ਬਾਇਡਨ  ਦੇ ਆਦੇਸ਼ ਉਪਰੰਤ ਇਰਾਨੀ ਸਮਰਥਕ ਮਿਲੀਸ਼ੀਆ ਉਪਰ ਅਮਰੀਕੀ ਫੌਜ ਵੱਲੋਂ ਹਵਾਈ ਹਮਲੇ

ਬਾਇਡਨ  ਦੇ ਆਦੇਸ਼ ਉਪਰੰਤ ਇਰਾਨੀ ਸਮਰਥਕ ਮਿਲੀਸ਼ੀਆ ਉਪਰ ਅਮਰੀਕੀ ਫੌਜ ਵੱਲੋਂ ਹਵਾਈ ਹਮਲੇ

* ਸੀਰੀਆ ਤੇ ਇਰਾਕ ਵਿਚਲੇ ਮਿਲੀਸ਼ੀਆ ਦੇ ਅੱਡਿਆਂ ਨੂੰ ਬਣਾਇਆ ਨਿਸ਼ਾਨਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ ਹੁਸਨ ਲੜੋਆ ਬੰਗਾ)- ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਡਰੋਨ ਹਮਲਿਆਂ ਦੇ ਜਵਾਬ ਵਿਚ ਸੀਰੀਆ ਤੇ ਇਰਾਕ ਵਿਚ ਇਰਾਨ ਸਮਰਥਕ ਮਿਲੀਸ਼ੀਆ ਦੇ ਟਿਕਾਣਿਆਂ ਉਪਰ ਹਵਾਈ ਹਮਲੇ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਐਲਾਨ ਪੈਂਟਾਗਨ ਨੇ ਪਿਛਲੇ ਦਿਨ ਸ਼ਾਮ ਵੇਲੇ ਕੀਤਾ। ਪੈਂਟਾਗਨ ਦੇ  ਪ੍ਰੈਸ ਸਕੱਤਰ ਜੌਹਨ ਕਿਰਬੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਮਰੀਕੀ ਹਵਾਈ ਸੈਨਾ ਨੇ ਇਰਾਕ ਤੇ ਸੀਰੀਆ ਵਿਚਲੀਆਂ ਉਨਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਿਨਾਂ ਦੀ ਵਰਤੋਂ ਮਿਲੀਸ਼ੀਆ ਦੁਆਰਾ ਅਮਰੀਕੀ ਫੌਜੀਆਂ ਉਪਰ ਡਰੋਨ ਹਮਲੇ ਕਰਨ ਲਈ ਕੀਤੀ ਜਾਂਦੀ ਹੈ। ਕਿਰਬੀ ਨੇ ਕਿਹਾ ਹੈ ਕਿ ਹਵਾਈ ਹਮਲਿਆਂ ਵਿਚ ਸੀਰੀਆ ਵਿਚਲੀਆਂ ਦੋ ਥਾਵਾਂ ਤੇ ਇਰਾਕ ਵਿਚਲੀ ਇਕ ਥਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਥੇ ਮਿਲੀਸ਼ੀਆ ਦੇ ਹਥਿਆਰਾਂ ਦਾ ਭੰਡਾਰ ਸੀ। ਇਹ ਥਾਵਾਂ ਸੀਰੀਆ ਤੇ ਇਰਾਕ ਦੀਆਂ ਸਰਹੱਦਾਂ ਦੇ ਨਾਲ ਹਨ। ਉਨਾਂ ਕਿਹਾ ਕਿ ਇਨਾਂ ਥਾਵਾਂ ਦੀ ਵਰਤੋਂ ਕਟਾਇਬ ਹਿਜ਼ਬੁਲਾ ਤੇ ਕਟਾਇਬ ਸਈਦ ਅਲ ਸ਼ੁਹਾਡਾ ਸਮੇਤ ਇਰਾਨ ਸਮਰਥਕ ਮਿਲੀਸ਼ੀਆ ਦੇ ਅਨੇਕਾਂ ਧੜਿਆਂ ਵੱਲੋਂ ਕੀਤੀ ਜਾਂਦੀ ਹੈ। ਅਮਰੀਕਾ ਦੇ ਰਖਿਆ ਅਧਿਕਾਰੀਆਂ ਅਨੁਸਾਰ ਯੂ ਐਸ ਐਫ-15 ਤੇ ਐਫ -16 ਜੰਗੀ ਜਹਾਜਾਂ ਨੇ ਇਨਾਂ ਹਵਾਈ ਹਮਲਿਆਂ ਵਿਚ ਹਿੱਸਾ ਲਿਆ। ਰਖਿਆ ਵਿਭਾਗ ਦੇ ਅਧਿਕਾਰਤ ਬੁਲਾਰੇ ਅਨੁਸਾਰ ਹਮਲੇ ਉਪਰੰਤ ਸਾਰੇ ਪਾਇਲਟ ਸੁਰੱਖਿਅਤ ਵਾਪਿਸ ਆ ਗਏ ਹਨ। ਬੁਲਾਰੇ ਅਨੁਸਾਰ ਇਨਾਂ ਹਮਲਿਆਂ ਵਿਚ ਜਮੀਨ ਉਪਰ ਕਿੰਨੇ ਅੱਤਿਵਾਦੀ ਜਾਂ ਆਮ ਲੋਕ ਮਾਰੇ ਗਏ ਹਨ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਹਮਲਿਆਂ ਤੋਂ ਪਹਿਲਾਂ ਨੇਵੀ ਕਮਾਂਡਰ ਜੈਸਿਕਾ ਮੈਕਨੂਲਟੀ ਨੇ ਕਿਹਾ ਕਿ ਇਰਾਨ ਦੇ ਸਮਰਥਕ ਮਿਲੀਸ਼ੀਆ ਨੇ ਅਪ੍ਰੈਲ ਤੋਂ ਬਾਅਦ ਅਮਰੀਕੀ ਤੇ ਇਸ ਦੇ ਜੋਟੀਦਾਰ ਦੇਸ਼ਾਂ ਦੇ ਫੌਜੀਆਂ ਵੱਲੋਂ ਵਰਤੇ ਜਾਂਦੇ ਟਿਕਾਣਿਆਂ ਉਪਰ 5 ਵਾਰ ਡਰੋਨ ਹਮਲੇ ਕੀਤੇ ਹਨ। ਡਰੋਨ ਹਮਲਿਆਂ ਤੋਂ ਇਲਾਵਾ ਮਿਲੀਸ਼ੀਆ ਨੇ ਰਾਕਟ ਵੀ ਦਾਗੇ ਹਨ। ਮੈਕਨੂਲਟੀ ਅਨੁਸਾਰ ਹਵਾਈ ਹਮਲਿਆਂ ਨਾਲ ਮਿਲੀਸ਼ੀਆ ਧੜਿਆਂ ਦੀ ਜੰਗੀ ਸਮਰੱਥਾ ਘਟ ਜਾਵੇਗੀ ਤੇ ਉਹ ਹੋਰ ਹਮਲੇ ਨਹੀਂ ਕਰ ਸਕਣਗੇ। ਇਥੇ ਜਿਕਰਯੋਗ ਹੈ ਕਿ ਰਾਸ਼ਟਰਪਤੀ ਬਾਇਡਨ ਨੇ ਫਰਵਰੀ ਵਿਚ ਵੀ ਮਿਲੀਸ਼ੀਆ ਗਰੁੱਪਾਂ ਉਪਰ ਇਸ ਕਿਸਮ ਦੇ ਹਮਲੇ ਕਰਨ ਦਾ ਆਦੇਸ਼ ਦਿੱਤਾ ਸੀ। ਉਤਰੀ ਇਰਾਕ ਵਿਚ ਹਮਲੇ ਕਰਨ ਸਬੰਧੀ ਬਾਇਡਨ ਦਾ ਇਹ ਪਹਿਲਾ ਆਦੇਸ਼ ਸੀ। ਇਸ ਤੋਂ ਪਹਿਲਾਂ ਮਿਲੀਸ਼ੀਆ ਨੇ ਰਾਕਟ ਹਮਲੇ ਕਰਕੇ ਇਕ ਠੇਕੇਦਾਰ ਨੂੰ ਮਾਰ ਦਿੱਤਾ ਸੀ ਤੇ ਹੋਰ ਕਈ ਅਮਰੀਕੀ ਤੇ ਮਿਤਰ ਦੇਸ਼ਾਂ ਦੇ ਫੌਜੀਆਂ ਨੂੰ ਜ਼ਖਮੀ ਕਰ ਦਿੱਤਾ ਸੀ।

ਡਰੋਨ ਹਮਲੇ ਚਿੰਤਾ ਦਾ ਕਾਰਨ- ਅਮਰੀਕੀ ਹਵਾਈ ਸੈਨਾ ਵੱਲੋਂ ਹਮਲੇ ਕਰਨ ਮੌਕੇ ਯੂ ਐਸ ਸੈਂਟਰਲ ਕਮਾਂਡ ਵਿਖੇ ਸਮੁੰਦਰੀ ਫੌਜ ਦੇ ਜਨਰਲ ਕੇਨਥ ਮੈਕੇਨਜ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੋਟੇ ਡਰੋਨਾਂ ਨਾਲ ਹੁੰਦੇ ਹਮਲੇ ਬੇਹੱਦ ਚਿੰਤਾ ਦਾ ਕਾਰਨ ਹਨ। ਉਨਾਂ ਕਿਹਾ ਕਿ ਛੋਟਾ ਡਰੋਨ ਮਸਾਂ ਮਨੁੱਖ ਦੀ ਬਾਂਹ ਦੀ ਲੰਬਾਈ ਜਿੰਨਾ ਹੰਦਾ ਹੈ ਤੇ ਮੇਰੇ ਵਿਚਾਰ ਅਨੁਸਾਰ ਇਹ ਜਿਆਦਾ ਖਤਰਨਾਕ ਤੇ ਚਿੰਤਾ ਦਾ ਕਾਰਨ ਹਨ। ਉਨਾਂ ਹੋਰ ਕਿਹਾ ਕਿ ਹਮਲਿਆਂ ਕਾਰਨ ਮਿਲੀਸ਼ੀਆ ਦੇ ਹੋਏ ਨੁਕਸਾਨ ਦਾ ਪਤਾ ਲਾਇਆ ਜਾ ਰਿਹਾ ਹੈ।