ਸ੍ਰੀ ਅਕਾਲ ਤਖਤ ਸਾਹਿਬ ਦਾ ਉਦੇਸ਼ ਤੇ ਮੁੱਖ ਸੇਵਾਦਾਰ

ਸ੍ਰੀ ਅਕਾਲ ਤਖਤ ਸਾਹਿਬ ਦਾ ਉਦੇਸ਼ ਤੇ ਮੁੱਖ ਸੇਵਾਦਾਰ

 ਸਿਰਜਣਾ ਦਿਵਸ  

ਸਿੱਖ ਕੌਮ ਲਈ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਮੀਰੀ-ਪੀਰੀ ਦੇ ਸਿਧਾਂਤ ਨੂੰ ਸਿੱਖ ਕੌਮ ਸਾਹਮਣੇ ਲਿਆ ਕੇ ਧਰਮ ਦੀ ਰਾਜਸੀ ਅਗਵਾਈ ਲਈ ਤੇ ਕੌਮ ਨੂੰ ਰਾਜਸੀ ਸ਼ਕਤੀ ਵਿੱਚ ਪ੍ਰਪੱਕ ਕਰਨ ਦੀ ਮਨਸ਼ਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ। ਉਸ ਤੋਂ ਬਾਅਦ ਸਮੇਂ ਸਮੇਂ ਸਿਰ ਸਿੱਖ ਕੌਮ ਨੂੰ ਆਈਆਂ ਦਰਪੇਸ਼ ਮੁਸ਼ਕਲਾਂ ਦੇ ਚੱਲਦਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ, ਰਾਜਨੀਤਿਕ ਤੌਰ ਤੇ ਸਦਾ ਅਗਵਾਈ ਮਿਲਦੀ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹਮੇਸ਼ਾ ਸਿੱਖ ਕੌਮ ਦੀਆਂ ਦੁਸ਼ਮਣ ਤਾਕਤਾਂ ਲਈ ਰੜਕਦੀ ਰਹੀ ਹੈ। ਪਰ ਲੰਮੇ ਸਮੇਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਇੱਕ ਅਜਾਦ ਪ੍ਰਭੁਸੱਤਾ ਦੇ ਚਿੰਨ ਵਜੋਂ ਉਭਰਦਾ ਰਿਹਾ ਹੈ ਤੇ ਇਸਦੀ ਅਗਵਾਈ ਹੇਠ ਸਿੱਖ ਕੌਮ ਦੇ ਕੌਮੀ ਮਸਲਿਆਂ ਲਈ ਤੇ ਸਿੱਖ ਕੌਮ ਨੂੰ ਅਗਵਾਈ ਦੇਣ ਲਈ ਸਮੂਹ ਸਿੱਖਾਂ ਦਾ ਇੱਕਠ ਸਰਬੱਤ ਖਾਲਸੇ ਦੇ ਰੂਪ ਵਿੱਚ ਵਿੱਚ ਵਿਕੱਤਰ ਹੁੰਦਾ ਰਿਹਾ ਹੈ।

ਇਹ ਪ੍ਰਥਾ ਦੇ ਚੱਲਦਿਆਂ ਅੱਜ ਦੇ ਯੁੱਗ ਵਿੱਚ ਜਦੋਂ ਤੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਹੈ ਉਸ ਵਕਤ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦਾ ਪ੍ਰਤੀਕ ਉਥੋਂ ਦੇ ਮੁੱਖ ਸੇਵਾਦਾਰ ਜਥੇਦਾਰ ਸਿੰਘ ਸਾਹਿਬ ਦੇ ਰੂਪ ਵਿੱਚ ਕੌਮ ਦੇ ਸਾਹਮਣੇ ਆਇਆ। ਇਸ ਅਧੀਨ ਕੁਝ ਅਜਿਹੇ ਸਿੱਖ ਕੌਮ ਦੀ ਪ੍ਰੰਪਰਾ ਵਿੱਚ ਬਦਲਾਅ ਆਏ ਕਿ ਸਿੱਖ ਕੌਮ ਦੇ ਗ੍ਰੰਥੀ ਸਿੰਘ ਤੇ ਸੇਵਾਦਾਰ ਰਾਜਸੱਤਾ ਦੇ ਸੁਮੇਲ ਨਾਲ ਸਿੰਘ ਸਾਹਿਬਾਨ ਤੇ ਕਾਗਜ਼ਾਂ ਵਿੱਚ ਕੌਮ ਦੇ ਮੁੱਖ ਨਾਇਕ ਬਣ ਬੈਠੇ। ਇਸ ਨਾਲ ਗੁਰੂ ਦੇ ਕਹੇ ਵਾਕ ਅਨੁਸਾਰ ਗੁਰੂ ਵੀਹ ਵਿਸਵੇ ਤੇ ਸੰਗਤ ਇੱਕੀ ਵਿਸਵੇ ਵਾਲੀ ਪ੍ਰਥਾ ਮੱਧਮ ਪੈ ਗਈ ਤੇ ਆਮ ਸਿੱਖ ਕਾਫੀ ਹੱਦ ਤੱਕ ਆਪਣੇ ਅਧਿਕਾਰਾਂ ਤੋਂ ਰਹਿਤ ਕਰ ਦਿੱਤੇ ਗਏ। ਸਿੱਖ ਕੌਮ ਵਿੱਚ ਕੇਵਲ ਪੁਜਾਰੀਵਾਦ ਦਾ ਬੋਲਬਾਲਾ ਹੋ ਗਿਆ ਤੇ ਰਾਜਨੀਤੀਵਾਨਾਂ ਨੇ ਡੇਰੇਵਾਦ ਦਾ ਸਾਥ ਲੈ ਕੇ ਦੂਸਰੇ ਧਰਮਾਂ ਦੇ ਪੁਜਾਰੀਆਂ ਵਾਂਗ ਆਪਣਾ ਹੀ ਡੰਮਵਾਦ ਸ਼ੁਰੂ ਕਰ ਲਿਆ।

