ਵਿਲਬਰਫੋਰਸ ਯੁਨੀਵਰਸਿਟੀ ਨੇ ਗਰੈਜੂਏਟਾਂ ਦੀਆਂ ਸਾਰੀਆਂ ਦੇਣਦਾਰੀਆਂ ਕੀਤੀਆਂ ਖਤਮ

ਵਿਲਬਰਫੋਰਸ ਯੁਨੀਵਰਸਿਟੀ ਨੇ ਗਰੈਜੂਏਟਾਂ ਦੀਆਂ ਸਾਰੀਆਂ ਦੇਣਦਾਰੀਆਂ ਕੀਤੀਆਂ ਖਤਮ
ਵਿਲਬਰਫੋਰਸ ਯੁਨੀਵਰਸਿਟੀ

 ਪੌਣੇ ਚਾਰ ਲੱਖ ਡਾਲਰ ਦੀ ਵਿਦਿਆਰਥੀਆਂ ਨੂੰ ਮਿਲੀ ਰਾਹਤ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) ਅਮਰੀਕਾ ਦੇ ਓਹੀਓ ਰਾਜ ਵਿਚ ਸਥਿੱਤ ਵਿਲਬਰਫੋਰਸ ਯੁਨੀਵਰਸਿਟੀ ਨੇ 2020-2021 ਸਾਲ ਦੇ ਗਰੈਜੂਏਟ ਵਿਦਿਆਰਥੀਆਂ ਦੀਆਂ ਸਾਰੀਆਂ ਦੇਣਦਾਰੀਆਂ ਖਤਮ ਕਰ ਦਿੱਤੀਆਂ ਹਨ ਕੋਵਿਡ-19 ਮਹਾਂਮਾਰੀ ਦੌਰਾਨ ਯੁਨੀਵਰਸਿਟੀ ਨੇ ਵਿਦਿਆਰਥੀਆਂ ਨੂੰ 3,75,000 ਡਾਲਰ ਤੋਂ ਵਧ ਦੀ ਰਾਹਤ ਦਿੱਤੀ ਹੈ। ਯੁਨੀਵਰਸਿਟੀ ਨੇ ਇਹ ਐਲਾਨ 2021 ਦਾ ਸੈਸ਼ਨ ਸ਼ੁਰੂ ਹੋਣ ਮੌਕੇ ਕੀਤਾ। ਪ੍ਰਧਾਨ ਐਲਫਰੈਡ ਅਨਥਨੀ ਪਿੰਕਰਡ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਇਹ ਗਰੈਜੂਏਟ ਇਕ ਜਿੰਮੇਵਾਰ ਬਾਲਗ ਵਜੋਂ ਆਪਣਾ ਜੀਵਨ ਸ਼ੁਰੂ ਕਰਨ ਜਾ ਰਹੇ ਹਨ,

ਅਸੀਂ ਯੁਨੀਵਰਿਸਟੀ ਦੀਆਂ ਦੇਣਦਾਰੀਆਂ ਖਤਮ ਕਰਕੇ ਵਿਦਿਆਰਥੀਆਂ ਨੂੰ ਇਕ ਰਾਹਤ ਦੇ ਰਹੇ ਹਾਂ ਤਾਂ ਜੋ ਉਹ ਆਪਣੀ ਨਵੀਂ ਸ਼ੁਰੂਆਤ ਸੁਖਾਵੇਂ ਮਾਹੌਲ ਵਿਚ ਕਰ ਸਕਣ। ਉਨਾਂ ਕਿਹਾ ਕਿ ਅਸੀਂ ਇਹ ਫੈਸਲਾ ਗਰੈਜੂਏਟਾਂ ਦੇ ਸਨਮਾਨ ਵਿਚ ਲਿਆ ਹੈ। ਯੁਨੀਵਰਸਿਟੀ ਦੇ ਇਸ ਐਲਾਨ ਤੋਂ ਬਾਅਦ ਵਿਦਿਆਰਥੀਆਂ ਨੇ ਨੱਚ ਗਾ ਕੇ ਖੁਸ਼ੀ ਮਨਾਈ। ਵਿਦਿਆਰਥੀਆਂ ਨੇ ਕਿਹਾ ਕਿ ਉਨਾਂ ਨੂੰ ਅਜਿਹੀ ਕੋਈ ਆਸ ਨਹੀਂ ਸੀ ਪਰ ਯੁਨੀਵਰਿਸਟੀ ਦੇ ਐਲਾਨ ਨੇ ਉਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਉਹ ਇਹ ਪੈਸਾ ਹੋਰ ਕਿਤੇ ਖਰਚ ਕਰ ਸਕਣਗੇ। ਵਿਦਿਆਰਥੀਆਂ ਨੇ ਯੁਨੀਵਰਸਿਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਹੈ। ਯੁਨੀਵਰਸਿਟੀ ਦੇ ਐਲਾਨ ਅਨੁਸਾਰ ਖਤਮ ਕੀਤੀਆਂ ਗਈਆਂ ਦੇਣਦਾਰੀਆਂ ਵਿਚ ਫੀਸਾਂ, ਜੁਰਮਾਨੇ ਤੇ ਟਿਊਸ਼ਨ ਫੀਸਾਂ ਦੇ ਬਕਾਏ ਸ਼ਾਮਿਲ ਹਨ ਤੇ ਇਸ ਵਿਚ ਸੰਘੀ ਕਰਜਾ, ਬੈਂਕ ਕਰਜਾ ਜਾਂ ਵਿਦਿਆਰਥੀਆਂ ਵੱਲੋਂ ਲਏ ਹਰ ਤਰਾਂ ਦੇ ਨਿੱਜੀ ਕਰਜੇ ਸ਼ਾਮਿਲ ਨਹੀਂ ਹਨ।