ਅਮਰੀਕਾ ਦੇ ਰਾਜ ਮਿਸੀਸਿੱਪੀ ਦੀ ਰਾਜਧਾਨੀ ਜੈਕਸਨ ਦੇ ਵਾਸੀ ਪਿਛਲੇ 5 ਦਿਨਾਂ ਤੋਂ ਤਰਸ ਰਹੇ ਹਨ ਪੀਣ ਵਾਲੇ ਸਾਫ ਪਾਣੀ ਲਈ
* ਲੋਕ ਬੋਤਲ ਦੇ ਪਾਣੀ ਉਪਰ ਨਿਰਭਰ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 3 ਸਤੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਜ ਮਿਸੀਸਿੱਪੀ ਦੀ ਰਾਜਧਾਨੀ ਜੈਕਸਨ ਦੇ ਵਾਸੀਆਂ ਨੂੰ ਪਿਛਲੇ 5 ਦਿਨਾਂ ਤੋਂ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ। ਬੀਤੇ ਸੋਮਵਾਰ ਬਾਰਿਸ਼ ਦੇ ਪਾਣੀ ਨੇ ਪਹਿਲਾਂ ਹੀ ਡਾਵਾਂਡੋਲ ਚੱਲ ਰਹੇ ਟਰੀਟਮੈਂਟ ਪਲਾਂਟ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ ਤੇ ਟਰੀਟਮੈਂਟ ਪਲਾਂਟ ਅਜੇ ਤੱਕ ਸਾਫ ਪਾਣੀ ਮੁਹੱਈਆ ਕਰਵਾਉਣ ਵਿਚ ਅਸਮਰਥ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੀਟਮੈਂਟ ਪਲਾਂਟ ਸਿਸਟਮ ਮੁੜ ਸ਼ੁਰੂ ਕਰਨ ਲਈ ਅਹਿਮ ਪ੍ਰਗਤੀ ਹੋਈ ਹੈ ਪਰੰਤੂ ਜੈਕਸਨ ਦੇ ਅੰਦਾਜਨ ਡੇਢ ਲੱਖ ਵਾਸੀਆਂ ਨੂੰ ਸਾਫ ਪਾਣੀ ਦੀ ਸਪਲਾਈ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ ਸਥਿੱਤੀ ਸਪਸ਼ੱਟ ਨਹੀਂ ਹੈ। ਜੈਕਸਨ ਵਾਸੀਆਂ ਨੂੰ ਉਬਲਿਆ ਪਾਣੀ ਪੀਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਸਥਾਨਕ ਵਾਸੀ ਪੀਣ ਲਈ, ਖਾਣਾ ਬਣਾਉਣ ਲਈ ਤੇ ਦੰਦ ਸਾਫ ਕਰਨ ਲਈ ਬੋਤਲ ਵਾਲਾ ਪਾਣੀ ਖਰੀਦਣ ਲਈ ਮਜਬੂਰ ਹਨ। ਮਿਸੀਸਿੱਪੀ ਸਿਹਤ ਵਿਭਾਗ ਦੇ ਸਿਹਤ ਸੁਰੱਖਿਆ ਬਾਰੇ ਡਾਇਰੈਕਟਰ ਜਿਮ ਕਰੈਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਬਹਾਲੀ ਲਈ ਕੋਸ਼ਿਸ਼ਾਂ ਨਿਰੰਤਰ ਜਾਰੀ ਹਨ। ਇਥੇ ਜਿਕਰਯੋਗ ਹੈ ਕਿ ਰਸਾਇਣ ਅਸੰਤੁਲਣ ਕਾਰਨ ਸ਼ੁੱਕਰਵਾਰ ਨੂੰ ਓ ਬੀ ਕਰਟਿਸ ਵਾਟਰ ਟਰੀਟਮੈਂਟ ਪਲਾਂਟ ਕੁਝ ਘੰਟੇ ਬੰਦ ਕਰਨਾ ਪਿਆ ਸੀ। ਸ਼ਹਿਰ ਵਿਚ ਪੁਰਾਣੀਆਂ ਪਾਣੀ ਦੀਆਂ ਪਾਈਪਾਂ ਵੀ ਇਕ ਸਮੱਸਿਆ ਹੈ। ਇਹ ਗੱਲ ਸ਼ਹਿਰ ਦੇ ਮੇਅਰ ਚੋਕਵੇ ਅੰਟਨ ਲੂਮੂਮਬਾ ਨੇ ਵੀ ਪ੍ਰੈਸ ਕਾਨਫਰੰਸ ਦੌਰਾਨ ਸਵਿਕਾਰ ਕੀਤੀ ਹੈ। ਉਨਾਂ ਮੰਨਿਆ ਕਿ ਸਾਡਾ ਵਾਟਰ ਟਰੀਟਮੈਂਟ ਪਲਾਂਟ ਪੁਰਾਣਾ ਹੈ, ਪਾਣੀ ਵਾਲੀਆਂ ਪਾਈਪਾਂ ਪੁਰਾਣੀਆਂ ਹਨ। ਉਨਾਂ ਕਿਹਾ ਕਿ ਪਾਣੀ ਦੇ ਨਮੂਨੇ ਲਏ ਗਏ ਹਨ ਜਿਨਾਂ ਦੇ ਪਾਸ ਹੋ ਜਾਣ ਉਪਰੰਤ ਉਬਲਿਆ ਹੋਇਆ ਪਾਣੀ ਵਰਤਣ ਦਾ ਨੋਟਿਸ ਵਾਪਿਸ ਲੈ ਲਿਆ ਜਾਵੇਗਾ।
Comments (0)