ਕੋਵਿਡ ਟੀਕਾ ਲਵਾ ਚੁੱਕੇ ਲੋਕ ਦੂਸਰੇ ਲੋਕਾਂ ਦੀ ਤੁਲਨਾ ਵਿਚ ਜਿਆਦਾ ਸੁਰੱਖਿਅਤ

ਕੋਵਿਡ ਟੀਕਾ ਲਵਾ ਚੁੱਕੇ ਲੋਕ ਦੂਸਰੇ ਲੋਕਾਂ ਦੀ ਤੁਲਨਾ ਵਿਚ ਜਿਆਦਾ ਸੁਰੱਖਿਅਤ

 * ਇਨਾਂ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਬਿਨਾਂ ਹੋਰ ਕਿਤੇ ਮਾਸਕ ਪਾਉਣ ਦੀ ਲੋੜ ਨਹੀਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਸੈਂਟਰ ਫਾਰ ਡਸੀਜ਼ ਕੰਟਰੋਲ (ਸੀ ਡੀ ਸੀ) ਨੇ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਜਿਨਾਂ ਲੋਕਾਂ ਨੇ ਕੋਵਿਡ ਟੀਕੇ ਲਵਾ ਲਏ ਹਨ, ਨੂੰ ਭੀੜ ਵਾਲੀਆਂ ਥਾਵਾਂ ਨੂੰ ਛੱਡਕੇ ਬਾਹਰ ਖੁਲੀਆਂ ਥਾਵਾਂ ਉਪਰ ਮਾਸਕ ਪਾਉਣ ਦੀ ਲੋੜ ਨਹੀਂ ਹੈ। ਵਾਈਟ ਹਾਊਸ ਵਿਖੇ ਕੋਵਿਡ-19 ਬਾਰੇ ਗੱਲਬਾਤ ਕਰਦਿਆਂ ਜਨਤਿਕ ਸਿਹਤ  ਅਧਿਕਾਰੀਆਂ ਨੇ ਕਿਹਾ ਕਿ ਮੁਕੰਮਲ ਟੀਕਾਕਰਣ ਵਾਲੇ ਲੋਕ ਬਿਨਾਂ ਮਾਸਕ ਦੇ ਸੈਰ ਕਰ ਸਕਦੇ ਹਨ, ਦੌੜ ਸਕਦੇ ਹਨ ਜਾਂ ਆਪਣੇ ਵਾਹਣ 'ਤੇ ਇਕੱਲੇ ਜਾਂ ਘਰ ਦੇ ਮੈਂਬਰਾਂ ਨਾਲ ਜਾ ਸਕਦੇ ਹਨ। ਇਹ ਲੋਕ ਖੁਲੀਆਂ ਥਾਵਾਂ 'ਤੇ  ਛੋਟੇ ਇਕੱਠਾਂ ਵਿਚ ਆਪਣੇ ਮਿੱਤਰਾਂ ਦੋਸਤਾਂ ਨੂੰ ਮਿਲ ਸਕਦੇ ਹਨ।  