ਧਰਤੀ ’ਤੇ ਵਧ ਰਹੀ ਤਪਸ਼ ਖ਼ਤਰੇ ਦੀ ਘੰਟੀ

ਧਰਤੀ ’ਤੇ ਵਧ ਰਹੀ ਤਪਸ਼ ਖ਼ਤਰੇ ਦੀ ਘੰਟੀ

  ਵਾਤਾਵਰਨ

  ਗੁਰਮੀਤ ਸਿੰਘ ਪਲਾਹੀ   

 ਕੈਨੇਡਾ ਵਿੱਚ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿੱਚ ਧਰਤੀ ਦਾ ਤਾਪਮਾਨ ਇਸ ਵਰ੍ਹੇ ਜੂਨ ਵਿੱਚ 47.9 ਡਿਗਰੀ ਸੈਂਟੀਗਰੇਡ ਪੁੱਜ ਗਿਆ। ਕੈਨੇਡਾ ਦਾ ਇੱਕ ਛੋਟਾ ਜਿਹਾ ਕਸਬਾ ਦੁਨੀਆ ਦਾ ਸਭ ਤੋਂ ਗਰਮ ਕਸਬਾ ਬਣ ਗਿਆ, ਜਿੱਥੇ ਤਪਸ਼ ਨਾਲ ਇਮਾਰਤਾਂ ਨੂੰ ਅੱਗ ਲੱਗ ਗਈ ਅਤੇ ਉਹਨਾਂ ਵਿੱਚ ਪਿਆ ਸਮਾਨ ਰਾਖ ਹੋ ਗਿਆ। ਲੋਕਾਂ ਨੂੰ ਬਚਾ ਲਿਆ ਗਿਆ। ਸਹਾਰਾ ਮਾਰੂਥਲ ਵਿੱਚ ਚੱਲੀਆਂ ਗਰਮ ਹਵਾਵਾਂ ਨੇ ਬਿਜਲੀ ਦੀਆਂ ਕੇਬਲਾਂ ਤਕ ਪਿਘਲਾ ਦਿੱਤੀਆਂ। ਮੱਧ ਪੂਰਬੀ ਪੰਜ ਦੇਸ਼ਾਂ ਵਿੱਚ ਇਸ ਵਰ੍ਹੇ ਦੇ ਜੂਨ ਮਹੀਨੇ ਤਾਪਮਾਨ 50 ਡਿਗਰੀ ਸੈਂਟੀਗਰੇਡ ਤਕ ਪਹੁੰਚ ਗਿਆ। ਪਾਕਿਸਤਾਨ ਵਿੱਚ ਵਗੀਆਂ ਤੱਤੀਆਂ ਹਵਾਵਾਂ ਨਾਲ ਇੱਕ ਕਲਾਸ ਰੂਮ ਵਿੱਚ ਪੜ੍ਹ ਰਹੇ 20 ਬੱਚੇ ਬੇਹੋਸ਼ ਹੋ ਗਏ। ਸਾਲ 2019 ਵਿੱਚ ਯੂਰਪੀ ਖਿੱਤੇ ਵਿੱਚ ਚੱਲੀਆਂ ਲੂਆਂ ਨਾਲ 2500 ਬੰਦੇ ਮਾਰੇ ਗਏ ਸਨ।ਵਾਤਾਵਰਣ ਵਿਗਿਆਨੀਆਂ ਅਨੁਸਾਰ ਸਾਲ 2030 ਤਕ ਧਰਤੀ ਉੱਤੇ ਤਾਪਮਾਨ 1.5 ਡਿਗਰੀ ਸੈਂਟੀਗਰੇਡ ਵਧਣ ਦਾ ਅਨੁਮਾਨ ਹੈ। ਡੇਢ ਡਿਗਰੀ ਸੈਂਟੀਗਰੇਡ ਤਾਪਮਾਨ ਦਾ ਵਧ ਜਾਣਾ ਧਰਤੀ ਉੱਤੇ ਤਪਸ਼ ਦਾ ਬਹੁਤ ਵੱਡਾ ਵਾਧਾ ਹੈ। ਸਾਲ 2030 ਦੇ ਬਾਅਦ ਵਾਤਾਵਰਣ ਬਦਲੀ ਕਾਰਨ ਹੋਣ ਵਾਲੀ ਗੜਬੜੀ ਕੋਵਿਡ-19 ਮਹਾਂਮਾਰੀ ਵਾਂਗ ਆਪਣੇ ਸਾਰਿਆਂ ਦੇ ਘਰੋ-ਘਰੀ ਪਹੁੰਚ ਜਾਏਗੀ, ਖਾਸਕਰ ਗਰੀਬਾਂ ਦੇ ਵਿਹੜਿਆਂ ਵਿੱਚ।ਦੁਨੀਆਂ ਦੇ ਸਭ ਤੋਂ ਅਮੀਰ ਇੱਕ ਅਰਬ ਲੋਕ ਧਰਤੀ ਉੱਤੇ ਤਾਪਮਾਨ ਵਧਾਉਣ ਵਾਲੀਆਂ ਗੈਸਾਂ ਦੀ 50 ਫ਼ੀਸਦੀ ਦੀ ਪੈਦਾਇਸ਼ ਦੇ ਜ਼ਿੰਮੇਵਾਰ ਹਨ ਜਦਕਿ ਦੁਨੀਆਂ ਦੇ ਗਰੀਬ ਤਿੰਨ ਅਰਬ ਲੋਕਾਂ ਦਾ ਤਾਪਮਾਨ ਵਧਾਉਣ ਵਾਲੀਆਂ ਗੈਸਾਂ ਵਿੱਚ ਯੋਗਦਾਨ ਸਿਰਫ 5 ਫੀਸਦੀ ਹੈ। ਇਹਨਾਂ ਤਿੰਨ ਅਰਬ ਗਰੀਬ ਲੋਕਾਂ ਕੋਲ ਅਤਿ ਦੀ ਗਰਮੀ, ਸੋਕੇ, ਹੜ੍ਹ, ਅੱਗਜ਼ਨੀ, ਫ਼ਸਲਾਂ ਦੀ ਬਰਬਾਦੀ, ਮੱਖੀਆਂ-ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਅਤੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਬਹੁਤ ਸੀਮਤ ਜਿਹੇ ਸਾਧਨ ਹਨ। ਜਦੋਂ ਅਗਲੇ 9 ਸਾਲਾਂ ਵਿੱਚ ਜਾਂ ਇਸਦੇ ਆਸ ਪਾਸ ਧਰਤੀ ਦਾ ਤਾਪਮਾਨ 1.5 ਡਿਗਰੀ ਸੈਂਟੀਗਰੇਡ ਵਧ ਜਾਏਗਾ ਤਾਂ ਉੱਪਰ ਗਿਣੀਆਂ ਸਾਰੀਆਂ ਹਾਲਤਾਂ ਹੋਰ ਖਰਾਬ ਹੋ ਜਾਣਗੀਆਂ।ਅਸਲ ਵਿੱਚ ਘੱਟ ਲਾਗਤ ਵਾਲੇ ਜਲਣ ਵਾਲੇ ਪਦਾਰਥਾਂ ਦੀ ਆਮ ਲੋਕਾਂ ਤਕ ਪਹੁੰਚ ਨਹੀਂ ਹੈ, ਜਿਸ ਨਾਲ ਵਾਤਾਵਰਣ ਵਿਗਾੜ ਸਾਡੇ ਸਮੇਂ ਦੀ ਸਭ ਤੋਂ ਵੱਡੀ ਚਣੌਤੀ ਬਣੀ ਹੋਈ ਹੈ। ਸੂਰਜੀ ਊਰਜਾ ਅਤੇ ਹੋਰ ਨਵੀਨੀ ਬਾਇਓ ਸਰੋਤਾਂ ਤਕ ਪਹੁੰਚ ਦੀ ਬਜਾਏ ਅੰਨ੍ਹੇਵਾਹ ਡੀਜ਼ਲ, ਪੈਟਰੋਲ, ਤੇਲ ਦੀ ਵਰਤੋਂ ਨੇ ਵਾਤਾਵਰਣ ਵਿੱਚ ਉਵੇਂ ਦਾ ਹੀ ਰੋਲ ਅਦਾ ਕੀਤਾ ਹੈ, ਜਿਵੇਂ ਮੌਜੂਦਾ ਦੌਰ ਵਿੱਚ ਲੈਂਡ ਲਾਈਨ ਫੋਨ ਤਕ ਪਹੁੰਚ ਤੋਂ ਬਿਨਾਂ ਮੋਬਾਇਲ ਫੋਨ ਤਕ ਪਹੁੰਚ ਬਣੀ ਹੋਈ ਹੈ।

ਧਰਤੀ ਉੱਤੇ ਗਰਮੀ ਦੇ ਵਾਧੇ ਲਈ ਮੁੱਖ ਸਰੋਤਾਂ ਵਿੱਚ ਕੋਲਾ, ਪੈਟਰੋਲੀਅਮ ਵਸਤਾਂ ਅਤੇ ਕੁਦਰਤੀ ਗੈਸਾਂ ਹਨ। ਇਹ ਗੈਸਾਂ ਹੀ ਹਵਾ ਪ੍ਰਦੂਸ਼ਨ ਦਾ ਕਾਰਨ ਬਣਦੀਆਂ ਹਨ। ਇਸ ਨਾਲ ਹਰ ਸਾਲ ਦਿਲ ਦੀਆਂ ਬਿਮਾਰੀਆਂ, ਲਕਵੇ, ਸਾਹ ਦੇ ਰੋਗਾਂ ਅਤੇ ਫੇਫੜਿਆਂ ਦੇ ਕੈਂਸਰ ਨਾਲ 50 ਲੱਖ ਤੋਂ ਇੱਕ ਕਰੋੜ ਲੋਕ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਵਾਤਾਵਰਣ ਬਦਲਾਅ ਉੱਤੇ ਜੇਕਰ ਸਮਿਆਂ ਦੀਆਂ ਸਰਕਾਰਾਂ ਨੇ ਵਿਗਿਆਨੀਆਂ ਦੀ ਸਲਾਹ ਨਾਲ ਰੋਕ ਪਾਉਣ ਦਾ ਯੋਗ ਪ੍ਰਬੰਧ ਨਾ ਕੀਤਾ ਹੁੰਦਾ ਤਾਂ ਇਹ ਲੋਕਾਂ ਅਤੇ ਈਕੋਸਿਸਟਮ ਲਈ ਅਜਿਹਾ ਸੰਕਟ ਬਣ ਜਾਂਦਾ ਜਿਸ ਨਾਲ ਨਿਪਟਿਆ ਨਹੀਂ ਸੀ ਜਾ ਸਕਦਾ।ਭਾਰਤ ਵਿੱਚ ਪ੍ਰਦੂਸ਼ਨ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਬਹੁਤ ਜ਼ਿਆਦਾ ਹੈ। ਇਸ ਨਾਲ ਹਰ ਸਾਲ 25 ਲੱਖ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ। ਇਸ ਵਿੱਚ ਇੱਕ ਲੱਖ 14 ਹਜਾਰ ਬਾਲਾਂ ਦੀਆਂ ਮੌਤਾਂ ਵੀ ਸ਼ਾਮਲ ਹੈ। ਭਾਰਤ ਅਤੇ ਦੱਖਣੀ ਏਸ਼ੀਆ ਦੇਸ਼ਾਂ ਦੇ ਹਵਾ ਪ੍ਰਦੂਸ਼ਨ ਦਾ ਮੁੱਖ ਕਾਰਨ ਕਾਰਬਨਡਾਈਔਕਸਾਈਡ ਗੈਸਾਂ ਵਿੱਚ ਵਾਧਾ ਹੈ। ਵਿਸ਼ਵੀ ਤਾਪਮਾਨ ਵਿੱਚ ਵਾਧੇ ਦੇ ਅੰਕੜੇ ਦੱਸਦੇ ਹਨ ਕਿ ਗਰਮ ਹਵਾ ਜ਼ਿਆਦਾ ਨਮੀ ਪੈਦਾ ਕਰਦੀ ਹੈ। ਉਪਗ੍ਰਹੀ ਅੰਕੜਿਆਂ ਅਨੁਸਾਰ ਹਵਾ ਵਿੱਚ ਇੱਕ ਡਿਗਰੀ ਦੀ ਗਰਮੀ ਵਿੱਚ ਵਾਧਾ ਨਮੀ ਵਿੱਚ 7 ਫ਼ੀਸਦੀ ਵਾਧਾ ਕਰਦਾ ਹੈ। ਤਾਪਮਾਨ ਵਿੱਚ ਵਾਧਾ ਅਤੇ ਨਮੀ ਵਿੱਚ ਵਾਧਾ ਭਾਰਤ ਵਰਗੇ ਦੇਸ਼ ਲਈ ਵੱਡੀ ਪ੍ਰੇਸ਼ਾਨੀਆਂ ਵਾਲਾ ਮੁੱਦਾ ਹੈ। ਜੇਕਰ ਗਰਮੀ ਵਿੱਚ ਵਾਧਾ ਇਵੇਂ ਹੁੰਦਾ ਰਿਹਾ ਤਾਂ ਨਮੀ ਵਾਲੀਆਂ ਗਰਮ ਹਵਾਵਾਂ ਚੱਲ ਸਕਦੀਆਂ ਹਨ। ਮਾਨਸੂਨ ਦੀ ਵਰਖਾ ਤਿੰਨ ਗੁਣਾ ਤਕ ਵਧ ਸਕਦੀ ਹੈ ਅਤੇ ਇਸ ਸਭ ਕੁਝ ਦਾ ਅਸਰ ਜੀਵਨ, ਖੇਤੀ ਅਤੇ ਜਾਇਦਾਦ ਦੇ ਵਿਨਾਸ਼ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ।ਵਾਤਾਵਰਣ ਪ੍ਰਦੂਸ਼ਨ ਪੈਦਾ ਕਰਨ ਵਾਲੇ ਮੀਥੇਨ, ਹੇਠਲੇ ਵਾਯੂਮੰਡਲ ਵਿੱਚ ਓਜ਼ੋਨ, ਕਾਲੇ ਕਾਰਬਨ ਦੇ ਕਣ ਅਤੇ ਹਾਈਡਰੋਫਲੋਰੋਕਾਰਬਨ ਹਨ, ਜਿਹਨਾਂ ਨੂੰ ਥੋੜ੍ਹੇ ਸਮੇਂ ਤਕ ਜੀਉਣ ਵਾਲੇ ਮੰਨਿਆ ਜਾਂਦਾ ਹੈ। ਵਾਤਾਵਰਣ ਵਿੱਚੋਂ ਕਾਰਬਨਡਾਈਔਕਸਾਈਡ ਅਤੇ ਇਹ ਚਾਰੇ ਪ੍ਰਦੂਸ਼ਕ ਜੇਕਰ ਘੱਟ ਕੀਤੇ ਜਾਂਦੇ ਹਨ ਤਾਂ ਵਾਤਾਵਰਣ ਵਿਗਾੜ ਅੱਧਾ ਰਹਿ ਸਕਦਾ ਹੈ।

ਵਾਤਾਵਰਣ ਪ੍ਰਦੂਸ਼ਨ ਗੈਸਾਂ ਦੀ ਬੇਲੋੜੀ ਪੈਦਾਵਾਰ ਨਾਲ ਧਰਤੀ ਉੱਤੇ ਤਪਸ਼ ਦਾ ਬੇਲਗਾਮ ਵਾਧਾ ਹੋ ਰਿਹਾ ਹੈ। ਜੇਕਰ ਭਾਰਤ ਦੇ ਪਿੰਡਾਂ ਵਿੱਚ ਸੂਰਜੀ ਊਰਜਾ ਅਤੇ ਬਾਇਉਮਾਸ ਊਰਜਾ ਦੀ ਵਰਤੋਂ ਯਕੀਨੀ ਕੀਤੀ ਜਾਵੇ ਅਤੇ ਲੋਕਾਂ ਨੂੰ ਖਾਣਾ ਬਣਾਉਣ, ਖਾਣਾ ਗਰਮ ਕਰਨ ਅਤੇ ਰੌਸ਼ਨੀ ਲਈ ਇਹਨਾਂ ਸਾਧਨਾਂ ਦੀ ਵਰਤੋਂ ਹੋਵੇ ਤਾਂ ਪ੍ਰਦੂਸ਼ਕ ਤੱਤ ਘਟ ਸਕਦੇ ਹਨ। ਖੇਤੀ ਨਾਲ ਸਬੰਧਤ ਵਾਧੂ ਪਦਾਰਥ ਜਿਹਨਾਂ ਨੂੰ ਜਲਾਇਆ ਜਾਂਦਾ ਹੈ, ਉਹ ਪ੍ਰਦੂਸ਼ਨ ਤਾਂ ਪੈਦਾ ਕਰਦੇ ਹੀ ਹਨ, ਸਿਹਤਮੰਦ ਧਰਤੀ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ। ਇਸ ਖੇਤੀ ਰਹਿੰਦ-ਖੂੰਦ ਤੋਂ ਖਾਦ ਤਿਆਰ ਹੋਵੇ ਜਾਂ ਇਸ ਨੂੰ ਬਿਜਲੀ ਬਣਾਉਣ ਲਈ ਵਰਤਿਆ ਜਾਵੇ ਤਾਂ ਸਾਰਥਕ ਸਿੱਟੇ ਨਿਕਲ ਸਕਦੇ ਹਨ। ਕਚਰਾ ਪ੍ਰਬੰਧ, ਹਵਾ ਪ੍ਰਦੂਸ਼ਨ ਵਿੱਚ ਕਟੌਤੀ, ਰੂੜੀ ਖਾਦ ਬਿਹਤਰ ਬਦਲ ਹੋ ਸਕਦੇ ਹਨ।ਡੀਜ਼ਲ ਦੀ ਵਰਤੋਂ ਬੰਦ ਕਰਨੀ ਸਮੇਂ ਦੀ ਮੁੱਖ ਲੋੜ ਹੈ। ਇਸ ਤੋਂ ਪੈਦਾ ਹੋਏ ਕਾਲੇ ਕਾਰਬਨ ਕਣਾਂ ਦੀ ਇੱਕ ਟਨ ਮਾਤਰਾ ਨਾਲ ਉੰਨੀ ਗਰਮੀ ਧਰਤੀ ਉੱਤੇ ਪੈਦਾ ਹੁੰਦੀ ਹੈ ਜਿੰਨੀ 2000 ਟਨ ਕਾਰਬਨ ਡਾਈਔਕਸਾਈਡ ਨਾਲ। ਜੇਕਰ ਡੀਜ਼ਲ ਦੀ ਵਰਤੋਂ ਭਾਰਤ ਵਿੱਚ ਬੰਦ ਹੁੰਦੀ ਹੈ ਤਾਂ ਪ੍ਰਦੂਸ਼ਣ ਰੁਕੇਗਾ ਤੇ ਭਾਰਤ ਵਿੱਚ ਸਮੇਂ ਤੋਂ ਪਹਿਲਾਂ ਜਿਹੜੀਆਂ 10 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ, ਉਹਨਾਂ ਨੂੰ ਠੱਲ੍ਹ ਪਵੇਗੀ। ਇੰਨਾ ਹੀ ਨਹੀਂ, ਹਿਮਾਲਿਆ ਦੇ ਗਲੈਸ਼ੀਅਰ ਜੋ ਪਿਘਲਦੇ ਹਨ, ਉਹਨਾਂ ਦੀ ਦਰ ਅੱਧੀ ਰਹਿ ਜਾਏਗੀ। ਇਸ ਨਾਲ ਭਾਰਤ ਦਾ ਵਿਸ਼ਵ ਪੱਧਰੀ ਤਾਪਮਾਨ ਵਿੱਚ ਵਾਧੇ ਵਿੱਚ ਜੋ ਹਿੱਸਾ ਹੈ, ਉਹ ਘੱਟ ਹੋ ਜਾਏਗਾ। ਇਸਦਾ ਲਾਭ ਇਹ ਵੀ ਮਿਲੇਗਾ ਕਿ ਭਾਰਤ ਵਿੱਚ ਕਣਕ ਦੇ ਉਤਪਾਦਨ ਵਿੱਚ 35 ਫ਼ੀਸਦੀ ਅਤੇ ਚੌਲਾਂ ਦੇ ਉਤਪਾਦਨ ਵਿੱਚ 10 ਫ਼ੀਸਦੀ ਦਾ ਵਾਧਾ ਹੋਵੇਗਾ।ਵਾਤਾਵਰਣ ਸੰਕਟ ਦਾ ਹੱਲ ਇਹ ਹੈ ਕਿ ਮੌਜੂਦਾ ਈਧਨ ਨੂੰ ਬੀਤੇ ਸਮੇਂ ਦੀ ਗੱਲ ਬਣਾ ਦਿੱਤਾ ਜਾਏ ਅਤੇ ਊਰਜਾ ਦੇ ਉਹਨਾਂ ਸਰੋਤਾਂ ਦੀ ਵਰਤੋਂ ਕੀਤੀ ਜਾਵੇ, ਜਿਹੜੇ ਗਰਮੀ ਪੈਦਾ ਕਰਨ ਵਾਲੀਆਂ ਗੈਸਾਂ ਪੈਦਾ ਨਹੀਂ ਕਰਦੇ ਅਤੇ ਨਾ ਹੀ ਕਾਲਾ ਕਾਰਬਨ ਪੈਦਾ ਕਰਦੇ ਹਨ। ਵਿਸ਼ਵ ਵਿੱਚ ਕਿਧਰੇ ਵੀ ਵਾਤਾਵਰਣ ਪ੍ਰਦੂਸ਼ਣ ਗੈਸਾਂ ਪੈਦਾ ਹੁੰਦੀਆਂ ਹੋਣ ਉਹ ਵਿਸ਼ਵ ਤਾਪਮਾਨ ਵਧਾਉਣ ਦਾ ਕਾਰਨ ਬਣਦੀਆਂ ਹਨ।ਵਾਤਾਵਰਣ ਸੰਕਟ ਦੇ ਹੱਲ ਲਈ ਸਾਰੀਆਂ ਥਾਂਵਾਂ ਅਤੇ ਸਾਰੇ ਲੋਕਾਂ ਤਕ ਸਾਫ਼-ਸੁਥਰੀ ਊਰਜਾ ਦੀ ਪਹੁੰਚ ਦੀ ਜ਼ਰੂਰਤ ਹੈ। ਭਾਵੇਂ ਉਹ ਗਰੀਬ ਹੋਣ ਜਾਂ ਅਮੀਰ। ਭਾਵੇਂ ਦੁਨੀਆ ਭਰ ਦੇ ਸ਼ਹਿਰੀ ਖੇਤਰ ਵਿਸ਼ਵ ਭੂ-ਭਾਗ ਦੀ ਸਿਰਫ਼ ਦੋ ਫ਼ੀਸਦੀ ਥਾਂ ਘੇਰਦੇ ਹਨ, ਪਰ ਵਿਸ਼ਵ ਦੀ ਕੁਲ ਊਰਜਾ ਦਾ ਦੋ-ਤਿਹਾਈ ਹਿੱਸਾ ਵਰਤਦੇ ਹਨ ਅਤੇ ਨਾਲ ਹੀ ਉਹ ਵਿਸ਼ਵ ਪੱਧਰ ’ਤੇ ਜਿੰਨੀ ਕਾਰਬਨ ਡਾਈਅਕਸਾਈਡ ਪੈਦਾ ਹੁੰਦੀ ਹੈ, ਉਸਦੇ 70 ਫ਼ੀਸਦੀ ਲਈ ਜ਼ਿੰਮੇਵਾਰ ਹਨ। ਸ਼ਹਿਰਾਂ ਵਿੱਚ ਹਰੀਆਂ ਛੱਤਾਂ ਅਤੇ ਏਅਰਕੰਡੀਸ਼ਨਰਾਂ ਵਿੱਚ ਕਮੀ, ਸਰਵਜਨਕ ਪਰਿਵਾਹਨ ਦੀ ਵਰਤੋਂ ਅਤੇ ਊਰਜਾ ਦੇ ਨਵੇਂ ਸਰੋਤਾਂ ਦਾ ਇਸਤੇਮਾਲ ਵਾਤਾਵਰਣ ਬਦਲੀ ਨਾਲ ਨਿਪਟਣ ਵਿੱਚ ਸਹਾਈ ਹੋ ਸਕਦਾ ਹੈ।

