ਕਲੋਵਿਸ ‘ਚ ਹੁੱਕਾ ਸਟੋਰ 'ਤੇ ਗੋਲੀਬਾਰੀ ‘ਚ ਪੰਜਾਬੀ ਗ੍ਰਿਫਤਾਰ

ਕਲੋਵਿਸ ‘ਚ ਹੁੱਕਾ ਸਟੋਰ 'ਤੇ ਗੋਲੀਬਾਰੀ ‘ਚ ਪੰਜਾਬੀ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ 

ਕਲੋਵਿਸ (ਕੈਲੀਫੋਰਨੀਆਂ):ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ / ਕੁਲਵੰਤ ਧਾਲੀਆਂ: ਫਰਿਜ਼ਨੋ ਦਾ ਲਾਗਲਾ ਸ਼ਹਿਰ ਕਲੋਵਸ ਜਿਸਨੂੰ  ਕੈਲੀਫੋਰਨੀਆਂ ਦੇ ਸੇਫ ਸ਼ਹਿਰਾਂ ਵਿੱਚੋ ਇੱਕ ਹੋਣ ਕਰਕੇ ਜਾਣਿਆ ਜਾਂਦਾ ਹੈ। ਲੰਘੇ ਮੰਗਲ਼ਵਾਰ ਸ਼ਾਅ ਐਂਡ ਫਾਊਲਰ ਐਵੇਨਿਊ ਕਲੋਵਿਸ ਤੇ ਸਥਿਤ ਇੱਕ ਹੁੱਕਾ ਅਤੇ ਸਿਗਰੇਟ ਸਟੋਰ ਤੇ ਵਾਪਰੀ ਗੋਲੀਬਾਰੀ ਦੀ ਘਟਨਾਂ ਨੇ ਸਭਨੂੰ ਦਹਿਲਾਕੇ ਰੱਖ ਦਿੱਤਾ। ਇਹ ਘਟਨਾਂ  ਮੰਗਲਵਾਰ ਰਾਤ ਕਰੀਬ 6:30 ਵਜੇ ਵਾਪਰੀ ਜਦੋਂ ਇੱਕ ਪੰਜਾਬੀ ਮੂਲ ਦੀ ਕੁੜੀ ਰਜਿਸਟਰ ਤੇ ਕੰਮ ਕਰ ਰਹੀ ਸੀ, ਹਮਲਾਵਰ ਸਟੋਰ ਅੰਦਰ ਦਾਖਲ ਹੁੰਦਾ ਅਤੇ ਆਪਣੇ ਰਿਵਾਲਵਰ ਨਾਲ ਲੜਕੀ ਤੇ ਗੋਲੀਆ ਦਾਗ ਦਿੰਦਾ ਹੈ। ਇਸ ਹਮਲੇ ਵਿੱਚ ਲੜਕੀ ਗੰਭੀਰ ਜ਼ਖਮੀ ਹੋ ਜਾਂਦੀ ਹੈ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ, ਜਿੱਥੇ ਲੜਕੀ ਜ਼ੇਰੇ ਇਲਾਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ।
ਪੁਲਿਸ ਨੇ ਮੌਕੇ ਤੇ ਪਹੁੰਚਕੇ  ਸਰਵੇਲੈਂਸ ਕੈਮਰੇ ਖੰਘਾਲ਼ੇ ਅਤੇ ਸ਼ੱਕੀ ਹਮਲਾਵਰ ਦੀ ਪਹਿਚਾਣ ਕਰਨ ਵਿੱਚ ਸਫਲਤਾ ਹਾਸਲ ਕੀਤੀ।  ਸ਼ੱਕੀ ਦੀ ਪਛਾਣ 27 ਸਾਲਾ ਹਰਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸਨੂੰ ਪੁਲਿਸ ਨੇ ਅੱਧੀ ਰਾਤ ਤੋਂ ਬਾਅਦ ਫਰਿਜ਼ਨੋ ਵਿਚ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ। ਪੁਲਿਸ ਨੇ ਉਸ ਕੋਲੋ ਇੱਕ ਹਥਿਆਰ ਵੀ ਬਰਾਮਦ ਕੀਤਾ ਹੈ ਜਿਸਦੀ ਵਰਤੋਂ ਗੋਲੀਬਾਰੀ ਵਿੱਚ ਕੀਤੀ ਗਈ ਸੀ।
ਕਲੋਵਿਸ ਪੁਲਿਸ ਵਿਭਾਗ ਦੇ ਸਾਰਜੈਂਟ ਜਿਮ ਕੋਚ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਹਮਲਾ ਕਿਸੇ ਲੁੱਟਖੋਹ ਦੇ ਮੰਤਵ ਨਾਲ ਨਹੀਂ ਹੋਇਆ, ਸਗੋਂ ਹਮਲਾਵਰ ਅਤੇ ਪੀੜਤ ਦਰਮਿਆਨ ਵਿਗੜੇ ਪ੍ਰੇਮ ਸਬੰਧਾ ਕਾਰਨ ਹੋਇਆ ਜਾਪਦਾ ਹੈ।
ਪੀੜਤ ਪਰਿਵਾਰ ਨੇ ਇਸ ਦਾਅਵੇ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਪੀੜਤ ਤੇ ਹਮਲਾਵਰ ਆਪਸ ਵਿੱਚ ਸਿਰਫ ਦੋਸਤ ਸਨ। ਕਲੋਵਸ ਪੁਲਿਸ ਨੇ ਕਥਿਤ ਦੋਸ਼ੀ ਹਰਮਪ੍ਰੀਤ ਸਿੰਘ  'ਤੇ ਕਤਲ ਦੀ ਕੋਸ਼ਿਸ਼, ਘਰੇਲੂ ਹਿੰਸਾ ਅਤੇ ਕਈ ਹਥਿਆਰਾਂ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਉਸਨੂੰ ਫਰਿਜ਼ਨੋ ਕਾਉਂਟੀ ਜੇਲ੍ਹ ਭੇਜ ਦਿੱਤਾ ਹੈ। ਜਿੱਥੇ ਉਸਨੂੰ $695,000 ਦੀ ਜ਼ਮਾਨਤ 'ਤੇ ਰੱਖਿਆ ਗਿਆ ਹੈ। ਹਮਲਾਵਰ ਦਾ ਪਿਛੋਕੜ ਪੰਜਾਬ ਤੋਂ ਫਰੀਦਕੋਟ ਸ਼ਹਿਰ ਨਾਲ ਦੱਸਿਆ ਜਾ ਰਿਹਾ ਹੈ। ਹਮਲਾਵਰ ਦਾ ਪਹਿਲਾਂ ਕਨੇਡਾ ਵਿੱਚ ਤਲਾਕ ਹੋ ਚੁੱਕਿਆ ਅਤੇ ਉਹ ਇੱਕ ਬੱਚੇ ਦਾ ਬਾਪ ਵੀ ਹੈ। ਜਾਣਕਾਰੀ ਮੁਤਾਬਿਕ ਉਹ ਹਾਲੇ ਕੁਝ ਅਰਸਾ ਪਹਿਲਾ ਹੀ ਅਮਰੀਕਾ ਆਇਆ ਸੀ, ਤੇ ਸ਼ਾਇਦ ਇੱਥੇ ਕੱਚਾ ਹੀ ਸੀ। ਬਾਕੀ ਪੁਲਿਸ ਜਾਂਚ ਚੱਲ ਰਹੀ ਹੈ।