ਸੀ ਡੀ ਸੀ ਦੇ ਡਾਇਰੈਕਟਰ ਡਾ ਰੋਚੇਲ ਵਾਲਨਸਕਾਈ ਨੇ ਕਿਹਾ ਕਿ 'ਅੱਜ ਅਸੀਂ ਹਾਲਾਤ ਆਮ ਵਾਂਗ ਹੋਣ ਵੱਲ ਇਕ ਕਦਮ ਪੁੱਟ ਸਕਦੇ ਹਾਂ। ਜੇਕਰ ਤੁਸੀਂ ਮੁਕੰਮਲ ਟੀਕਾਕਰਣ ਕਰਵਾ ਲਿਆ ਤਾਂ ਜਿਨਾਂ ਲੋਕਾਂ ਨੇ ਟੀਕਾਕਰਣ ਨਹੀਂ ਕਰਵਾਇਆ ਦੀ ਤੁਲਨਾ ਵਿਚ ਤੁਹਾਡੇ ਲਈ ਹਾਲਾਤ ਵਧੇਰੇ ਸੁਖਾਵੇਂ ਹਨ ਤੇ ਤੁਸੀਂ ਵਧੇਰੇ ਸੁਰੱਖਿਅਤ ਹੋ।' ਇਸ ਦੇ ਨਾਲ ਹੀ ਸੀ ਡੀ ਸੀ ਨੇ ਮੁਕੰਮਲ ਟੀਕਾਕਰਣ ਵਾਲੇ ਲੋਕਾਂ ਨੂੰ ਕਮਰਾ ਬੰਦ ਜਾਂ ਖੁਲੇ ਜਨਤਿਕ ਇਕੱਠਾਂ ਵਿਚ ਮਾਸਕ ਪਾਉਣ ਦੀ ਸਿਫਾਰਿਸ਼ ਕੀਤੀ ਹੈ। ਸੀ ਡੀ ਸੀ ਅਨੁਸਾਰ ਫਾਈਜ਼ਰ ਜਾਂ ਮੋਡਰੇਨਾ ਦੀ ਦੂਸਰੀ ਖੁਰਾਕ ਲੈਣ ਦੇ ਦੋ ਹਫਤੇ ਬਾਅਦ ਮੁਕੰਮਲ ਟੀਕਾਕਰਣ ਸਮਝਿਆ ਜਾਂਦਾ ਹੈ ਤੇ ਇਸੇ ਤਰਾਂ ਜੌਹਨਸਨ ਐਂਡ ਜੌਹਨਸਨ ਦਾ ਇਕ ਟੀਕਾ ਲਵਾਉਣ ਦੇ ਦੋ ਹਫਤੇ ਬਾਅਦ ਵਿਅਕਤੀ ਮੁਕੰਮਲ ਟੀਕਾਕਰਣ ਦੇ ਵਰਗ ਵਿਚ ਜਾਂਦਾ ਹੈ। ਬਾਅਦ ਵਿਚ ਸੀ ਡੀ ਸੀ ਦੀਆਂ ਨਵੀਆਂ ਹਦਾਇਤਾਂ ਬਾਰੇ ਰਾਸ਼ਟਰਪਤੀ ਜੋਅ ਬਾਇਡਨ ਨੇ ਸਪਸ਼ਟ ਕਰਦਿਆਂ ਕਿਹਾ 'ਇਹ ਗੱਲ ਸਾਫ ਹੈ ਕਿ ਜੇਕਰ ਤੁਸੀਂ ਮੁਕੰਮਲ ਟੀਕਾਕਰਣ ਕਰਵਾ ਲਿਆ ਹੈ ਤਾਂ ਤੁਸੀਂ ਘਰਾਂ ਵਿਚ ਤੇ ਬਾਹਰ ਵਧੇਰੇ ਸੁਰੱਖਿਆ ਨਾਲ ਵਿਚਰ  ਸਕਦੇ ਹੋ। ਬਾਇਡਨ ਨੇ ਕਿਹਾ ਕਿ ਉਨਾਂ ਲੋਕਾਂ ਜਿਨਾਂ ਨੇ ਅਜੇ ਟੀਕਾ ਨਹੀਂ ਲਗਵਾਇਆ ਲਈ ਹੁਣ ਮੌਕਾ ਹੈ ਕਿ ਉਹ ਟੀਕਾਕਰਣ ਕਰਵਾ ਲੈਣ। ਸੀ ਡੀ ਸੀ ਦੇ ਅੰਕੜਿਆਂ ਅਨੁਸਾਰ ਅਮਰੀਕਾ ਦੀ ਤਕਰੀਬਨ 30% ਆਬਾਦੀ ਦੇ ਮੁਕੰਮਲ ਟੀਕਾਕਰਣ ਹੋ ਚੁੱਕਾ ਹੈ ਤੇ 42% ਆਬਾਦੀ ਦੇ ਇਕ ਟੀਕਾ ਲੱਗ ਚੁੱਕਾ ਹੈ।