ਕੋਵਿਡ-19 ਤੋਂ ਵੀ ਵੱਧ ਖ਼ਤਰਨਾਕ ਮਹਾਂਮਾਰੀ ਅਮਰੀਕਾ ਦੇ ਮੀਟ ਬਾਜ਼ਾਰ ਤੋਂ ਆਵੇਗੀ, ਮਾਹਿਰਾਂ ਨੇ ਦਿੱਤੀ ਚੇਤਾਵਨੀ

ਕੋਵਿਡ-19 ਤੋਂ ਵੀ ਵੱਧ ਖ਼ਤਰਨਾਕ ਮਹਾਂਮਾਰੀ ਅਮਰੀਕਾ ਦੇ ਮੀਟ ਬਾਜ਼ਾਰ ਤੋਂ ਆਵੇਗੀ, ਮਾਹਿਰਾਂ ਨੇ  ਦਿੱਤੀ ਚੇਤਾਵਨੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਿਊਯਾਰਕ: ਅਮਰੀਕਾ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੀ ਵਿਸ਼ਵ ਮਹਾਂਮਾਰੀ ਅਮਰੀਕਾ ਤੋਂ ਆ ਸਕਦੀ ਹੈ। ਹਾਰਵਰਡ ਲਾਅ ਸਕੂਲ ਅਤੇ ਨਿਊਯਾਰਕ ਯੂਨੀਵਰਸਿਟੀ ਦੀ ਇਕ ਰਿਪੋਰਟ ਕਾਫੀ ਡਰਾਉਣੀ ਹੈ। ਇਸ ਰਿਪੋਰਟ ਵਿੱਚ ਮਨੁੱਖਾਂ, ਜਾਨਵਰਾਂ ਅਤੇ ਜੰਗਲੀ ਜਾਨਵਰਾਂ ਦੇ ਆਪਸੀ ਸੰਪਰਕ ਦੀ ਜਾਂਚ ਕਰਨ ਤੋਂ ਬਾਅਦ ਕਈ ਖਤਰਨਾਕ ਗੱਲਾਂ ਕਹੀਆਂ ਗਈਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਫਰੀਕਾ ਅਤੇ ਏਸ਼ੀਆ ਦੇ ਕੁਝ ਦੇਸ਼ਾਂ ਵਿਚ ਜਾਨਵਰਾਂ ਕਾਰਨ ਕਈ ਬੀਮਾਰੀਆਂ ਫੈਲਦੀਆਂ ਹਨ, ਜਿਨ੍ਹਾਂ ਵਿਚ ਐੱਚ.ਆਈ.ਵੀ./ਏਡਜ਼, ਇਬੋਲਾ, ਜ਼ੀਕਾ, ਫਲੂ ਅਤੇ ਕੋਵਿਡ-19 ਸ਼ਾਮਲ ਹਨ। ਇਨ੍ਹਾਂ ਜੈਨੇਟਿਕ ਬਿਮਾਰੀਆਂ ਦੇ ਲਈ ਅਕਸਰ ਗੰਦਗੀ,ਸਰਕਾਰੀ ਯਤਨਾਂ ਦੀ ਘਾਟ ਜਾਂ ਫਿਰ ਉਨ੍ਹਾਂ ਥਾਵਾਂ 'ਤੇ ਅਸੁਰੱਖਿਅਤ ਢੰਗਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਪਰ ਹੁਣ ਅਮਰੀਕਾ ਕਾਰਨ ਵੀ ਲੋਕਾਂ ਨੂੰ ਖਤਰਨਾਕ ਬਿਮਾਰੀਆਂ ਲੱਗ ਸਕਦੀਆਂ ਹਨ।

