ਗਿਆਨ ਰੂਪੀ ਚਿਰਾਗ ਨਾਲ ਰੂਹਾਨੀਅਤ ਨੂੰ ਰੁਸ਼ਨਾਉਣ ਵਾਲੀ ਸ਼ਖਸੀਅਤ: ਸ੍ਰੀਮਤੀ ਬਿਮਲਾ ਬੁੱਧੀਰਾਜ
ਸੇਵਾ ਮੁਕਤੀ ਵਿਸ਼ੇਸ
ਮੰਨਿਆ ਕਿ ਅੱਜ ਦੇ ਦੌਰ 'ਚ ਪੈਸਾ ਕਮਾਉਣਾ ਔਖਾ ਹੈ ਪਰ ਬੰਦੇ ਕਮਾਉਣੇ ਉਸ ਤੋਂ ਵੀ ਵੱਧ ਔਖਾ । ਬਹੁਤ ਔਖਾ ਹੈ ਕਿਸੇ ਦੇ ਪਿਆਰ, ਸਤਿਕਾਰ ਅਤੇ ਮਾਣ ਨਾਲ ਆਪਣੀ ਰੂਹ ਦੇ ਪੱਲੇ ਭਰਨੇ । ਅਜਿਹਾ ਆਦਰ,ਮੋਹ ਹੀ ਇੱਕ ਬੰਦੇ ਦੀ ਜ਼ਿੰਦਗੀ ਦਾ ਸਰਮਾਇਆ ਹੁੰਦਾ ਹੈ ਤੇ ਇਹ ਸਰਮਾਇਆ ਵਿਰਲਿਆਂ ਦੇ ਹਿੱਸੇ ਹੀ ਆਉੰਦਾ ਤੇ ਅੱਜ ਖੁਸ਼ੀ ਹੁੰਦੀ ਮੈਡਮ ਬਿਮਲਾ ਬੁੱਧੀਰਾਜਾ ਜੀ ਨੂੰ ਵੇਖ ਕੇ ਜਿਹਨਾਂ ਰੁਪਿਆ- ਪੈਸਿਆਂ ਦੀਆਂ ਗਿਣਤੀਆਂ-ਮਿਣਤੀਆਂ , ਵਾਧਿਆਂ- ਘਾਟਿਆਂ ਨਾਲੋੰ ਵੱਧ ਤਰਜੀਹ ਦਿੱਤੀ ਉਹਨਾਂ ਬੱਚਿਆਂ ਪ੍ਰਤੀ ਆਪਣੇ ਕਰੱਤਵਾਂ ਨੂੰ , ਜਿਹਨਾਂ ਅੱਗੇ ਜਾ ਕੇ ਹੋਰਨਾਂ ਬੱਚਿਆਂ ਦੇ ਭਵਿੱਖ ਨੂੰ ਚਾਨਣ ਵੰਡਣਾ। ਜੀ ਹਾਂ , ਮੈੰ ਗੱਲ ਕਰ ਰਹੀ ਹਾਂ ਸ਼੍ਰੀਮਤੀ ਬਿਮਲਾ ਬੁੱਧੀਰਾਜਾ ਜੀ ਦੀ, ਜਿਹੜੇ ਸਿੱਖਿਆ ਵਿਭਾਗ ਵਿੱਚ 33 ਸਾਲ , 5 ਮਹੀਨੇ ਅਤੇ 23 ਦਿਨ ਸੇਵਾ ਨਿਭਾਉਣ ਮਗਰੋੰ ਜ਼ਿਲ੍ਹਾ ਸਿਖਲਾਈ ਸੰਸਥਾ ਰੂਪਨਗਰ ਵਿੱਚੋੰ ਸੇਵਾ ਮੁਕਤ ਹੋਏ।
13 ਮਈ 1964 ਦਾ ਦਿਨ ਸ਼੍ਰੀਮਤੀ ਬਿਮਲਾ ਬੁੱਧੀਰਾਜਾ ਜੀ ਦੀ ਜ਼ਿੰਦਗੀ ਦਾ ਅਹਿਮ ਦਿਨ ਸੀ ਜਿਸ ਦਿਨ ਇਹਨਾਂ ਨੂੰ ਸਾਹਾਂ ਦੀ ਪੂੰਜੀ ਦੀ ਸੌਗਾਤ ਮਿਲੀ ਸ਼੍ਰੀਮਤੀ ਪੁਸ਼ਪਾ ਦੇਵੀ ਦੀ ਕੁੱਖੋੰ ਅਤੇ ਜਗਦੀਸ਼ ਰਾਮ ਮਹਿਤਾ ਜੀ ਦੇ ਘਰ ਸਢੋਰਾ ਯਮੁਨਾਨਗਰ ਵਿਖੇ ਖੁਸ਼ੀਆਂ ਭਰੀਆਂ ਕਿਲਕਾਰੀਆਂ ਗੁੰਜੀਆਂ। ਭਾਵੇਂ ਜਨਮ ਤੋਂ ਇਹ ਬੱਚੀ ਵੀ ਆਮ ਬੱਚੀਆਂ ਵਾਂਗੂੰ ਹੀ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਆਪਣੇ ਮੱਥੇ ਵਿੱਚ ਗਿਆਨ ਦੀਆਂ ਲਟਾਂ ਨੂੰ ਲਟ-ਲਟ ਜਗਾ ਕੇ ਇਸ ਕੁੜੀ ਨੇ ਆਮ ਤੋਂ ਖ਼ਾਸ ਦੀ ਕਤਾਰ ਵਿੱਚ ਆ ਖੜ੍ਹਨਾ। ਮਾਪਿਆਂ ਨੂੰ ਬਚਪਨ ਤੋਂ ਹੀ ਆਪਣੀ ਧੀ 'ਤੇ ਬੜਾ ਮਾਣ ਸੀ ਤੇ ਇਸੇ ਮਾਣ, ਭਰੋਸੇ, ਸਿੱਖਿਆ ਪ੍ਰਤੀ ਲਈ ਖਿੱਚ, ਮਿਹਨਤ ਅਤੇ ਸਿਰੜ ਦਾ ਨਤੀਜਾ ਹੈ ਕਿ ਬਿਮਲਾ ਜੀ ਨੇ ਬੀ. ਐੱਸ. ਸੀ, ਐੱਮ.ਏ.ਇੰਗਲਿਸ਼, ਐਮ. ਐੱਡ, ਪੀ.ਐੱਚ. ਡੀ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਡਿਗਰੀਆਂ ਹਾਸਿਲ ਕੀਤੀਆਂ।
ਇਨ੍ਹਾਂ ਦੀ ਬਚਪਨ ਤੋਂ ਹੀ ਰੀਝ ਸੀ ਇਕ ਅਧਿਆਪਕ ਦੇ ਤੌਰ 'ਤੇ ਗਿਆਨ ਦੇ ਦੀਪ ਜਗਾਉਣਾ ਤੇ ਇਸ ਰੀਝ ਨੂੰ ਖੰਭ ਮਿਲੇ ਜਦੋੰ ਇਹਨਾਂ 8 ਦਸੰਬਰ 1988 ਨੂੰ ਸਰਕਾਰੀ ਮਿਡਲ ਸਕੂਲ ਥਲੂਹ ਮੀਆਂਪੁਰ ਚੰਗਰ ਵਿਖੇ ਸੇਵਾ ਨਿਭਾਉਣ ਲਈ ਆਪਣੀ ਪਹਿਲੀ ਉਡਾਣ ਭਰੀ। ਇਹ ਸ਼ੁਰੂਆਤ ਸੀ ਗਿਆਨ ਵੰਡਣ ਦੀ ਤੇ ਇਸ ਤੋੰ ਬਾਅਦ ਜਿੱਥੇ-ਜਿੱਥੇ ਪ੍ਰਮਾਤਮਾ ਨੇ ਭੇਜਿਆ ਇਨ੍ਹਾਂ ਨੂੰ ਗਿਆਨ ਦੇ ਬੀਜ ਖਿਲਾਰਨ ਲਈ ਉੱਥੇ-ਉੱਥੇ ਇਹਨਾਂ ਚਾਈਂ- ਚਾਈਂ ਆਪਣੇ ਵਿਗਿਆਨ ਭਰੇ ਖੰਭਾਂ ਨੂੰ ਖਿਲਾਰ ਅਗਲੀਆਂ ਉਡਾਣਾਂ ਭਰੀਆਂ। ਸ੍ਰੀਮਤੀ ਬਿਮਲਾ ਜੀ ਸ: ਸੀ: ਸ: ਸ: ਘਨੌਲੀ, ਸ: ਸ:ਸੀ: ਸ:ਲੜਕੇ ਰੋਪੜ, ਸ: ਸੀ:ਸ: ਸ: ਬਜਰੂੜ ਤੋਂ ਬਾਅਦ ਜ਼ਿਲ੍ਹਾ ਸਿਖਲਾਈ ਸੰਸਥਾ ਰੂਪਨਗਰ ਵਿਖੇ ਆਏ ।
16 ਜਨਵਰੀ 1992 ਵਾਲੇ ਦਿਨ ਸ਼੍ਰੀਮਤੀ ਬਿਮਲਾ ਬੁੱਧੀਰਾਜਾ ਜੀ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਆਇਆ, ਜਦੋਂ ਵਿਆਹ ਵਰਗੇ ਪਵਿੱਤਰ ਰਿਸ਼ਤੇ ਵਿੱਚ ਸਮਾਉਣ ਲਈ ਸ਼੍ਰੀ ਸੰਦੀਪ ਬੁੱਧੀਰਾਜਾ ਜੀ ਨਾਲ ਜ਼ਿੰਦਗੀ ਦੀਆਂ ਨਵੀਆਂ ਖੁਸ਼ੀਆਂ ਪਾਉਣ ਲਈ ਗ੍ਰਹਿਸਤ ਵਰਗੀ ਰਾਹ 'ਤੇ ਤੁਰ ਪਏ। ਸ਼੍ਰੀ ਸੰਦੀਪ ਬੁੱਧੀਰਾਜਾ ਜੀ ਜਿਹਨਾਂ ਸਮਾਜ ਸੇਵੀ ਹੋਣ ਦੇ ਨਾਲ਼- ਨਾਲ਼ ਕ੍ਰਿਕਟ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਇਸ ਪਵਿੱਤਰ ਰਿਸ਼ਤੇ ਦੀ ਨੀਂਹ ਹੋਰ ਵੀ ਪਕੇਰੀ ਹੋਈ , ਜਦੋਂ ਵਾਰੋ- ਵਾਰੀ ਦੋ ਨਿੱਕੇ ਮਹਿਮਾਨਾਂ ਨੇ ਇਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਵੀ ਖੁਸ਼ਨੁਮਾ ਬਣਾ ਦਿੱਤਾ। ਪੁੱਤ ਦਮਿਸ਼ਕ ਅਤੇ ਧੀ ਗਰਿਮਾ ਇਨ੍ਹਾਂ ਦੀਆਂ ਰੀਝਾਂ, ਖ਼ੁਸ਼ੀਆਂ,ਖਾਹਿਸ਼ਾਂ ਭਰੀਆਂ ਸੌਗਾਤਾਂ ਨੇ। ਇਨ੍ਹਾਂ ਖ਼ੁਸ਼ੀਆਂ ਨੂੰ ਚਾਰ ਚੰਦ ਲਾਉਣ ਲਈ ਨਿਰਲੇਪ ਬੁੱਧੀਰਾਜਾ ਨੂੰਹ ਦੇ ਰੂਪ ਵਿੱਚ ਇਨ੍ਹਾਂ ਦੇ ਘਰ ਦਾ ਸ਼ਿੰਗਾਰ ਬਣੀ।
ਇਨ੍ਹਾਂ ਦੀ ਮਿਹਨਤ ਅਤੇ ਨਿਰਸੁਆਰਥ ਸੇਵਾ ਭਾਵ ਦੀ ਵੱਡੀ ਪ੍ਰਾਪਤੀ ਹੈ ਕਿ 1999 ਵਿੱਚ ਸ: ਪ੍ਰਕਾਸ਼ ਸਿੰਘ ਬਾਦਲ (ਸਾਬਕਾ ਮੁੱਖ ਮੰਤਰੀ ਪੰਜਾਬ) ਵੱਲੋਂ ਇਨ੍ਹਾਂ ਨੂੰ ਸਨਮਾਨ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਪ੍ਰਾਪਤ ਹੋਰ ਇਨਾਮਾਂ- ਸਨਮਾਨਾਂ ਦੀ ਗਿਣਤੀ ਦੀ ਕਤਾਰ ਬਹੁਤ ਲੰਮੀ ਹੈ ਪਰ ਇਨ੍ਹਾਂ ਇਨਾਮਾਂ-ਸਨਮਾਨਾਂ ਨਾਲ਼ੋ ਵੀ ਵੱਡੀ ਜਾਇਦਾਦ ਮੈਡਮ ਬਿਮਲਾ ਬੁੱਧੀਰਾਜਾ ਜੀ ਨੇ ਬਣਾਈ ਹੈ ਤੇ ਉਹ ਹੈ, ਇਨ੍ਹਾਂ ਦੇ ਪੜ੍ਹਾਏ ਹੋਏ ਬੱਚਿਆਂ ਦੇ ਮਨਾਂ ਵਿੱਚ ਮੈਡਮ ਜੀ ਲਈ ਆਦਰ , ਮਾਣ ਦੀਆਂ ਮੋਹ ਭਰੀਆਂ ਤੰਦਾਂ ਜਿਨ੍ਹਾਂ ਦਾ ਮੁੱਲ ਕੋਈ ਨਈ।
ਸ੍ਰੀਮਤੀ ਬਿਮਲਾ ਬੁੱਧੀਰਾਜਾ ਜੀ ਨੇ 2010 ਵਿੱਚ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਵਿਚ ਆ ਕੇ,2022 ਤੱਕ ਇਸ ਨੂੰ ਇੱਕ ਨਵੀਂ ਦਿੱਖ ਪ੍ਰਦਾਨ ਕੀਤੀ। ਇਸ ਵਿੱਚ ਝੂਮਦੇ ਹਰੇ- ਭਰੇ,ਫਲਦਾਰ , ਛਾਂਦਾਰ ਪੌਦੇ ਮੈਡਮ ਜੀ ਦੀ ਮਿਹਨਤ ਦੀ ਮੂੰਹ ਬੋਲਦੀ ਤਸਵੀਰ ਹੈ।ਮੈਡਮ ਨੇ ਸਾਇੰਸ,ਵਾਤਾਵਰਨ, ਇੰਨਕਲੂਜ਼ਿਵ ਐਜੂਕੇਸ਼ਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ। ਮਡਿਊਲ ਰਾਈਟਿੰਗ ਅਤੇ ਵਰਕ ਬੁੱਕਸ ਬਣਾਉਣ ਵਿੱਚ ਲਈ ਵੀ ਆਪਣੀ ਮਿਹਨਤ ਅਤੇ ਲਗਨ ਨਾਲ ਸਮਰਪਿਤ ਰਹੇ। ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਇਸ ਸੰਸਥਾ ਨਾਲ ਜੁੜੇ ਰਹਿਣ ਦਾ ਅਹਿਦ ਲਿਆ ਅਤੇ ਸ਼੍ਰੀ ਪਿਯੂਸ਼ ਚਾਵਲਾ ਜੀ ਨੂੰ ਵਚਨ ਦਿੱਤਾ ਕਿ ਉਹ ਹਮੇਸ਼ਾ ਆਪਣੀਆਂ ਸੇਵਾਵਾਂ ਨਾਲ ਸੰਸਥਾ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਰ ਪਾਉੰਦੇ ਰਹਿਣਗੇ । ਸੇਵਾ ਮੁਕਤੀ ਦੇ ਇਸ ਵਿਸ਼ੇਸ਼ ਦਿਨ 'ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਮੈਡਮ ਬਿਮਲਾ ਬੁੱਧੀਰਾਜਾ ਜੀ ਸਦਾ ਖ਼ੁਸ਼ ਰਹਿਣ , ਆਬਾਦ ਰਹਿਣ, ਹੱਸਦੇ-ਵਸਦੇ ਤੇ ਤੰਦਰੁਸਤ ਰਹਿਣ ।
ਮਨਦੀਪ ਰਿੰਪੀ...ਰੂਪਨਗਰ
9814385918
Comments (0)