ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦਾ ਘਾਣ ਕਰਨ ਲਈ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਨੂੰ ਘੇਰਿਆ

ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦਾ ਘਾਣ ਕਰਨ ਲਈ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਨੂੰ ਘੇਰਿਆ

ਨਵੀਂ ਦਿੱਲੀ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਅਮਰੀਕੀ ਸੰਸਦ (ਕਾਂਗਰਸ) ਦੇ 6 ਮੈਂਬਰਾਂ ਨੇ ਕਸ਼ਮੀਰ ਵਿੱਚ ਭਾਰਤ ਵੱਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ 'ਤੇ ਫਿਕਰ ਜ਼ਾਹਿਰ ਕਰਦਿਆਂ ਅਮਰੀਕਾ ਵਿੱਚ ਭਾਰਤੀ ਰਾਜਦੂਤ ਤੋਂ ਜਵਾਬ-ਤਲਬੀ ਕੀਤੀ ਹੈ। ਭਾਰਤੀ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਨੂੰ ਚਿੱਠੀ ਲਿਖ ਕੇ 6 ਸਵਾਲਾਂ ਦੇ ਜਵਾਬ ਮੰਗੇ ਹਨ। ਇਹ ਸਵਾਲ ਸ਼੍ਰਿੰਗਲਾ ਵੱਲੋਂ 16 ਅਕਤੂਬਰ ਨੂੰ ਕਸ਼ਮੀਰ ਮਸਲੇ ਬਾਰੇ ਦਿੱਤੇ ਸਪਸ਼ਟੀਕਰਨ ਸਬੰਧੀ ਪੁੱਛੇ ਗਏ ਹਨ ਜਿਸ 'ਤੇ ਇਹਨਾਂ ਸੰਸਦ ਮੈਂਬਰਾਂ ਨੂੰ ਯਕੀਨ ਨਹੀਂ ਹੈ।

ਭਾਰਤੀ ਰਾਜਦੂਤ ਨੂੰ ਲਿਖੀ ਸਵਾਲਾਂ ਵਾਲੀ ਚਿੱਠੀ ਵਿੱਚ ਇਨ੍ਹਾਂ ਕਾਂਗਰਸ ਮੈਂਬਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਸ਼ਮੀਰ ਵਿੱਚ ਭਾਰਤ ਸਰਕਾਰ ਵਿਰੋਧ ਪ੍ਰਦਰਸ਼ਨ ਕਰਦੇ ਲੋਕਾਂ 'ਤੇ ਰਬੜ ਦੀਆਂ ਗੋਲੀਆਂ ਚਲਾਉਂਦੀ ਹੈ, ਜਿਸ ਨਾਲ ਕਈ ਪ੍ਰਦਰਸ਼ਨਕਾਰੀ ਆਪਣੀਆਂ ਅੱਖਾਂ ਗੁਆ ਚੁੱਕੇ ਹਨ। ਉਹਨਾਂ ਸਵਾਲ ਕੀਤਾ ਹੈ ਕਿ ਕੀ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਅਜਿਹੇ ਕਿੰਨੇ ਕੇਸਾਂ ਦੀ ਜਾਣਕਾਰੀ ਹੈ ਜਿੱਥੇ ਪ੍ਰਦਰਸ਼ਨਕਾਰੀ ਰਬੜ ਦੀਆਂ ਗੋਲੀਆਂ ਵੱਜਣ ਨਾਲ ਅੰਨ੍ਹੇ ਹੋਏ ਹਨ, ਜਿਹਨਾਂ ਵਿੱਚ ਬੱਚੇ ਵੀ ਸ਼ਾਮਿਲ ਹਨ? ਕੀ ਹੁਣ ਵੀ ਰਬੜ ਦੀ ਗੋਲੀਆਂ ਵਰਤੀਆਂ ਜਾ ਰਹੀਆਂ ਹਨ? ਸ਼ਾਂਤਮਈ ਪ੍ਰਦਰਸ਼ਨ ਕਰਦੇ ਲੋਕਾਂ ਦੇ ਹੱਕਾਂ ਨੂੰ ਬਹਾਲ ਰੱਖਣ ਲਈ ਭਾਰਤ ਸਰਕਾਰ ਕੀ ਕਦਮ ਚੁੱਕ ਰਹੀ ਹੈ?