ਇਸ ਵੱਲ ਸਿੱਖ ਕੌਮ ਦਾ ਧਿਆਨ ਮੁੱਖ ਰੂਪ ਵਿੱਚ ਉਸ ਵੇਲੇ ਸਾਹਮਣੇ ਆਇਆ ਜਦੋਂ ਜੂਨ 1984ਵਿੱਚ ਭਾਰਤੀ ਫੌਜੀ ਹਮਲੇ ਤੋਂ ਬਾਅਦ ਭਾਰਤੀ ਹੁਕਮਰਾਨਾਂ ਦੇ ਦਬਾਅ ਅਧੀਨ ਇੰਨਾਂ ਗ੍ਰੰਥੀ ਸ਼੍ਰੇਣੀਆਂ ਵਿਚੋਂ ਸਿੱਖਾਂ ਦੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਭਾਰਤੀ ਮੀਡੀਆ ਰਾਹੀਂ ਸਿੱਖ ਕੌਮ ਨੂੰ ਆਪਣੇ ਸੰਦੇਸ਼ ਰਾਹੀਂ ਗੁਮਰਾਹਕੁੰਨ ਬਿਆਨ ਦਿੰਦਿਆ ਹੋਇਆ ਇਹ ਦੱਸਣਾ ਚਾਹਿਆ ਕਿ ਭਾਰਤੀ ਫੌਜ ਦੇ ਹਮਲੇ ਦੌਰਾਨ ਸਿੱਖਾਂ ਦੀ ਮੀਰੀ ਪੀਰੀ ਦਾ ਚਿੰਨ ਸ੍ਰੀ ਅਕਾਲ ਤਖਤ ਸਾਹਿਬ ਪੂਰੀ ਤਰਾਂ ਸੁਰਖਿਅਤ ਹੈ। ਜੋ ਕਿ ਕੋਰਾ ਝੂਠ ਸੀ। ਇਸ ਨਾਲ ਇਸ ਜੱਥੇਦਾਰ ਜਮਾਤ ਪ੍ਰਤੀ ਸਿੱਖ ਕੌਮ ਅੰਦਰ ਬਣਿਆਂ ਪ੍ਰਭੂਸੱਤਾ ਵਾਲਾ ਪ੍ਰਭਾਵ ਸਮੇਂ ਨਾਲ ਗਟਦਾ ਚਲਾ ਗਿਆ। ਇਹ ਸ਼੍ਰੇਣੀ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਪੂਰੀ ਤਰਾਂ ਨਾਲ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਤੇ ਉਸ ਨਾਲ ਜੁੜੀ ਰਾਜਸੀ ਜਮਾਤ ਸ਼੍ਰੋਮਣੀ ਆਕਲੀ ਦਲ ਦੇ ਪੂਰਨ ਦਬਾਅ ਹੇਠ ਆ ਗਈ। ਜਿਸ ਕਰਕੇ ਸਮੇਂ ਸਮੇਂ ਅਨੁਸਾਰ ਇਹ ਸਿੰਘ ਸਾਹਿਬਾਨ ਜੱਥੇਦਾਰਾਂ ਪਾਸੋਂ ਰਾਜਸੀ ਮੰਤਵਾ ਦੀ ਪੂਰਤੀ ਲਈ ਅਨੇਕਾਂ ਵਾਰ ਵਿਵਾਦ-ਗ੍ਰਸਤ ਇੱਕ ਪਾਸੜ ਹੁਕਮਨਾਮੇ ਸਿੱੱਖ ਕੌਮ ਲਈ ਜਾਰੀ ਕਰਦੇ ਰਹੇ। ਜੋ ਕਿ ਇੱਕ ਤਰਾਂ ਨਾਲ ਆਮ ਸਿੱਖਾਂ ਨੂੰ ਜੱਥੇਦਾਰ ਸਾਹਿਬਾਨਾਂ ਦੀ ਅਗਵਾਈ ਤੋਂ ਦੂਰ ਕਰਨ ਵਿੱਚ ਇੱਕ ਕਾਰਨ ਬਣੇ। ਇਸਦਾ ਪ੍ਰਭਾਵ ਸਿੱਖ ਕੌਮ ਵੱਲੋਂ ਦੋ ਦਹਾਕੇ ਚੱਲੇ ਸੰਘਰਸ਼ ਦੌਰਾਨ ਵੀ ਵਾਰ-ਵਾਰ ਸਾਹਮਣੇ ਆਇਆ। ਇਸਦੀ ਪ੍ਰਭੂਸੱਤਾ ਨੂੰ ਚੈਲਿੰਜ਼ ਦੇ ਰੂਪ ਵਿੱਚ ਕਈਆਂ ਵੱਲੋਂ ਆਪਣੀ ਤਾਕਤ ਦਾ ਬਲਬੂਤਾ ਸਮਝ ਕੇ ਆਪਣੇ ਆਪ ਨੂੰ ਹੀ ਅਕਾਲ ਤਖਤ ਦਾ ਸਰਪ੍ਰਸਤ ਦੱੱਸਦੇ ਹੋਏ ਜੱਥੇਦਾਰ ਦੇ ਰੂਪ ਵਿੱਚ ਸਿੱਖ ਕੌਮ ਦੇ ਸਾਹਮਣੇ ਆਏ। ਜਿਸਦਾ ਸਿੱਖ ਸੰਘਰਸ਼ ਅਤੇ ਸਿੱਖ ਕੌਮ ਉੱਪਰ ਅਜਿਹਾ ਅਸਰ ਹੋਇਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਕਰਨ ਵਾਲੇ ਮੁੱਖ ਸੇਵਾਦਾਰਾਂ ਤੋਂ ਸਿੱਖਾਂ ਦਾ ਵਿਸਵਾਸ਼ ਘਟਦਾ ਹੀ ਗਿਆ। ਇਸਦੀ ਤਾਜਾ ਮਿਸਾਲ ਕੁਝ ਚਿਰ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਇੰਨਾ ਮੁੱਖ ਜੱਥੇਦਾਰ ਸਾਹਿਬਾਨ ਤੇ ਰਾਜਸੀ ਦਬਾਅ ਕਾਰਨ ਲਿਆ ਗਿਆ ਸੌਦਾ ਸਾਧ ਦੇ ਮਾਫੀਨਾਮੇ ਦਾ ਫੈਸਲਾ ਵੀ ਮੁੱਖ ਘਟਨਾ ਹੈ। ਜੋ ਕਿ ਅੱਜ ਤੱਕ ਵਿਵਾਦਾਂ ਦੇ ਘੇਰੇ ਵਿੱਚ ਹੈ। ਇਸਤੋਂ ਬਾਅਦ ਪੰਜਾਬ ਅੰਦਰ ਬਗਰਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਦੇ ਕਾਰਨ ਤੇ ਜਥੇਦਾਰ ਸਾਹਿਬਾਨਾਂ ਵੱਲੋਂ ਉਸ ਪ੍ਰਤੀ ਦਿਖਾਈ ਬੇਰੁਖੀ ਸਦਕਾ ਸਿੱਖ ਕੌਮ ਦੇ ਇੱਕ ਹਿੱਸੇ ਵਲੋਂ ਆਪਣੇ ਤੌਰ ਤੇ ਇਹਨਾਂਂ ਦੇ ਬਰਾਬਰ ਜਥੇਦਾਰ ਸਾਹਿਬਾਨਾਂ ਨੂੰ ਖੜੇ ਕਰ ਦਿੱਤਾ ਗਿਆ ਹੈ। ਇਸ ਨਾਲ ਦਿਨ-ਪ੍ਰਤੀ ਦਿਨ ਮੁੱਖ ਜੱਥੇਦਾਰ ਸਾਹਿਬਾਨ ਜਿੰਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯੁਕਤ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਸਿੱਖ ਸੰਗਤ ਦੇ ਕੁਝ ਹਿੱਸੇ ਵੱਲੋਂ ਜੋ ਜੱਥੇਦਾਰ ਥਾਪੇ ਗਏ ਹਨ, ਇੰਨਾ ਵਿਚਕਾਰ ਅਜਿਹੇ ਵਿਵਾਦ ਤੇ ਟਕਰਾਅ ਦੀ ਸਥਿਤੀ ਸਿੱਖ ਕੌਮ ਅੰਦਰ ਪੈਂਦਾ ਹੋ ਰਹੀ ਹੈ ਜਿਸ ਨਾਲ ਸਿੱਖ ਕੌਮ ਤਾਂ ਵੰਡੀ ਹੀ ਨਜ਼ਾਰ ਆ ਰਹੀ ਹੈ ਸਗੋਂ ਆਮ ਸਿੱਖ ਦਾ ਵੀ ਇਸ ਮਹਾਨ ਪ੍ਰਭੂਸੱਤਾ ਵਾਲੇ ਰੁਤਬੇ ਪ੍ਰਤੀ ਵੀ ਮਾਣ ਤੇ ਸਤਿਕਾਰ ਥਿੜਕਦਾ ਜਾ ਰਿਹਾ ਹੈ।

