ਅਮਰੀਕਾ ਦੇ ਟੈਕਸਾਸ ਰਾਜ ਵਿਚ ਕਾਰ ਲੋਕਾਂ ਉਪਰ ਚੜੀ, 7 ਮੌਤਾਂ, ਡਰਾਈਵਰ ਗ੍ਰਿਫਤਾਰ

ਅਮਰੀਕਾ ਦੇ ਟੈਕਸਾਸ ਰਾਜ ਵਿਚ ਕਾਰ ਲੋਕਾਂ ਉਪਰ ਚੜੀ, 7 ਮੌਤਾਂ, ਡਰਾਈਵਰ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਟੈਕਸਾਸ ਰਾਜ ਵਿਚ ਬਰਾਊਨਸਵਿਲੇ ਵਿਖੇ ਇਕ ਤੇਜ ਰਫਤਾਰ ਐਸ ਯੂ ਵੀ ਕਾਰ ਪ੍ਰਵਾਸੀਆਂ ਦੀ ਰਿਹਾਇਸ਼ ਦੇ ਨੇੜੇ ਬੱਸ ਸਟਾਪ 'ਤੇ ਖੜੇ ਲੋਕਾਂ ਵਿਚ ਜਾ ਵੱਜੀ ਜਿਸੇ ਦੇ ਸਿੱਟੇ ਵਜੋਂ 7 ਲੋਕਾਂ ਦੀ ਮੌਤ ਹੋ ਗਈ। ਬਰਾਊਨਸਵਿਲੇ ਪੁਲਿਸ ਦੇ ਜਾਂਚਕਾਰ ਮਾਰਟਿਨ ਸੈਂਡੋਵਲ ਨੇ ਕਿਹਾ ਹੈ ਕਿ ਇਹ ਹਾਦਸਾ ਸਵੇਰੇ 8.30 ਵਜੇ ਵਾਪਰਿਆ। ਉਨਾਂ ਕਿਹਾ ਕਿ ਇਹ ਮਹਿਜ ਇਕ ਹਾਦਸਾ ਹੈ ਜਾਂ ਜਾਣਬੁਝ ਕੇ ਕੀਤਾ ਗਿਆ ਹਾਦਸਾ ਹੈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ 3 ਗੱਲਾਂ ਹੋ ਸਕਦੀਆਂ ਹਨ। ਪਹਿਲਾ ਡਰਾਈਵਰ ਨਸ਼ੇ ਵਿਚ ਹੋ ਸਕਦਾ ਹੈ, ਦੂਸਰਾ ਅਚਾਨਕ ਵਾਪਰਿਆ ਹਾਦਸਾ ਹੋ ਸਕਦਾ ਜਾਂ ਫਿਰ ਗਿਣੀਮਿੱਥੀ ਯੋਜਨਾ ਤਹਿਤ ਇਹ ਹਾਦਸਾ ਕੀਤਾ ਗਿਆ ਹੈ। ਉਨਾਂ ਕਿਹਾ ਹੈ ਕਿ ਡਰਾਈਵਰ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਵਿਰੁੱਧ ਹੋਰ ਦੋਸ਼ ਵੀ ਆਇਦ ਹੋਣ ਦੀ ਸੰਭਾਵਨਾ ਹੈ। ਡਰਾਈਵਰ ਕਾਰ ਵਿਚ ਇਕੱਲਾ ਹੀ ਸੀ ਜੋ ਇਸ ਸਮੇ ਜਖਮੀ ਹਾਲਤ ਵਿਚ ਇਲਾਜ਼ ਅਧੀਨ ਹੈ। ਪੁਲਿਸ ਨੇ ਡਰਾਈਵਰ ਦਾ ਨਾਂ ਜਨਤਿਕ ਨਹੀਂ ਕੀਤਾ ਹੈ।