ਫਲੋਰਿਡਾ ਵਿਚ ਪਤੀ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਇਕ ਗ੍ਰਿਫਤਾਰ, ਮੰਨਿਆ ਗੁਨਾਹ

ਫਲੋਰਿਡਾ ਵਿਚ ਪਤੀ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਇਕ ਗ੍ਰਿਫਤਾਰ, ਮੰਨਿਆ ਗੁਨਾਹ
ਕੈਪਸ਼ਨ ਪਤੀ-ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ ਸ਼ੱਕੀ ਦੋਸ਼ੀ ਜੀਨ ਆਰ  ਮੇਸੀਨ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਪਿਛਲੇ ਹਫਤੇ ਦੇ ਅੰਤ ਵਿਚ ਡੇਟੋਨਾ ਬੀਚ, ਫਲੋਰਿਡਾ ਵਿਚ ਹੋਈ ਪਤੀ-ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਇਕ 32 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਵਿਰੁੱਧ ਦੋ ਹੱਤਿਆਵਾਂ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਸ਼ੀ ਦੀ ਪਛਾਣ ਜੀਨ ਆਰ ਮੇਸੀਨ ਵਜੋਂ ਹੋਈ ਹੈ। ਲੰਘੇ ਐਤਵਾਰ ਟੈਰੀ ਔਲਟਮੈਨ 48 ਸਾਲ ਤੇ ਬਰੇਂਡਾ ਔਲਟਮੈਨ 55 ਸਾਲ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਉਨਾਂ ਦੇ ਸਰੀਰ ਉਪਰ ਚਾਕੂਆਂ ਦੇ ਕਈ ਜਖਮ ਸਨ। ਡੇਟੋਨਾ ਬੀਚ ਦੇ ਪੁਲਿਸ ਮੁੱਖੀ ਜਾਕਰੀ ਯੰਗ ਨੇ ਕਿਹਾ ਹੈ ਕਿ ਮੇਸੀਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਮੇਸੀਨ ਨੂੰ ਓਰਲੈਂਟੋ ਪੁਲਿਸ ਦੇ ਫਿਊਗੀਟਿਵ ਇਨਵੈਸਟੀਗੇਸ਼ਨ ਯੁਨਿਟ ਨੇ ਉਸ ਦੇ ਘਰ ਵਿਚੋਂ ਗ੍ਰਿਫਤਾਰ ਕੀਤਾ ਹੈ। ਯੰਗ ਨੇ ਕਿਹਾ ਹੈ ਕਿ ਸ਼ੱਕੀ ਦੋਸ਼ੀ ਵਿਰੁੱਧ ਸਬੂਤ ਇਕੱਠੇ ਕਰ ਲਏ ਗਏ ਹਨ ਪਰੰਤੂ ਇਨਾਂ ਹੱਤਿਆਵਾਂ ਪਿਛੇ  ਉਸ ਦੇ ਮਕਸਦ ਦਾ ਪਤਾ ਨਹੀਂ ਲੱਗਾ। ਪੁਲਿਸ ਅਨੁਸਾਰ ਪਤੀ-ਪਤਨੀ ਉਪਰ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਇਕ ਬਾਈਕ ਦੌੜ ਵਿਚ ਹਿੱਸਾ ਲੈਣ ਉਪਰੰਤ ਵਾਪਿਸ ਘਰ ਪਰਤ ਰਹੇ ਸਨ। ਲਾਸ਼ਾਂ ਦੇ ਨੇੜਿਉਂ ਦੋ ਬਾਈ ਸਾਈਕਲ ਵੀ ਬਰਾਮਦ ਹੋਏ ਸਨ। ਬਰੇਂਡਾ ਔਲਟਮੈਨ ਦੀ ਧੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੋਨੋਂ ਖੁਸ਼ ਸਨ ਤੇ ਉਹ ਪਿਆਰ ਭਰਿਆ ਜੀਵਨ ਜੀਅ ਰਹੇ ਸਨ। ਉਹ ਇਸ ਤਰਾਂ ਦੀ ਮੌਤ ਦੇ ਹੱਕਦਾਰ ਨਹੀਂ ਸਨ।