ਇਸ ਲਈ ਅੱਜ ਸਮੁੱਚੀ ਸਿੱਖ ਕੌਮ ਨੂੰ ਇਸ ਪ੍ਰਸ਼ਨ ਨੂੰ ਹੱਲ ਕਰਨ ਲਈ ਦੇਸ਼ ਵਿਦੇਸ਼ਾਂ ਵਿੱਚ ਰਲ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ ਤਾਂ ਜੋ ਇਸ ਮਾਣਮੱਤੇ ਇਤਿਹਾਸ ਨੂੰ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਉਪਦੇਸ਼ਾਂ ਅਧੀਨ ਲੀਹ ਤੇ ਲਿਆਂਦਾ ਜਾ ਸਕੇ। ਇਸ ਲਈ ਇੰਨਾ ਇਤਿਹਾਸਕ ਤਖਤ ਸਾਹਿਬਾਨ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਜੱਥੇਦਾਰ ਸਮੂਹ ਕੌਮ ਤੇ ਪੰਥ ਦੇ ਸਰਬਪ੍ਰਵਾਨਤ ਹੋਣੇ ਚਾਹੀਦੇ ਹਨ ਤਾਂ ਜੋ ਇੰਨਾ ਤਖਤ ਸਾਹਿਬਾਨਾਂ ਦੀ ਪ੍ਰਭੂਸਤਾ ਨੂੰ ਕਾਇਮ ਰੱਖਿਆ ਜਾ ਸਕੇ ਤੇ ਪੰਥ ਵਿੱਚ ਆਈ ਰਹਿਤ-ਮਰਿਯਾਦਾ ਪ੍ਰਤੀ ਦੁਬਿਧਾ ਤੇ ਸਮੂਹ ਗੁਰਪੁਰਬਾਂ ਦੀਆਂ ਤਾਰੀਕਾਂ ਵੀ ਇੱਕੋਂ ਸਮੇਂ ਮਨਾਈਆਂ ਜਾਂ ਸਕਣ।

ਰਣਜੀਤ ਸਿੰਘ ਕੁਕੀ