ਭੰਗ ਦੀ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਭਾਰਤੀ ਮੂਲ ਦਾ ਕੈਨੇਡੀਅਨ ਹੋਇਆ ਰਿਹਾਅ

ਭੰਗ ਦੀ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਭਾਰਤੀ ਮੂਲ ਦਾ ਕੈਨੇਡੀਅਨ ਹੋਇਆ ਰਿਹਾਅ

* ਕਿਹਾ ਮੈਨੂੰ ਡਰੱਗ ਤਸਕਰੀ ਸਕੀਮ ਤਹਿਤ ਫਸਾਇਆ ਗਿਆ।

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)-ਡੈਟਰਾਇਟ (ਮਿਸ਼ੀਗਨ) ਵਿਚ ਅਮਰੀਕੀ ਸਰਹੱਦ ਉਪਰ ਪਿਛਲੇ ਮਹੀਨੇ ਦੇੇ ਸ਼ੁਰੂ ਵਿਚ ਇਕ ਟਨ ਤੋਂ ਵਧ ਭੰਗ ਸਮੇਤ ਗ੍ਰਿਫਤਾਰ ਕੀਤੇ ਭਾਰਤੀ ਮੂਲ ਦੇ ਕੈਨੇਡੀਅਨ ਟਰੱਕ ਡਰਾਈਵਰ ਤਸਬੀਰ ਸਿੰਘ (32) ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਉਸ ਵਿਰੁੱਧ ਲਾਏ ਦੋਸ਼ ਵਾਪਿਸ ਲੈ ਲਏ ਹਨ। ਇਸ ਤੋਂ ਪਹਿਲਾਂ ਉਸ ਦੇ ਵਕੀਲ ਐਲਨ ਮਾਈਕਲ ਨੇ ਅਦਾਲਤ ਵਿਚ ਦੱਸਿਆ ਕਿ ਮੇਰਾ ਮੁਵੱਕਲ ਡਰੱਗ ਸਮਗਲਿੰਗ ਸਕੀਮ ਤਹਿਤ ਨਿਸ਼ਾਨਾ ਬਣਿਆ ਹੈ ਜਦ ਕਿ ਉਹ ਨਿਰਦੋਸ਼ ਹੈ। ਉਸ ਨੇ ਕਿਹਾ ਕਿ ਭੰਗ ਦੇ ਸੌਦਾਗਰਾਂ ਨੇ ਕੰਪਨੀ ਦੇ ਕੰਪਿਊਟਰ ਵਿਚ ਸਪਰਿੰਗਾਂ ਦਾ ਇਕ ਝੂਠਾ ਆਰਡਰ ਬਣਾਇਆ ਤੇ ਟਰੱਕ ਵਿਚ ਸਪਰਿੰਗਾਂ ਦੀ ਥਾਂ ਭੰਗ ਲੱਦ ਦਿੱਤੀ ਗਈ। ਤਸਬੀਰ ਸਿੰਘ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਟਰੱਕ ਵਿਚ ਕੰਪਰੈਸ਼ਨ ਸਪਰਿੰਗ ਲੱਦੇ ਹੋਏ ਹਨ ਜਦ ਕਿ ਲਦਾਈ ਸਮੇ ਕੋਵਿਡ-19 ਨਿਯਮਾਂ ਕਾਰਨ ਉਹ ਟਰੱਕ ਵਿਚੋਂ ਬਾਹਰ ਨਹੀਂ ਨਿਕਲਿਆ ਸੀ। ਤਸਬੀਰ ਸਿੰਘ ਨੇ ਰਿਹਾਈ ਉਪਰੰਤ ਕਿਹਾ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਉਸ ਨੂੰ 7 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ।