ਅਮਰੀਕਨ ਸਿੱਖਾਂ ਵੱਲੋਂ ਯੂ.ਐਨ ਮੁਖੀ ਦੀ ਕਰਤਾਰਪੁਰ ਸਾਹਿਬ ਫੇਰੀ ਦੀ ਸ਼ਲਾਘਾ ਕੀਤੀ ਗਈ

ਅਮਰੀਕਨ ਸਿੱਖਾਂ ਵੱਲੋਂ ਯੂ.ਐਨ ਮੁਖੀ ਦੀ ਕਰਤਾਰਪੁਰ ਸਾਹਿਬ ਫੇਰੀ ਦੀ ਸ਼ਲਾਘਾ ਕੀਤੀ ਗਈ

ਨਿਊਯਾਰਕ: ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਰਟ ਨੇ ਅੱਜ ਇੱਥੇ ਇਕ ਸਾਂਝੇ ਬਿਆਨ 'ਚ ਸੰਯੁਕਤ ਰਾਸ਼ਟਰ (ਯੂਐਨ) ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨੂੰ ਪਾਕਿਸਤਾਨ ਦੇ ਕਰਤਾਰਪੁਰ ਵਿਖੇ ਸਿੱਖ ਧਰਮ ਦੇ ਇਕ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ) ਵਿਖੇ ਜਾਣ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਏਜੀਪੀਸੀ ਦੇ ਮੁੱਖੀ ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਅਤੇ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਆਪਣੇ ਸਾਂਝੇ ਬਿਆਨ 'ਚ ਕਿਹਾ ਕਿ “ਸੰਯੁਕਤ ਰਾਸ਼ਟਰ ਦੇ ਮੁਖੀ ਦੀ ਫ਼ੇਰੀ 500 ਸਾਲ ਤੋਂ ਵਧੇਰੇ ਸਮੇਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਗਏ ਸ਼ਾਂਤੀ, ਸਮਾਨਤਾ ਅਤੇ ਅੰਤਰ-ਪੱਖੀ ਸਦਭਾਵਨਾ ਦੇ ਸੰਦੇਸ਼ ਦੇ ਸਤਿਕਾਰ 'ਚ ਹੈ।

ਯੂ. ਐਸ. ਦੇ ਸਿੱਖ ਆਗੂਆਂ ਨੇ ਯੂ. ਐਨ. ਮੁਖੀ ਦੀ ਇਸ ਟਿੱਪਣੀ ਦਾ ਸਵਾਗਤ ਕੀਤਾ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਪ੍ਰਮਾਣੂ ਤਾਕਤ ਵਾਲੇ ਪਾਕਿਸਤਾਨ ਅਤੇ ਭਾਰਤ ਵੱਲੋਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਦਭਾਵਨਾ ਲਈ ਇੱਛਾ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲਾਂਘੇ ਦੇ ਉਦਘਾਟਨ ਨਾਲ ਦੋਵਾਂ ਪੰਜਾਬਾਂ ਦੇ ਲੋਕਾਂ 'ਚ ਸਦਭਾਵਨਾ ਵਧੇਗੀ, ਜਿਹੜੇ ਇਕੋ ਸੱਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਦੇ ਸਾਂਝੇ ਹਨ।
 
ਜ਼ਿਕਰਯੋਗ ਹੈ ਕਿ ਸਿੱਖ ਸੰਗਤਾਂ ਲਈ 4.1 ਕਿਲੋਮੀਟਰ ਲੰਬਾ ਕਰਤਾਰਪੁਰ ਲਾਂਘਾ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੀ ਯਾਤਰਾ ਲਈ ਵੀਜ਼ਾ ਮੁਕਤ ਯਾਤਰਾ ਮੁਹੱਈਆ ਕਰਵਾਉਣ ਹਿੱਤ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਕਸਬੇ ਤੋਂ ਪਾਕਿਸਤਾਨ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਤੱਕ ਬਣਾਇਆ ਗਿਆ ਹੈ। ਇਸ ਦਾ ਉਦਘਾਟਨ ਪਿਛਲੇ ਸਾਲ 9 ਨਵੰਬਰ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਸੀ, ਜਿਸ ਨਾਲ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਜੁੜੇ ਸਮਾਗਮਾਂ ਦੀ ਸਮਾਪਤੀ ਕੀਤੀ ਜਾ ਰਹੀ ਸੀ। ਗੁਰੂ ਨਾਨਕ ਦੇਵ ਜੀ ਦਾ ਅੰਤਿਮ ਜੀਵਨ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਵਿਖੇ ਰਾਵੀ ਦਰਿਆ ਦੇ ਕੰਢੇ ਸਥਿਤ ਹੈ। ਇਹ ਲਾਹੌਰ ਤੋਂ ਲਗਭਗ 125 ਕਿਲੋਮੀਟਰ ਦੀ ਦੂਰੀ 'ਤੇ ਹੈ।