ਭਾਈ ਦਲਜੀਤ ਸਿੰਘ ਦੀ ਅਹਿਮ ਪੁਸਤਕ ਖਾੜਕੂ ਸੰਘਰਸ਼ ਦੀ ਸਾਖੀ

ਭਾਈ ਦਲਜੀਤ ਸਿੰਘ ਦੀ ਅਹਿਮ ਪੁਸਤਕ ਖਾੜਕੂ ਸੰਘਰਸ਼ ਦੀ ਸਾਖੀ

“ਖਾੜਕੂ ਸੰਘਰਸ਼ ਦੀ ਸਾਖੀ” 

ਮਿੱਤਰ ਨੇ ਇੱਛਾ ਦੱਸੀ- ਤੂੰ ਇਸ ਕਿਤਾਬ ਬਾਰੇ ਲਿਖ

ਦੂਜਾ ਕਹਿੰਦਾ- ਦੇਖਲਾ, ਆਪਣੇ ਲੋਕ ਛੋਟੋ ਬਹੁਤ ਨੇ, ਤੇਰੇ 'ਤੇ ਖਾਲਿਸਤਾਨੀ ਹੋਣ ਦਾ ਠੱਪਾ ਲਾ ਦੇਣਗੇ।

ਗੱਲ ਸਹੀ ਲੱਗੀ। ਅਸੀਂ ਠੱਪੇ ਬਹੁਤ ਲਾਉਂਦੇ ਹਾਂ। ਧਿਰ ਬਣਕੇ ਸੋਚਦੇ ਹਾਂ। ਸਾਡੀ ਧਿਰ ਉੱਤਮ, ਦੂਜੀ ਨਖਿੱਧ। ਦੂਜੀ ਧਿਰ ਦੇ ਵਿਰੋਧ ਚ ਲਿਖਿਆ ਸਾਨੂੰ ਸੱਚ ਲੱਗਦਾ ਹੈ, ਹੱਕ ਚ ਲਿਖਿਆ ਝੂਠ। ਅਸੀਂ ਦੂਜੇ ਨੂੰ ਵਿਚਾਰਦੇ ਨਹੀਂ, ਨਕਾਰਦੇ ਹਾਂ। ਦੂਜਾ ਵਿਚਾਰੇ ਜਾਣ ਦਾ ਹੱਕ ਰੱਖਦਾ ਹੈ।

ਦਲਜੀਤ ਸਿੰਘ ਵੀ ਆਪਣੀ ਧਿਰ ਚੋਂ ਪੁਲਸ ਧਿਰ ਚ ਰਲ ਗਏ ਬੰਦਿਆਂ ਨੂੰ ਸਿਰਫ਼ 'ਕੈਟ' ਕਹਿ ਗੱਲ ਨਿਬੇੜਣ ਦੀ ਥਾਂ, ਹਮਦਰਦੀ ਨਾਲ ਵਿਚਾਰਨ ਦੀ ਗੱਲ ਕਰਦਾ, ਲਿਖਦਾ ਹੈ- ਸਾਨੂੰ ਇਸ ਪਹਿਲੂ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਕਿ ਕਿਵੇਂ ਹਥਿਆਰਬੰਦ ਲਹਿਰ ਦੇ ਚੜ੍ਹਾਅ ਨਾਲ ਕਈ ਨੌਜਵਾਨ ਉਮਰ ਕਰਕੇ ਅਤੇ ਆਲੇ-ਦੁਆਲੇ ਕਰਕੇ ਉਹਦੇ ਵੱਲ ਖਿੱਚੇ ਗਏ। ਜਦ ਸੰਘਰਸ਼ ਦਾ ਪਾਸਾ ਪਲਟਿਆ ਤਾਂ ਇਹ ਨੌਜਵਾਨ ਲਹਿਰ ਦੇ ਕਿਨਾਰੇ ਨਾਲ ਟਕਰਾਉਣ ਵਾਂਗ ਹਾਲਾਤ ਵੱਸ ਕਿੱਥੇ-ਕਿੱਥੇ ਜਾ ਡਿੱਗੇ।

ਕਿਤਾਬ ਦੀਆਂ ਦੋ ਸੁਰਾਂ ਨੇ। ਪ੍ਰਮੁਖ ਸੁਰ ਹੈ- ਮੁੰਡਿਆਂ ਦੀ ਸਹਾਇਤਾ ਕਰਨ ਵਾਲੇ ਲੋਕ। ਇਹ ਹਰ ਵਰਗ ਚੋਂ ਨੇ। ਬੀਬੀਆਂ ਦੀ ਬਰਾਬਰ ਦੀ ਸ਼ਮੂਲੀਅਤ ਹੈ। ਇਹਨਾਂ ਲੋਕਾਂ ਲਈ ਦਲਜੀਤ ਸਿੰਘ ਹੋਰੀਂ ਗੁਰੂ ਦੇ ਸਿੰਘ ਨੇ, ਬਾਗੀ ਨੇ। ਤੇ ਇਹ ਨਰ ਬੰਦੇ ਉਹਨਾਂ ਨੂੰ ਪਸੰਦ ਨੇ।ਇਹਨਾਂ ਦੀ ਸੇਵਾ/ਸਹਾਇਤਾ ਕਰਨ ਨੂੰ ਉਹਨਾਂ ਦਾ ਜੀਅ ਕਰਦਾ ਹੈ। ਬੱਸ। ਉਹ ਚੰਗੇ ਨੇ, ਮਾੜੇ ਨੇ ਇਹ ਉਹ ਆਪ ਸੋਚਣ। ਬਾਬੇ ਪਿਆਰਾ ਸਿੰਘ ਨੂੰ ਨਕਸਲੀ ਵੀ ਓਨੇ ਪਿਆਰੇ ਨੇ ਜਿੰਨੇ ਸਿੰਘ। ਜਿੱਥੇ ਸਿੰਘਾਂ ਚੋਂ ਕਈ ਪੁਲਸ ਤਸ਼ੱਦਦ ਚ ਢੇਰੀ ਢਾਹ ਗਏ ਤੇ ਸਿੰਘ/ਲੋਕ ਫੜਾ ਦਿੱਤੇ ਓਥੇ ਲੋਕ ਸਿਦਕੀ ਨਿਕਲੇ, ਡੋਲੇ ਨਹੀਂ। ਬਾਬੇ ਮੋਤੀ ਮਹਿਰੇ ਦੇ ਵਾਰਿਸ ਹੋ ਨਿਬੜੇ। ਕਈ ਦੂਜੀ ਧਿਰ ਦੇ ਹੋ ਕੇ ਵੀ ਸਾਥ ਦਿੰਦੇ ਨੇ, ਕਈਆਂ ਦੇ ਨਿਰਛਲ/ਨਿਰਲੇਪ ਹੋਣ 'ਤੇ ਹੈਰਾਨੀ ਹੁੰਦੀ ਹੈ। ਤਸ਼ੱਦਦ ਬਾਅਦ ਸਿੰਘਾਂ ਵਲੋਂ ਨਿਰਦਈ ਨੂੰ ਸੋਧਣ ਬਾਰੇ ਪੁਛਣ 'ਤੇ, ਬਜ਼ੁਰਗ ਭਲਵਾਨ ਆਖਦਾ ਹੈ- ਨਹੀਂ, ਨਹੀਂ ਮਿੱਟੀ ਪਾਓ ਗੱਲ 'ਤੇ, ਉਹ ਵੀ ਆਪਣੇ ਚੋਂ ਹੀ ਨੇ, ਏਹਨਾਂ ਪਿੰਡਾਂ ਦੇ ਹੀ ਪੁੱਤ ਨੇ। ਸਾਰੇ ਇਕੋ ਜਿਹੀ ਸਮਝ ਨਹੀਂ ਰੱਖਦੇ ਹੁੰਦੇ, ਓਹਨਾਂ 'ਤੇ ਰੱਬ ਭਲੀ ਕਰੇਗਾ।

ਗਰੀਬ ਸ਼ੰਭੂ ਲਈ ਬੈਂਕ ਲੁਟਣ ਵਾਲੇ ਬਾਗੀ ਨੇ। ਇਸੇ ਲਈ ਪੂਜਨੀਕ ਨੇ। ਉਹ ਉਹਨਾਂ ਲਈ ਹਰ ਜ਼ੁਲਮ ਸਹਿਣ ਤਿਆਰ ਹੈ। ਰਵੀ ਵਰਗਾ ਐਬੀ ਸਿੰਘਾਂ ਬਾਰੇ ਗਲਤ ਬੋਲਣ 'ਤੇ ਅਫ਼ਸਰਾਂ ਨਾਲ ਭਿੜ ਜਾਂਦਾ ਹੈ। ਵੈਲੀ ਸਿੰਘਾਂ ਨੂੰ ਠਾਹਰ ਦਿੰਦੇ ਨੇ। ਗੈਰ-ਸਿੱਖ ਸਾਥ ਦਿੰਦੇ ਨੇ। ਅਮੀਰ ਵੀ।

ਦਲਜੀਤ ਸਿੰਘ ਅਜਿਹੇ ਲੋਕਾਂ ਬਾਰੇ ਲਿਖਦਾ ਹੈ- ਉਹਨਾਂ ਦਾ ਸਾਡੇ ਨਾਲ ਰਿਸ਼ਤਾ ਸਿਰਫ਼ ਇਨਸਾਨੀਅਤ, ਵਿਰਸੇ ਤੇ ਸਿੱਖੀ ਦਾ ਸੀ।