ਅਮਰੀਕਾ ਦੇ ਕਮਜ਼ੋਰ ਨਿਯਮ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਅਮਰੀਕੀ ਅਕਸਰ ਸੋਚਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿੱਚ ਅਜਿਹਾ ਨਹੀਂ ਹੋ ਸਕਦਾ। ਪਰ ਇਸ ਦੇਸ਼ ਵਿੱਚ ਨਿਯਮ ਇੰਨੇ ਕਮਜ਼ੋਰ ਹਨ ਕਿ ਇੱਕ ਵਾਇਰਸ ਜਾਂ ਕੋਈ ਹੋਰ ਛੂਤ ਦੀ ਬਿਮਾਰੀ ਅਮਰੀਕਾ ਵਿੱਚ ਜਾਨਵਰਾਂ ਤੋਂ ਲੋਕਾਂ ਤੱਕ ਆਸਾਨੀ ਨਾਲ ਪਹੁੰਚ ਸਕਦੀ ਹੈ। ਇਹ ਬਿਮਾਰੀ ਮਹਾਂਮਾਰੀ ਵਿੱਚ ਬਦਲ ਸਕਦੀ ਹੈ। ਰਿਪੋਰਟ ਦੇ ਲੇਖਕਾਂ ਵਿੱਚੋਂ ਇੱਕ ਲੇਖਕ ਐਨ ਲਿੰਡਰ ਨੇ ਕਿਹਾ ਕਿ ਇਹ ਗਲਤ ਵਿਚਾਰ ਹੈ ਕਿ ਜੈਨੇਟਿਕ ਬਿਮਾਰੀ ਜੋ ਹੋਰ ਦੇਸਾਂ ਵਿਚ ਹੈ ਅਤੇ ਅਮਰੀਕਾ ਵਿੱਚ ਨਹੀਂ ਹੋ ਸਕਦੀ। ਜਦੋਂ ਕਿ ਮੈਨੂੰ ਲਗਦਾ ਹੈ ਕਿ ਸਾਡੇ ਦੇਸ਼ ਵਿਚ ਨਿਯਮ ਕਮਜ਼ੋਰ ਹਨ ਜਿਸ ਕਾਰਣ ਛੂਤ ਦੀ ਬਿਮਾਰੀ ਫੈਲ ਸਕਦੀ ਹੈ। 

ਇਨਫੈਕਸ਼ਨ ਤੇਜ਼ੀ ਨਾਲ ਵਧੇਗੀ

ਰਿਪੋਰਟ ਵਿੱਚ ਖਤਰਿਆਂ ਸੰਬੰਧੀ ਕਈ ਨੁਕਤਿਆਂ ਬਾਰੇ ਵੀ ਗੱਲ ਕੀਤੀ ਗਈ ਹੈ, ਜਿਸ ਵਿੱਚ ਕਮਰਸ਼ੀਅਲ ਫਾਰਮ ਸਿਖਰ 'ਤੇ ਹਨ। ਇਹ ਇਸ ਲਈ ਹੈ ਕਿਉਂਕਿ ਇਹ ਉਹ ਥਾਂ ਹੈ ਜਿੱਥੇ ਲੱਖਾਂ ਜਾਨਵਰ ਇੱਕ ਦੂਜੇ ਅਤੇ ਉਨ੍ਹਾਂ ਦੇ ਹੈਂਡਲਰ ਦੇ ਨਜ਼ਦੀਕੀ ਸੰਪਰਕ ਵਿੱਚ ਆਉਂਦੇ ਹਨ। ਇਸ ਕਾਰਨ ਜੰਗਲੀ ਜਾਨਵਰਾਂ ਤੋਂ ਕੋਈ ਵੀ ਇਨਫੈਕਸ਼ਨ ਉਨ੍ਹਾਂ ਵਿੱਚ ਆਸਾਨੀ ਨਾਲ ਆ ਸਕਦੀ ਹੈ। ਸਿਹਤ ਜਾਂਚ ਤੋਂ ਬਾਅਦ ਕੁਝ ਜਾਨਵਰਾਂ ਨੂੰ ਆਯਾਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਫਰ ਵਪਾਰ ਹੁੰਦਾ ਹੈ ਜਿਸ ਵਿੱਚ ਮਿੰਕ ਅਤੇ ਹੋਰ ਜਾਨਵਰਾਂ ਦੀ ਨਸਲ ਹੁੰਦੀ ਹੈ।ਲਿੰਡਰ ਦੇ ਅਨੁਸਾਰ, ਵਿਸ਼ਵੀਕਰਨ ਦੇ ਕਾਰਨ, ਸਮੁੰਦਰਾਂ, ਪਹਾੜਾਂ ਅਤੇ ਬਿਮਾਰੀਆਂ ਦੀਆਂ ਹੋਰ ਪ੍ਰਕਿਰਤਕ ਸੀਮਾਵਾਂ ਖਤਮ ਹੋ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੱਖ-ਵੱਖ ਮਹਾਂਦੀਪਾਂ ਵਿੱਚ ਜਾਨਵਰਾਂ ਕਾਰਣ ਬਿਮਾਰੀਆਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ।

ਐਨ ਲਿੰਡਰ ਨੇ ਕਿਹਾ ਕਿ ਪਾਲਤੂ ਜਾਨਵਰਾਂ ਅਤੇ ਹੋਰ ਉਦੇਸ਼ਾਂ ਲਈ ਹਰ ਸਾਲ ਲਗਭਗ 220 ਮਿਲੀਅਨ ਜੀਵਿਤ ਜੰਗਲੀ ਜਾਨਵਰ ਅਮਰੀਕਾ ਵਿੱਚ ਆਯਾਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਦੇਸ਼ ਵਿੱਚ ਕੁੱਤਾ ਜਾਂ ਬਿੱਲੀ ਲਿਆਉਣਾ ਚਾਹੁੰਦਾ ਹੈ ਤਾਂ ਇੱਕ ਪ੍ਰਕਿਰਿਆ ਹੈ। ਪਰ ਜੇਕਰ ਕੋਈ ਦਰਾਮਦਕਾਰ ਹੈ ਅਤੇ ਦੱਖਣੀ ਅਮਰੀਕਾ ਤੋਂ 100 ਜੰਗਲੀ ਥਣਧਾਰੀ ਜਾਨਵਰ ਲਿਆਉਣਾ ਚਾਹੁੰਦਾ ਹੈ, ਤਾਂ ਉਹ ਬਹੁਤ ਹੀ ਸਧਾਰਨ ਨਿਯਮਾਂ ਨਾਲ ਅਜਿਹਾ ਕਰ ਸਕਦਾ ਹੈ। ਜਦੋਂ ਕਿ ਇਸ ਖੋਜ ਨੂੰ ਨੈਸ਼ਨਲ ਚਿਕਨ ਕੌਂਸਲ ਦੇ ਵਿਗਿਆਨਕ ਅਤੇ ਰੈਗੂਲੇਟਰੀ ਮਾਮਲਿਆਂ ਦੇ ਸੀਨੀਅਰ ਅਧਿਕਾਰੀ ਐਸ਼ਲੇ ਪੀਟਰਸਨ ਨੇ ਖਾਰਿਜ ਕਰ ਦਿੱਤਾ ਹੈ। ਉਹ ਕਹਿੰਦਾ ਹੈ ਕਿ ਸੀਡੀਸੀ ਦੇ ਅਨੁਸਾਰ, ਅਮਰੀਕਾ ਵਿੱਚ ਪੰਛੀਆਂ ਦੀ ਬਿਮਾਰੀ ਮਨੁੱਖ ਵਿੱਚ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੈ। ਜਦਕਿ ਮਾਹਿਰਾਂ ਦਾ ਕਹਿਣਾ ਹੈ ਕਿ ਸੂਰ ਅਤੇ ਪੋਲਟਰੀ ਫਾਰਮਾਂ 'ਤੇ ਕੰਮ ਕਰਦੇ ਮਜ਼ਦੂਰਾਂ ਦੀ ਸੁਰੱਖਿਆ ਲਈ ਨਿਯਮਾਂ ਦੀ ਘਾਟ ਹੈ।