ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਵਜੋਂ ਅਮਰੀਕਾ-ਮੈਕਸੀਕੋ ਸਰਹੱਦ ਦਾ ਕੀਤਾ ਪਹਿਲਾ ਦੌਰਾ

ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਵਜੋਂ ਅਮਰੀਕਾ-ਮੈਕਸੀਕੋ ਸਰਹੱਦ ਦਾ ਕੀਤਾ ਪਹਿਲਾ ਦੌਰਾ
ਕੈਪਸ਼ਨ: ਕਮਲਾ ਹੈਰਿਸ ਉਪ ਰਾਸ਼ਟਰਪਤੀ ਅਮਰੀਕਾ-ਮੈਕਸੀਕੋ ਸਰਹੱਦ ਦੇ ਦੌਰੇ ਦੌਰਾਨ।

* ਪ੍ਰਵਾਸੀ ਸੈਂਟਰ ਵਿਚ ਰਖੇ ਲੋਕਾਂ ਨੂੰ ਮਿਲੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅਮਰੀਕਾ- ਮੈਕਸੀਕੋ ਸਰਹੱਦ ਦਾ ਦੌਰਾ ਕਰਕੇ ਮਾਈਗਰਾਂਟ ਪ੍ਰਾਸੈਸਿੰਗ ਸੈਂਟਰ ਦਾ ਜਾਇਜ਼ਾ ਲਿਆ। ਉਪ ਰਾਸ਼ਟਰਪਤੀ ਵਜੋਂ ਅਮਰੀਕਾ- ਮੈਕਸੀਕੋ ਸਰਹੱਦ ਦਾ ਇਹ ਉਨਾਂ ਦਾ ਪਹਿਲਾ ਦੌਰਾ ਸੀ। ਉਹ ਐਲ ਪਾਸੋ, ਟੈਕਸਾਸ ਵਿਚ ਦੱਖਣੀ ਸਰੱਹਦ ਉਪਰ ਬਣੇ ਸੈਂਟਰਲ ਪ੍ਰਾਸੈਸਿੰਗ ਸੈਂਟਰ ਵਿਚ ਗਈ ਤੇ ਉਥੇ ਉਹ ਕੇਂਦਰੀ ਅਮਰੀਕਾ ਦੀਆਂ 5 ਨੌਜਵਾਨ ਲੜਕੀਆਂ ਨੂੰ ਮਿਲੀ। ਦੌਰੇ ਦੀ ਸਮਾਪਤੀ 'ਤੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੜਕੀਆਂ ਬਿਨਾਂ ਮਾਪਿਆਂ ਦੇ ਉਥੇ ਮੌਜੂਦ ਸਨ ਪਰੰਤੂ ਉਹ ਪੂਰੀ ਤਰਾਂ ਉਤਸ਼ਾਹਿਤ ਸਨ। ਹੈਰਿਸ ਨੇ ਕਿਹਾ ਕਿ ਇਹ ਮਾਮਲਾ ਕੇਵਲ ਰਾਜਸੀ ਮੁੱਦਾ ਨਹੀਂ ਹੈ। ਸਾਨੂੰ ਇਨਾਂ ਪ੍ਰਵਾਸੀਆਂ ਪ੍ਰਤੀ ਸੋਚ ਵਿਚਾਰ ਕੇ ਪ੍ਰਭਾਵੀ ਪਹੁੰਚ ਅਪਣਾਉਣ ਦੀ ਲੋੜ ਹੈ। ਉਨਾਂ ਨੇ ਪ੍ਰਵਾਸ ਦੇ ਬੁਨਿਆਦੀ ਕਾਰਨਾਂ ਨੂੰ ਹੱਲ ਕਰਨ ਉਪਰ ਜੋਰ ਦਿੱਤਾ। ਹੈਰਿਸ ਨੇ ਕਿਹਾ ਕਿ ਜਦੋਂ ਅਸੀਂ ਸਰਹੱਦ ਉਪਰ ਜੋ ਕੁਝ ਹੋ ਰਿਹਾ ਹੈ, ਉਸ ਬਾਰੇ ਗੱਲਬਾਤ ਕਰਨੀ ਹੈ ਤਾਂ ਸਾਨੂੰ ਇਸ ਤੱਥ ਨੂੰ ਅਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਕਿ ਅਸੀਂ ਮਾਨਵਤਾ ਦੀ ਗੱਲ ਕਰ ਰਹੇ ਹਾਂ। ਉਨਾਂ ਕਿਹਾ ਕਿ ਲੋਕ ਮਜ਼ਬੂਰੀ ਵੱਸ ਆਪਣੇ ਘਰਾਂ ਨੂੰ ਛੱਡਦੇ ਹਨ।