ਨਾਭਾ ਜੇਲ੍ਹ ਵਿਚ ਗੁਰਬਾਣੀ ਦੀ ਬੇਅਦਬੀ ਦਾ ਮਸਲਾ ਸਾਹਮਣੇ ਆਇਆ; ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ ਦੀ ਧਮਕੀ

ਨਾਭਾ ਜੇਲ੍ਹ ਵਿਚ ਗੁਰਬਾਣੀ ਦੀ ਬੇਅਦਬੀ ਦਾ ਮਸਲਾ ਸਾਹਮਣੇ ਆਇਆ; ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ ਦੀ ਧਮਕੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਾਭਾ ਜ਼ੇਲ੍ਹ ਵਿਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੇ ਸਤਿਕਾਰ ਨੂੰ ਸੱਟ ਮਾਰਨ ਵਾਲੀ ਕਾਰਵਾਈ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ੇਲ੍ਹ ਪ੍ਰਬੰਧਕਾਂ ਵੱਲੋਂ ਬੰਦੀ ਸਿੰਘਾਂ ਲਈ ਭੇਜੇ ਗਏ ਗੁਟਕਾ ਸਾਹਿਬਾਨ ਤੇ ਪੋਥੀਆਂ ਨੂੰ ਨਜ਼ਰਬੰਦ ਸਿੰਘਾਂ ਤੱਕ ਪਹੁੰਚਾਉਣ ਸਮੇਂ ਕਈ ਕਈ ਦਿਨ ਡਿਓੜੀ ਵਿਚ ਹੀ ਰੱਖੀ ਰੱਖਣਾ ਬੇਹੱਦ ਮੰਦਭਾਗੀ ਗੱਲ ਹੈ। ਪਾਵਨ ਗੁਰਬਾਣੀ ਦੇ ਸਤਿਕਾਰ ਨੂੰ ਅੱਖੋਂ ਉਹਲੇ ਕਰਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹੜੇ ਵੀ ਦੋਸ਼ੀ ਹਨ, ਉਨ੍ਹਾਂ ਨੂੰ ਸਜ਼ਾਵਾਂ ਮਿਲਣ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਨਿਤਨੇਮ ਕਰਨ ਲਈ ਲੋੜੀਂਦੇ ਪਾਵਨ ਗੁਟਕਾ ਸਾਹਿਬ ਨੂੰ ਸਤਿਕਾਰ ਨਾਲ ਸਿੰਘਾਂ ਤੱਕ ਪੁੱਜਦਾ ਕਰਨ ਲਈ ਜ਼ੇਲ੍ਹ ਪ੍ਰਸ਼ਾਸਨ ਸਖ਼ਤ ਹਦਾਇਤਾਂ ਜਾਰੀ ਕਰੇ। ਇਸ ਬਾਰੇ ਮੁੱਖ ਦਰਵਾਜ਼ੇ ਤੋਂ ਹੀ ਸਤਿਕਾਰ ਨੂੰ ਯਕੀਨੀ ਬਣਾਇਆ ਜਾਵੇ। ਇਹ ਜ਼ੇਲ੍ਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਹੈ, ਜਿਸ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।

ਗੁਰਬਾਣੀ ਦੀਆਂ ਪੋਥੀਆਂ ਦੀ ਜੇਲ ਅਫਸਰਾਂ ਵੱਲੋਂ ਕੀਤੀ ਜਾ ਰਹੀ ਬੇਅਦਬੀ ਖਿਲਾਫ ਨਾਭਾ ਜੇਲ੍ਹ ਵਿਚ ਬੰਦ ਬੰਦੀ ਸਿੰਘਾਂ 'ਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਬੰਦੀ ਸਿੰਘਾਂ ਨੇ ਦੱਸਿਆ ਕਿ ਇਹ ਮਾਮਲਾ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਵੱਲੋਂ ਬਣਾਈ ਕਮੇਟੀ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਪਰ ਜੇਲ ਪ੍ਰਸ਼ਾਸਨ ਵੱਲੋਂ ਇਸ ਮਸਲੇ 'ਤੇ ਸਿੰਘਾਂ ਨੂੰ ਚੁੱਪ ਕਰਟਾਉਣ ਲਈ ਭਾਰੀ ਦਬਾਅ ਬਣਾਇਆ ਜਾ ਰਿਹਾ ਹੈ। ਸਿੰਘਾਂ ਨੇ ਕਿਹਾ ਕਿ ਉਹ ਗੁਰਬਾਣੀ ਬੇਅਦਬੀ ਮਸਲੇ 'ਤੇ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਣਗੇ। 

ਬੰਦੀ ਸਿੰਘਾਂ ਨੇ ਨਾਭਾ ਜੇਲ ਅਫਸਰਾਂ ਨੂੰ ਕਿਹਾ ਹੈ ਕਿ ਜੇ ਉਹ 22 ਫਰਵਰੀ ਦਿਨ ਸ਼ਨੀਵਾਰ ਤਕ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਇਸ ਗਲਤੀ ਲਈ ਮੁਆਫੀ ਨਹੀਂ ਮੰਗਦੇ ਤਾਂ ਉਹ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠ ਜਾਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜੇਲ੍ਹ ਅਫਸਰਾਂ ਦੀ ਹੋਵੇਗੀ।