ਜਿਵੇਂ ਮੌਂਟਰੀਆਲ ਅੰਤਰਰਾਸ਼ਟਰੀ ਪ੍ਰੋਟੋਕੋਲ ਦੇ ਤਹਿਤ ਸੀ.ਐੱਫ.ਸੀ. (ਕਲੋਰੋਫਲੋਰੋ ਕਾਰਬਨ) ਦੇ ਸਬੰਧ ਵਿੱਚ ਵਿਸ਼ਵ ਪੱਧਰੀ ਅਜੰਡਾ ਜਾਰੀ ਕੀਤਾ ਗਿਆ ਸੀ, ਇਹ ਵਾਤਾਵਰਣ ਵਿੱਚ ਗਰਮੀ ਨੂੰ ਲੈ ਕੇ ਨਹੀਂ ਸੀ, ਸਗੋਂ ਅੰਨਟਾਰਟਿਕਾ ਓਜ਼ੋਨ ਛੇਕਾਂ ਉੱਤੇ ਇਸਦੇ ਪ੍ਰਭਾਵ ਨੂੰ ਲੈ ਕੇ ਕੀਤਾ ਗਿਆ ਸੀ। ਇਸ ਏਜੰਡੇ ਨੂੰ ਲਾਗੂ ਕਰਨ ਸਬੰਧੀ ਵੱਡੇ ਯਤਨ ਵੀ ਹੋਏ ਸਨ। ਜੇਕਰ ਸੀ.ਐੱਫ.ਸੀ. ਸਬੰਧੀ ਲੋੜੀਂਦੇ ਕਦਮ ਨਾ ਪੁੱਟੇ ਹੁੰਦੇ ਤਾਂ ਹੁਣ ਤਕ ਧਰਤੀ ਦਾ ਤਾਪਮਾਨ 1.5 ਡਿਗਰੀ ਸੈਂਟੀਗਰੇਡ ਵੱਧ ਚੁੱਕਾ ਹੁੰਦਾ।ਧਿਆਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਅਗਲੇ ਸਾਲਾਂ ਵਿੱਚ 1.7 ਬਿਲੀਅਨ ਲੋਕਾਂ ਨੂੰ ਗਰਮ ਹਵਾਵਾਂ ਦਾ ਸੇਕ ਲੱਗੇਗਾ। ਸਮੁੰਦਰ ਦਾ ਤਲ ਚਾਰ ਇੰਚ ਵਧੇਗਾ, ਜੋ ਧਰਤੀ ਨੂੰ ਨੁਕਸਾਨ ਪਹੁੰਚਾਏਗਾ। ਇਸ ਨਾਲ ਸਮੁੰਦਰ ਕੰਢੇ ਮੱਛੀ ਫੜਨ ਦੇ ਕਿੱਤੇ ਨੂੰ ਢਾਹ ਲੱਗੇਗੀ।ਇਸ ਸਭ ਕੁਝ ਨੁਕਸਾਨ ਦੇ ਬਾਵਜੂਦ ਵੀ ਵਿਸ਼ਵ ਦੀਆਂ ਵੱਡੀਆਂ ਸਿਆਸੀ ਤਾਕਤਾਂ, ਜੋ ਪ੍ਰਦੂਸ਼ਨ ਲਈ ਜ਼ਿੰਮੇਵਾਰ ਹਨ, ਖੇਡਾਂ ਖੇਡ ਰਹੀਆਂ ਹਨ। ਸਾਲ 2009 ਵਿੱਚ ਇੱਕ ਵਿਸ਼ਵ ਸਮਝੌਤੇ ਅਧੀਨ ਯੂਨਾਈਟਡ ਨੈਸ਼ਨਜ਼ ਦੀ ਪਾਲਿਸੀ ਤਹਿਤ ਵਿਸ਼ਵ ਦੀ ਤਪਸ਼ ਰੋਕਣ ਲਈ ਆਲਮੀ ਸਮਝੌਤੇ ’ਤੇ ਦਸਤਖ਼ਤ ਹੋਏ ਸਨ। ਕੁਝ ਸਰਕਾਰਾਂ ਨੇ ਤਾਂ ਇਸ ਸਬੰਧੀ ਚੰਗਾ ਕੰਮ ਕੀਤਾ, ਪਰ ਬਹੁਤੀਆਂ ਨੇ ਅਵੇਸਲਾਪਨ ਵਿਖਾਇਆ। ਕੁਝ ਵਾਤਵਰਨ ਪ੍ਰੇਮੀਆਂ ਨੇ ਇਹ ਵਿਚਾਰ ਦਿੱਤਾ ਕਿ ਵਿਸ਼ਵ ਭਰ ਵਿੱਚ ਬਿਲੀਅਨ ਦੀ ਗਿਣਤੀ ਵਿੱਚ ਦਰਖ਼ਤ ਲਗਾਏ ਜਾਣ। ਇਸ ਨਾਲ ਕਾਰਬਨਡਾਈਔਕਸਾਈਡ ਨੂੰ ਥੰਮ੍ਹਣ ਲਈ ਬੱਲ ਮਿਲੇਗਾ ਅਤੇ ਦਰਖ਼ਤ ਵਾਤਾਵਰਣ ਵਿੱਚ ਸਾਫ਼ ਹਵਾ ਦੇਣਗੇ।ਪਰ ਆਲਮੀ ਤਪਸ਼ ਨੂੰ ਠੱਲ੍ਹ ਪਾਉਣੀ ਸੌਖਾ ਕੰਮ ਨਹੀਂ ਹੈ। ਰਿਪੋਰਟਾਂ ਅਨੁਸਾਰ ਆਲਮੀ ਤਪਸ਼ ਜਿਸ ਨੂੰ 1.5 ਡਿਗਰੀ ਸੈਂਟੀਗਰੇਡ ਤਕ ਵਧਣ ਤੋਂ ਰੋਕਣ ਲਈ ਯਤਨ ਹੋ ਰਹੇ ਹਨ, ਪਹਿਲਾਂ ਹੀ ਇੱਕ ਡਿਗਰੀ ਸੈਂਟੀਗਰੇਡ ਵਧ ਚੁੱਕੀ ਹੈ। ਦੁਨੀਆ ਦੇ ਇੱਕ ਵੱਡੇ ਸਾਇੰਸਦਾਨ ਦੀ ਰਾਏ ਇਸ ਸਮੇਂ ਮਹੱਤਵ ਰੱਖਦੀ ਹੈ ਕਿ ਜੇਕਰ ਵਿਸ਼ਵੀ ਤਪਸ਼ 1.5 ਡਿਗਰੀ ਸੈਂਟੀਗਰੇਡ ਵਧ ਜਾਂਦੀ ਹੈ ਤਾਂ ਦੁਨੀਆ ਦੇ ਪਹਿਲਾਂ ਹੀ ਗਰਮ ਖਿੱਤੇ ਹੋਰ ਗਰਮ ਹੋ ਜਾਣਗੇ ਅਤੇ ਬਹੁਤੀਆਂ ਥਾਂਵਾਂ ਉੱਤੇ ਮਨੁੱਖੀ ਅਤੇ ਵਣ ਜੀਵਨ ਖ਼ਤਰਿਆਂ ਭਰਪੂਰ ਹੋ ਜਾਏਗਾ।ਵਾਤਾਵਰਣ ਵਿੱਚ ਬਦਲਾਅ ਜ਼ਿਆਦਾ ਕਰਕੇ ਮਨੁੱਖੀ ਲੋੜਾਂ ਦੀ ਪੂਰਤੀ ਹਿਤ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ ਨਾਲ ਹੋ ਰਿਹਾ ਹੈ। ਇਸ ਲਈ ਮਨੁੱਖੀ ਵਰਤਾਓ ਵਿੱਚ ਬਦਲਾਅ ਦੇ ਜ਼ਰੀਏ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ।