ਪੰਜਾਬ 'ਚ ਕੋਰੋਨਾ ਨਾਲ ਜੰਗ ਲਈ ਫੌਜ ਨੇ ਸੰਭਾਲਿਆ ਮੋਰਚਾ

ਪੰਜਾਬ 'ਚ ਕੋਰੋਨਾ ਨਾਲ ਜੰਗ ਲਈ ਫੌਜ ਨੇ ਸੰਭਾਲਿਆ ਮੋਰਚਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਕੋਰੋਨਾ ਦੇ ਕਹਿਰ ਵਿੱਚ ਭਾਰਤੀ ਫੌਜ ਨੇ ਪੰਜਾਬ ਦੀ ਬਾਂਹ ਫੜੀ ਹੈ। ਭਾਰਤੀ ਫੌਜ ਨੇ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਮਦਦ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਨੂੰ ਜੰਗ ਵਰਗੀ ਸਥਿਤੀ ਦੱਸਦਿਆਂ ਭਾਰਤੀ ਫੌਜ ਨੂੰ ਸਹਾਇਤਾ ਦੀ ਅਪੀਲ ਕੀਤੀ ਸੀ।ਕੈਪਟਨ ਦੀ ਅਪੀਲ 'ਤੇ ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਮੈਡੀਕਲ ਸੇਵਾਵਾਂ ਦੇਣ ਸਮੇਤ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਜਿਸ ’ਚ ਪੰਜਾਬ ਵਿੱਚ ਬੰਦ ਪਏ ਪੁਰਾਣੇ ਆਕਸੀਜਨ ਪਲਾਟਾਂ ਨੂੰ ਚਾਲੂ ਕਰਨਾ ਵੀ ਸ਼ਾਮਲ ਹੈ। ਇਸ ਵੇਲੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਮਰੀਜ਼ਾਂ ਦੀ ਸੰਭਾਲ ਲਈ ਭਾਰਤੀ ਸੈਨਾ ਦੇ 30 ਜਵਾਨ ਤਾਇਨਾਤ ਹਨ।ਪੱਛਮੀ ਕਮਾਂਡ ਦੇ ਜੀਓਸੀ-ਇਨ-ਸੀ ਲੈਫਟੀਨੈਂਟ ਜਨਰਲ ਆਰਪੀ ਸਿੰਘ ਨੇ ਸੀਨੀਅਰ ਕਮਾਂਡ ਅਧਿਕਾਰੀਆਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਰਚੁਅਲ ਮੀਟਿੰਗ ਦੌਰਾਨ ਪ੍ਰਸਤਾਵਿਤ 100 ਬੈੱਡਾਂ ਵਾਲੇ ਕੋਵਿਡ ਸੈਂਟਰ ਨੂੰ ਚਲਾਉਣ ਲਈ ਸਟਾਫ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ। ਫ਼ੌਜ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਨੂੰ ਹਰ ਸੰਭਵ ਸਹਾਇਤਾ ਦੇਣਗੇ।

ਲੈਫਟੀਨੈਂਟ ਜਨਰਲ ਆਰਪੀ ਸਿੰਘ ਨੇ ਦੱਸਿਆ ਕਿ ਕਮਾਂਡ ਸੈਂਟਰ ਵੱਲੋਂ ਤਕਨੀਕੀ ਤੇ ਮਾਹਿਰਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸ਼ਹਿਰੀ ਅਮਲੇ ਦੀ ਸਹਾਇਤੀ ਲਈ 15 ਸਿਖਲਾਈ ਪ੍ਰਾਪਤ ਨਰਸਾਂ ਨੂੰ ਪਹਿਲਾਂ ਹੀ ਪਟਿਆਲਾ ਭੇਜਿਆ ਗਿਆ ਹੈ। ਇਸੇ ਤਰ੍ਹਾਂ ਮਾਹਿਰਾਂ ਨੂੰ ਮੌਜੂਦਾ ਉਦਯੋਗਿਕ ਇਕਾਈਆਂ ’ਚ ਬੰਦ ਪਏ ਆਕਸੀਜਨ ਪਲਾਂਟਾਂ ਦਾ ਦੌਰਾ ਕਰਨ ਲਈ ਭੇਜਿਆ ਜਾਵੇਗਾ।ਮੁੱਖ ਮੰਤਰੀ ਨੇ ਮਗਰੋਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੇ ਡਾਕਟਰੀ ਮਾਹਿਰਾਂ ਨਾਲ ਸਮੀਖਿਆ ਮੀਟਿੰਗ ਵਿੱਚ ਕਿਹਾ ਕਿ ਰਾਜ ਸਰਕਾਰ ਬੀਐਸਐਫ ਰਾਹੀਂ ਮਨੁੱਖੀ ਸ਼ਕਤੀ ਅਤੇ ਆਈਸੀਯੂ ਬੈੱਡ ਮੁਹੱਈਆ ਕਰਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵੀ ਪਹੁੰਚ ਕਰ ਰਹੀ ਹੈ