-- ਗੁਲਾਮੀ ਜਾਂ ਗੁਰਬਤ ਦੇ ਮਾਰੇ ਹੋਏ ਬੰਦਿਆਂ ਨੂੰ ਹਕੂਮਤ ਦੀ ਹੇਠੀ ਜਾਂ ਹਾਰ ਚੰਗੀ ਲੱਗਣੀ ਹੁੰਦੀ ਹੈ। ਸਥਾਪਤ ਪ੍ਰਬੰਧ ਨੂੰ ਢਾਹੁਣ ਵਾਲੇ ਵੀ ਓਹਨਾਂ ਨੂੰ ਚੰਗੇ ਲੱਗਦੇ ਨੇ।

ਕੁਝ ਪੁਲਸ ਵਾਲੇ ਸਿੰਘਾਂ/ਲੋਕਾਂ ਨਾਲ ਲੁਕਵੀਂ ਹਮਦਰਦੀ ਰੱਖਦੇ ਸੀ, ਬਹੁਤੇ ਨਿਰਦਈ ਵੀ ਸੀ। ਆਤਮ ਚਿੰਤਨ ਕਰਦਾ ਪੁਲਸ ਅਫ਼ਸਰ ਦਲਜੀਤ ਸਿੰਘ ਨੂੰ ਆਖਦਾ ਹੈ- ਅਸੀਂ ਵੀ ਤੁਹਾਡੇ ਵਰਗੇ ਲੋਕ ਸਾਂ ਪਰ ਨੌਕਰੀ ਨੇ ਸਾਨੂੰ ਕਿਵੇਂ-ਕਿਵੇਂ ਅੰਦਰੋਂ ਖ਼ਤਮ ਕਰ ਦਿੱਤਾ। ਹੁਣ ਲੱਗਦਾ ਹੈ ਸਾਡੇ ਨਾਲ ਵੀ ਜ਼ੁਲਮ ਹੋਇਆ ਜਾਂ ਅਸੀਂ ਆਪਣੇ ਆਪ 'ਤੇ ਜ਼ੁਲਮ ਕੀਤਾ ਹੈ।

ਕਿਤਾਬ ਦੀ ਦੂਜੀ ਸੁਰ ਹੈ- ਦਲਜੀਤ ਸਿੰਘ ਦੇ ਖੁਦ ਦੇ ਵਿਚਾਰ। ਇਹ ਬਹੁਤ ਘੱਟ ਪ੍ਰਗਟ ਹੋਏ ਨੇ ਪਰ ਗੌਲ਼ਣਯੋਗ ਨੇ।

ਮੇਰੇ ਲਈ ਕਿਤਾਬ ਪੜ੍ਹਨ ਦੇ ਕੁਝ ਪੈਮਾਨੇ ਹੁੰਦੇ ਨੇ -ਪਹਿਲਾ- ਕੀ ਕਿਤਾਬ ਆਪਣੇ ਵਿਸ਼ੇ ਨਾਲ ਇਨਸਾਫ਼ ਕਰਦੀ ਹੈ। ਦੂਜਾ- ਲੇਖਕ ਧਿਰ ਤਾਂ ਨਹੀਂ ਬਣਦਾ। ਧਿਰ ਵਾਲੇ ਮਸਲੇ 'ਤੇ ਬਹੁਤੇ ਪੰਜਾਬੀ ਥਿੜਕ ਜਾਂਦੇ ਨੇ। ਇਸ ਪੱਖੋਂ ਦਲਜੀਤ ਸਿੰਘ ਸਫ਼ਲ ਰਹਿੰਦਾ ਹੈ। ਉਹ ਸਿੰਘਾਂ ਵਲੋਂ ਅਚੇਤ/ਸੁਚੇਤ ਕੀਤੇ/ਹੋਏੇ ਆਮ ਲੋਕਾਂ ਦੇ ਕਤਲਾਂ ਦੀ ਗੱਲ ਕਬੂਲਦਾ ਹੈ, ਕਮੀਆਂ ਵੀ। ਦੂਜੀਆਂ ਧਿਰਾਂ ਬਾਰੇ ਠਰੰਮੇ ਨਾਲ ਗੱਲ ਕਰਦਾ ਹੈ। ਲ਼ਿਖਤ ਚ ਖੁਦ ਨਾ ਦੇ ਬਰਾਬਰ ਸ਼ਾਮਲ ਹੁੰਦਾ ਹੈ, ਪਾਸੇ ਖੜ੍ਹ ਕੇ ਉਹਨਾਂ ਦੀ ਗੱਲ ਕਰਦਾ ਹੈ ਜੋ ਸੰਘਰਸ਼ ਦੀ ਨੀਂਹ ਸਨ ਪਰ ਇਤਿਹਾਸ ਜਿੰਨ੍ਹਾਂ ਦਾ ਜ਼ਿਕਰ ਨਹੀਂ ਕਰੇਗਾ।

ਇਸ ਸਮੇਂ ਬਾਰੇ ਲਿਖੀਆਂ ਬਹੁਤੀਆਂ ਕਿਤਾਬਾਂ ਬੇਹੱਦ ਪੇਤਲੀਆਂ ਨੇ, ਇਹ ਕਿਤਾਬ ਲੰਬੇ ਮੰਥਨ ਬਾਅਦ ਲਿਖੀ ਗਈ ਹੈ। ਬਹੁਤੀਆਂ ਕਿਤਾਬਾਂ ਦੇ ਮੁਕਾਬਲੇ ਅਨੁਭਵ ਚੋਂ ਨਿਕਲੀ ਹੈ। ਸੰਖੇਪ ਤੇ ਸਾਦੀ ਲਿਖਤ ਹੈ। ਮਨਿੰਦਰ ਕਾਂਗ ਦੀ ਕਹਾਣੀ 'ਭਾਰ' ਪੜ੍ਹਨ ਬਾਅਦ, ਇਕ ਪਾਠਕ ਨੇ ਕਿਹਾ- ਐਨਾ ਜ਼ੁਲਮ ਤਾਂ ਨਹੀਂ ਹੋਇਆ ਹੋਣਾ। ਇਹ ਕਿਤਾਬ ਦੱਸਦੀ ਹੈ- ਕਹਾਣੀ ਸੱਚ ਹੈ। ਕਿਤਾਬ ਉਹਨਾਂ ਸਮਿਆਂ ਦੇ ਲੁਕੇ ਸੱਚ ਉਜਾਗਰ ਕਰਦੀ ਹੈ। ਭਿੜ ਰਹੀਆਂ ਧਿਰਾਂ ਦੀ ਮਾਨਸਿਕਤਾ ਤੇ ਕਾਰਜ-ਸ਼ੈਲੀ ਦੀ ਕਨਸੋਅ ਮਿਲਦੀ ਹੈ। ਇਸੇ ਲਈ ਮਹੱਤਵਪੂਰਨ ਹੈ।

ਕਿਤੇ ਲਿਖਿਆ ਪੜ੍ਹਿਆ ਸੀ- ਜੱਟਾਂ ਕੋਲ ਦੋ ਚੀਜ਼ਾਂ ਹੁੰਦੀਆਂ ਨੇ- ਜ਼ਮੀਨ ਤੇ ਰੱਬ। ਸਮਾਜਵਾਦ ਦੋਵੇਂ ਖੋਂਹਦਾ ਹੈ। ਜੱਟ (ਪੰਜਾਬ ਚ) ਸਮਾਜਵਾਦ ਲਈ ਕਿਉਂ ਲੜੇ?

ਲੱਗਦਾ ਹੈ ਪੰਜਾਬ ਦੀ ਰੂਹ ਚ ਕੋਈ ਬਾਗੀ ਕਣ ਹੈ। ਬੇਚੈਨੀ ਹੈ, ਟੇਕ ਨ੍ਹੀਂ। ਸੂਝ ਘੱਟ ਹੈ, ਭਾਵੁਕਤਾ ਵੱਧ। ਇਹ ਛਲੇਡੇ ਵਾਂਗ ਦੇਹ ਪਲਟ ਲੈਂਦੀ ਹੈ, ਇਕ ਤੋਂ ਦੂਜੀ ਲਹਿਰ ਚ। ਕਦੇ ਨਕਸਲਵਾੜ ਦਾ ਰੂਪ ਧਾਰਨ ਕਰ ਲੈਂਦੀ ਹੈ, ਕਦੇ ਖਾੜਕੂਵਾਦ ਦਾ। ਕਦੇ ਦਿੱਲੀ ਬਾਰਡਰ 'ਤੇ ਜਾ ਬੈਠਦੀ ਹੈ। ਅੱਜ-ਕੱਲ੍ਹ ਇਹ ਸਿਵਿਆਂ ਚ ਆਪਣਾ 'ਆਈਕੌਨ' ਲੱਭਦੀ ਫ਼ਿਰਦੀ ਹੈ।ਇਹ ਸਾਰੇ ਸਾਡੇ ਹੀ ਮੁੰਡੇ ਨੇ, ਪਿਆਰਨਯੋਗ ਨੇ। ਵਿਚਾਰਨਯੋਗ ਵੀ।

-ਤਨਵੀਰ