੇ ਉਲਟ ਤਾਂ ਹੈ ਹੀ ਬਲਕਿ ਗੈਰ-ਕੁਦਰਤੀ ਵੀ ਹੈ। ਉਨ੍ਹਾਂ ਨੇ ਸੰਸਾਰ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ, ਰਾਗੀ ਅਤੇ ਪ੍ਰਚਾਰਕਾਂ ਨੂੰ ਇਸ ਉਲਟ ਰੁਝਾਨ ਨੂੰ ਧਿਆਨ ਵਿਚ ਰੱਖਦਿਆਂ ਸੁਚੇਤ ਰਹਿਣ ਦਾ ਆਦੇਸ਼ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿਚ ਸਿੱਖਾਂ ਨੂੰ ਆਪਣੇ ਸਾਰੇ ਕਾਰਜ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਹੀ ਕਰਨੇ ਚਾਹੀਦੇ ਹਨ। 

20 ਸਤੰਬਰ ਨੂੰ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਸਿੱਖ ਜਥੇਬੰਦੀਆਂ ਗੁਰਦੁਆਰਾ ਸਾਹਿਬ ਪਹੁੰਚਿਆ ਸਨ ਤਾਂ ਉਨ੍ਹਾਂ ਨੇ ਵਿਆਹ ਕਰਵਾਉਣ ਵਾਲੇ ਗ੍ਰੰਥੀ ਅਤੇ ਰਾਗੀ ਸਿੰਘਾਂ ਕੋਲੋਂ ਹੱਥ ਖੜੇ ਕਰਕੇ ਮੁਆਫ਼ੀ ਮੰਗਵਾਈ ਸੀ । ਉਨ੍ਹਾਂ ਨੇ ਮੰਨਿਆ ਸੀ ਕਿ ਸਾਨੂੰ ਪਤਾ ਸੀ ਕਿ ਵਿਆਹ ਕਰਵਾਉਣ ਵਾਲਿਆਂ ਦੋਵੇਂ ਕੁੜੀਆਂ ਹਨ,ਪਰ ਉਨ੍ਹਾਂ ਵੱਲੋਂ ਇਸ ਨੂੰ ਕਾਨੂੰਨੀ ਤੌਰ ‘ਤੇ ਮਨਜ਼ੂਰੀ ਮਿਲਣ ਦਾ ਦਾਅਵਾ ਕੀਤਾ ਸੀ । ਜਿਸ ਤੋਂ ਬਾਅਦ ਇੱਕ ਗ੍ਰੰਥੀ ਨੇ ਦੂਜੇ ਪਾਠੀ ਨਾਲ ਸਲਾਹ ਕੀਤੀ ਅਤੇ ਫਿਰ ਅਨੰਦ ਕਾਰਜ ਦੀ ਰਸਮ ਹੋਈ । 

ਭਾਰਤੀ ਕਾਨੂੰਨ ਵਿੱਚ 2 ਕੁੜੀਆਂ ਦੇ ਵਿਆਹ ਨੂੰ ਨਹੀਂ ਮਾਨਤਾ

ਭਾਰਤ ਵਿੱਚ ਇੱਕੋ ਲਿੰਗ ਦੇ ਵਿਆਹ ਨੂੰ ਹੁਣ ਤੱਕ ਮਾਨਤਾ ਨਹੀਂ ਮਿਲੀ ਹੈ । 2 ਮੁੰਡੇ ਜਾਂ ਫਿਰ 2 ਕੁੜੀਆਂ ਆਪਸ ਵਿੱਚ ਵਿਆਹ ਨਹੀਂ ਕਰਵਾ ਸਕਦੇ ਹਨ। ਆਈਪੀਸੀ ਦੀ ਧਾਰਾ 377,ਜਿਸ ਵਿੱਚ ਸਮਲਿੰਗੀ ਸਬੰਧਾਂ ਨੂੰ ਅਪਰਾਧਿਕ ਬਣਾਇਆ ਸੀ ਉਸ ਨੂੰ ਸੁਪਰੀਮ ਕੋਰਟ ਨੇ ਹਾਲਾਂਕ 2018 ਵਿੱਚ ਰੱਦ ਕਰ ਦਿੱਤਾ ਸੀ । ਜੋ ਦੇਸ਼ ਵਿੱਚ ਸਮਲਿੰਗੀ ਅਧਿਕਾਰਾਂ ਲਈ ਵੱਡੀ ਜਿੱਤ ਸੀ । ਹਾਲਾਂਕਿ ਹੁਣ ਵੀ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ ‘ਤੇ ਮਨਜ਼ੂਰੀ ਨਹੀਂ ਮਿਲੀ ਹੈ । ਹਾਲਾਂਕਿ 2017 ਵਿੱਚ ਦਿੱਲੀ ਹਾਈਕੋਰਟ ਨੇ ਇਹ ਜ਼ਰੂਰ ਕਿਹਾ ਸੀ ਕਿ ਸਮਲਿੰਗੀ ਜੋੜੇ ਇੱਕ ਰਿਸ਼ਤੇ ਵਿੱਚ ਰਹਿਣ ਦੇ ਹੱਕਦਾਰ ਜ਼ਰੂਰ ਹਨ । ਪਰ ਇਸ ਨੂੰ ਫ਼ਿਲਹਾਲ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਲਿਆਇਆ ਜਾ ਸਕਦਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜਾਂਚ ਮੁਕੰਮਲ ਕਰਕੇ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੂੰ ਭੇਜ ਦਿੱਤੀ ਹੈ।