ਇਹ ਸਵਾਲ ਪੁੱਛਣ ਵਾਲੇ ਮੈਂਬਰਾਂ ਨੇ ਕਿਹਾ ਕਿ ਕਸ਼ਮੀਰ ਦੀ ਸਥਿਤੀ ਦਾ ਅਸਲ ਸੱਚ ਉਦੋਂ ਹੀ ਸਾਹਮਣੇ ਆ ਸਕਦਾ ਹੈ ਜਦੋਂ ਪੱਤਰਕਾਰਾਂ ਅਤੇ ਕਾਂਗਰਸ ਦੇ ਮੈਂਬਰਾਂ ਨੂੰ ਕਸ਼ਮੀਰ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਤਰਕਾਰਾਂ ਅਤੇ ਹੋਰ ਅੰਤਰਰਾਸ਼ਟਰੀ ਨੁਮਾਂਇੰਦਿਆਂ ਨੂੰ ਜੰਮੂ ਕਸ਼ਮੀਰ ਜਾਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਹੈ। 

ਦੂਜੇ ਪਾਸੇ ਇਸ ਚਿੱਠੀ ਲਿਖਣ ਤੋਂ ਅਗਲੇ ਦਿਨ ਹੀ ਭਾਰਤ ਸਰਕਾਰ ਨੇ ਇਹਨਾਂ ਕਾਂਗਰਸ ਮੈਂਬਰਾਂ ਖਿਲਾਫ ਪ੍ਰੋਪੇਗੰਢੇ ਦਾ ਮੋਰਚਾ ਖੋਲ੍ਹ ਦਿੱਤਾ ਹੈ। ਭਾਰਤ ਸਰਕਾਰ ਦੇ ਬਾਹਰੀ ਮਾਮਲਿਆਂ ਦੇ ਮਹਿਕਮੇ ਦੇ ਦਫਤਰ ਵੱਲੋਂ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਮਰੀਕੀ ਕਾਂਗਰਸ ਦੇ ਕੁੱਝ ਮੈਂਬਰ ਭਾਰਤ ਵੱਲੋਂ ਕਸ਼ਮੀਰ ਵਿੱਚ ਜੀਵਨ, ਸ਼ਾਂਤੀ ਅਤੇ ਸੁਰੱਖਿਆ ਲਈ ਚੁੱਕੇ ਕਦਮਾਂ 'ਤੇ ਸਵਾਲ ਖੜ੍ਹੇ ਕਰ ਰਹੇ ਹਨ।

ਕਾਂਗਰਸ ਮੈਂਬਰਾਂ ਵੱਲੋਂ ਪੁੱਛੇ 6 ਸਵਾਲ ਇਹ ਹਨ:
1. ਕੀ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਅਜਿਹੇ ਕਿੰਨੇ ਕੇਸਾਂ ਦੀ ਜਾਣਕਾਰੀ ਹੈ ਜਿੱਥੇ ਪ੍ਰਦਰਸ਼ਨਕਾਰੀ ਰਬੜ ਦੀਆਂ ਗੋਲੀਆਂ ਵੱਜਣ ਨਾਲ ਅੰਨ੍ਹੇ ਹੋਏ ਹਨ, ਜਿਹਨਾਂ ਵਿੱਚ ਬੱਚੇ ਵੀ ਸ਼ਾਮਿਲ ਹਨ? 

2. ਕੀ ਹੁਣ ਵੀ ਰਬੜ ਦੀ ਗੋਲੀਆਂ ਵਰਤੀਆਂ ਜਾ ਰਹੀਆਂ ਹਨ?

3. ਸ਼ਾਂਤਮਈ ਪ੍ਰਦਰਸ਼ਨ ਕਰਦੇ ਲੋਕਾਂ ਦੇ ਹੱਕਾਂ ਨੂੰ ਬਹਾਲ ਰੱਖਣ ਲਈ ਭਾਰਤ ਸਰਕਾਰ ਕੀ ਕਦਮ ਚੁੱਕ ਰਹੀ ਹੈ?

4. ਕੀ ਸਾਰੇ ਘਰਾਂ ਵਿੱਚ ਲੈਂਡਲਾਈਨ ਫੋਨ ਅਤੇ ਮੋਬਾਈਲ ਫੋਨ ਤੇ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ?

5. ਅਗਸਤ 5 ਤੋਂ ਬਾਅਦ ਹੁਣ ਤੱਕ ਕਿੰਨੇ ਲੋਕ ਗ੍ਰਿਫਤਾਰ ਕੀਤੇ ਗਏ ਹਨ ਤੇ ਇਹਨਾਂ ਵਿੱਚ ਕਿੰਨੇ ਨਾਬਾਲਗ ਹਨ?

6. ਜੰਮੂ ਕਸ਼ਮੀਰ ਵਿੱਚ ਆਮ ਲੋਕਾਂ ਦੇ ਬੇਰੋਕ ਆਉਣ-ਜਾਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ?
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।