ਭਾਰਤ ਦੀ ਸ਼ਿਕਾਇਤ ਮਗਰੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਦਲੇ

ਭਾਰਤ ਦੀ ਸ਼ਿਕਾਇਤ ਮਗਰੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਦਲੇ

ਚੰਡੀਗੜ੍ਹ: ਅੱਜ ਭਾਰਤ ਅਤੇ ਪਾਕਿਸਤਾਨ ਦੇ ਨੁਮਾਂਇੰਦਿਆਂ ਦਰਮਿਆਨ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਤੋਂ ਪਹਿਲਾਂ ਭਾਰਤ ਵੱਲੋਂ ਕੀਤੀ ਜਾ ਰਹੀ ਮੰਗ 'ਤੇ ਕਾਰਵਾਈ ਕਰਦਿਆਂ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ 10 ਮੈਂਬਰੀ ਸੂਚੀ ਜਾਰੀ ਕੀਤੀ ਹੈ। 

ਦੱਸ ਦਈਏ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਵੱਲੋਂ ਸਿੱਖ ਅਜ਼ਾਦ ਦੇਸ਼ ਖਾਲਿਸਤਾਨ ਲਈ ਲਗਾਤਾਰ ਕੀਤੇ ਜਾ ਰਹੇ ਪ੍ਰਚਾਰ ਤੋਂ ਭਾਰਤ ਸਰਕਾਰ ਦੁਖੀ ਸੀ ਤੇ ਭਾਰਤ ਸਰਕਾਰ ਨੇ ਲਾਂਘੇ ਸਬੰਧੀ ਗੱਲਬਾਤ ਦੀਆਂ ਸ਼ਰਤਾਂ ਵਿੱਚ ਇਹ ਵੀ ਮੰਗ ਕੀਤੀ ਸੀ ਕਿ ਗੋਪਾਲ ਸਿੰਘ ਚਾਵਲਾ ਨੂੰ ਬਤੌਰ ਸਿੱਖ ਨੁਮਾਂਇੰਦੇ ਕਰਤਾਰਪੁਰ ਲਾਂਘੇ ਸਬੰਧੀ ਗੱਲਬਾਤ ਤੋਂ ਬਾਹਰ ਕੀਤਾ ਜਾਵੇ।

ਪਾਕਿਸਤਾਨ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੇਂ ਮੈਂਬਰਾਂ ਦੀ ਸੂਚੀ ਵਿੱਚ ਇੰਦਰਜੀਤ ਸਿੰਘ, ਅਮੀਰ ਸਿੰਘ, ਰਵਿੰਦਰ ਸਿੰਘ, ਬਾਬਾ ਹਰਮੀਤ ਸਿੰਘ, ਸਰਬੱਤ ਸਿੰਘ, ਸਤਵੰਤ ਸਿੰਘ, ਡਾ. ਸਾਗਰਜੀਤ ਸਿੰਘ, ਸਰਦਾਰ ਵਿਕਾਸ ਸਿੰਘ, ਸਰਦਾਰ ਸਾਗਰ ਸਿੰਘ, ਡਾ. ਮੀਮਪਾਲ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਅਹਿਮ ਗੱਲ ਹੈ ਕਿ ਇਹਨਾਂ ਨੁਮਾਂਇੰਦਿਆਂ ਵਿੱਚ ਬਹੁਤਾਤ ਨੌਜਵਾਨ ਸਿੱਖ ਹਨ ਤੇ ਇਸ ਸੂਚੀ ਵਿੱਚ ਸ਼ਾਮਿਲ ਅਮੀਰ ਸਿੰਘ ਵੀ ਖਾਲਿਸਤਾਨ ਲਈ ਯਤਨਸ਼ੀਲ ਪਾਕਿਸਤਾਨ ਦੇ ਸਿੱਖ ਆਗੂਆਂ ਵਿੱਚ ਮੋਹਰਲੀ ਕਤਾਰ ਵਿੱਚ ਆਉਂਦੇ ਹਨ ਤੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਦੇ ਪੁੱਤਰ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