ਕਾਂਗਰਸ ਮੈਂਬਰ ਟਾਮ ਰੀਡ ਨੇ ਔਰਤ ਨਾਲ ਗਲਤ ਵਿਵਹਾਰ ਲਈ ਮੰਗੀ ਮੁਆਫੀ.

ਕਾਂਗਰਸ ਮੈਂਬਰ ਟਾਮ ਰੀਡ ਨੇ ਔਰਤ ਨਾਲ ਗਲਤ ਵਿਵਹਾਰ ਲਈ ਮੰਗੀ ਮੁਆਫੀ.
ਤਸਵੀਰ: ਟੌਮ ਰੀਡ ਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ

.. ਕਿਹਾ ਉਹ ਮੁੜ ਨਹੀਂ ਲੜੇਗਾ ਚੋਣ

ਸੈਕਰਾਮੈਂਟੋ :(ਹੁਸਨ ਲੜੋਆ ਬੰਗਾ) ਨਿਊਯਾਰਕ ਦੇ ਰਿਪਬਲੀਕਨ ਕਾਂਗਰਸਮੈਨ ਟੌਮ ਰੀਡ ਨੇ ਔਰਤ ਨਾਲ ਦੁਰਵਿਵਹਾਰ ਦੇ ਮਾਮਲੇ ਵਿਚ ਮੁਆਫੀ ਮੰਗੀ ਹੈ ਤੇ ਨਾਲ ਹੀ ਐਲਾਨ ਕੀਤਾ ਹੈ ਕਿ ਉਹ 2022 ਵਿਚ ਜਦੋਂ ਉਸ ਦਾ ਕਾਰਜਕਾਲ ਖਤਮ ਹੋ ਰਿਹਾ ਹੈ, ਦੁਬਾਰਾ ਚੋਣ ਨਹੀਂ ਲੜੇਗਾ। ਵਾਸ਼ਿੰਗਟਨ ਪੋਸਟ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਕੀਤੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਰੀਡ ਨੇ ਮਿਨੀਪੋਲਿਸ ਦੀ ਇਕ ਬਾਰ ਵਿਚ ਨਸ਼ੇ ਦੀ ਹਾਲਤ ਵਿੱਚ ਔਰਤ ਦੀ ਪਿੱਠ ਉਪਰ ਆਪਣਾ ਹੱਥ ਫੇਰਿਆ ਸੀ ਤੇ ਹੋਰ ਅਸ਼ਲੀਲ ਹਰਕਤਾਂ ਕੀਤੀਆਂ ਸਨ। ਇਹ ਘਟਨਾ 4 ਸਾਲ ਪਹਿਲਾਂ ਵਾਪਰੀ ਸੀ। ਰੀਡ ਨੇ ਇਹ ਰਿਪੋਰਟ ਪ੍ਰਕਾਸ਼ਿਤ ਹੋਣ ਉਪਰੰਤ ਆਪਣੀ ਸਾਬਕਾ ਪ੍ਰਚਾਰਕ ਨਿਕੋਲੈਟ ਡੇਵਿਸ ਕੋਲੋਂ ਮੁਆਫੀ ਮੰਗੀ ਹੈ। ਉਸ ਨੇ ਆਪਣੇ 400 ਸ਼ਬਦਾਂ ਵਾਲੇ ਬਿਆਨ ਵਿਚ ਕਿਹਾ ਹੈ ' ਸਭ ਤੋਂ ਪਹਿਲਾਂ ਮੈ ਨਿਕੋਲੈਟ ਡੇਵਿਸ ਕੋਲੋਂ ਮੁਆਫੀ ਮੰਗਦਾ ਹਾਂ, ਮੇਰੇ ਵਿਵਹਾਰ ਨੇ ਉਸ ਨੂੰ ਦੁੱਖ ਪਹੁੰਚਾਇਆ ਹੈ, ਮੈ ਗਲਤ ਸੀ, ਮੁਆਫੀ ਮੰਗਦਾ ਹਾਂ, ਘਟਨਾ ਦੀ ਮੈ ਪੂਰੀ ਜਿੰਮੇਵਾਰੀ ਲੈਂਦਾ ਹਾਂ।'' 49 ਸਾਲਾ ਰੀਡ ਨੇ ਡੇਵਿਸ ਦੇ ਪਰਿਵਾਰ ਕੋਲੋਂ ਵੀ ਮੁਆਫੀ ਮੰਗੀ ਹੈ। ਉਸ ਨੇ ਕਿਹਾ ਹੈ ' 23ਵੇਂ ਡਿਸਟ੍ਰਿਕਟ ਦੇ ਲਕਾਂ, ਮੇਰੇ ਸਾਥੀਆਂ ਤੇ ਉਨਾਂ ਲੋਕਾਂ ਜਿਨਾਂ ਨੇ ਮੇਰਾ ਸਮਰਥਨ ਕੀਤਾ ਸੀ, ਨੂੰ ਮੇਰੇ ਕਾਰਨ ਪੁੱਜੇ ਨੁਕਸਾਨ ਲਈ ਉਹ ਖਿਮਾ ਦਾ ਯਾਚਕ ਹੈ। ਉਸ ਨੇ ਕਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਸੀ ਉਸ ਸਮੇਂ ਉਹ ਆਪਣੀ ਸ਼ਰਾਬ ਪੀਣ ਦੀ ਲਤ ਨਾਲ ਜੂਝ ਰਿਹਾ ਸੀ। ਇਥੇ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੀਡ ਨੇ ਆਪਣੇ ਉਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਇਹ ਵੀ ਵਰਣਨਯੋਗ ਹੈ ਕਿ ਰੀਡ ਵੱਲੋਂ 2022 ਵਿਚ ਗਵਰਨਰ ਦੀ ਚੋਣ ਲੜਨ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ।