ਸਿੱਖ ਹੋਮਲੈਂਡ ਦੀ ਸਥਾਪਤੀ ਲਈ ਸ਼ਹਾਦਤ ਦੇ ਗਏ ਭਾਈ ਦਰਸ਼ਨ ਸਿੰਘ ਫੇਰੂਮਾਨ ਦੀ ਪੰਥ ਨਾਮ ਲਿਖੀ ਵਸੀਅਤ ਪੜ੍ਹੋ

ਸਿੱਖ ਹੋਮਲੈਂਡ ਦੀ ਸਥਾਪਤੀ ਲਈ ਸ਼ਹਾਦਤ ਦੇ ਗਏ ਭਾਈ ਦਰਸ਼ਨ ਸਿੰਘ ਫੇਰੂਮਾਨ ਦੀ ਪੰਥ ਨਾਮ ਲਿਖੀ ਵਸੀਅਤ ਪੜ੍ਹੋ

ਅਰਦਾਸ ਦੀ ਮਹਾਨਤਾ ਨੂੰ ਕਾਇਮ ਰੱਖਣ ਵਾਲਾ, ਸਿਦਕੀ ਤੇ ਸਿਰੜੀ ਯੋਧਾ ਸਿੱਖ ਆਗੂ ਵਜੋਂ ਜਾਣੇ ਜਾਂਦੇ ਸਨ ਸ਼ਹੀਦ ਸ: ਦਰਸ਼ਨ ਸਿੰਘ ਫੇਰੂਮਾਨ, ਆਪਣੇ ਕੀਤੇ ਪ੍ਰਣ ਨੂੰ ਨਿਭਾਉਣ ਵਾਲੇ 20ਵੀਂ ਸਦੀ ਦੇ ਉਨ੍ਹਾਂ ਆਗੂਆਂ ਵਿਚੋਂ ਇਕ ਸਨ, ਜਿਨ੍ਹਾਂ ਜੋ ਕਿਹਾ ਉਹ ਤੋੜ ਨਿਭਾਇਆ । ਆਪਣੀ ਕੁਰਬਾਨੀ ਸਦਕਾ ਉਹ ਸਮੁੱਚੇ ਪੰਜਾਬੀਆਂ ਵਿਚ ਸਤਿਕਾਰੇ ਜਾਂਦੇ ਹਨ । ਇਸ ਮਹਾਨ ਸ਼ਹੀਦ ਦਾ ਜਨਮ 1 ਅਗਸਤ 1885 ਈ: ਨੂੰ ਅੰਮਿ੍ਤਸਰ ਜ਼ਿਲ੍ਹੇ ਦੇ ਕਸਬਾ ਰਈਆ ਦੇ ਨਜ਼ਦੀਕ ਪਿੰਡ ਫੇਰੂਮਾਨ ਵਿਚ ਸ: ਚੰਦਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਾਜ ਕੌਰ ਦੀ ਕੁੱਖ ਤੋਂ ਹੋਇਆ । 

ਸ: ਦਰਸ਼ਨ ਸਿੰਘ ਦਸਵੀਂ ਦਾ ਇਮਤਿਹਾਨ ਪਾਸ ਕਰਨ ਤੋਂ ਪਿੱਛੋਂ 1912 ਈ: ਵਿਚ ਫ਼ੌਜ ‘ਚ ਭਰਤੀ ਹੋ ਗਏ । ਫਿਰ ਨੌਕਰੀ ਛੱਡ ਕੇ ਹਿਸਾਰ ਵਿਚ ਰਹਿ ਕੇ ਠੇਕੇਦਾਰੀ ਸ਼ੁਰੂ ਕਰ ਦਿੱਤੀ । 1921 ਈ: ਵਿਚ ਚਾਬੀਆਂ ਦੇ ਮੋਰਚੇ ਦੌਰਾਨ ਉਹ ਗਿ੍ਫ਼ਤਾਰ ਹੋ ਗਏ । ਇਸ ਗਿ੍ਫ਼ਤਾਰੀ ਤੋਂ ਪਿੱਛੋਂ ਉਨ੍ਹਾਂ ਨੂੰ ਪਹਿਲੀ ਵਾਰ 1 ਸਾਲ ਦੀ ਕੈਦ ਕੱਟਣੀ ਪਈ । ਇਸ ਤੋਂ ਪਿੱਛੋਂ ਦਸੰਬਰ 1924 ਈ: ਵਿਚ ਜੈਤੋ ਦੇ ਮੋਰਚੇ ਵਿਚ ਜਦੋਂ ਸਿੱਖਾਂ ਦੀਆਂ ਗਿ੍ਫ਼ਤਾਰੀਆਂ ਹੋ ਰਹੀਆਂ ਸਨ ਤਾਂ ਸ: ਦਰਸ਼ਨ ਸਿੰਘ ਫੇਰੂਮਾਨ ਨੂੰ 14ਵੇਂ ਜਥੇ ਦਾ ਜਥੇਦਾਰ ਥਾਪਿਆ ਗਿਆ । ਜਥੇ ਦੀ ਗਿ੍ਫ਼ਤਾਰੀ ਤੋਂ ਪਿੱਛੋਂ ਉਨ੍ਹਾਂ ਨੂੰ 10 ਮਹੀਨੇ ਲਗਾਤਾਰ ਜੇਲ੍ਹ ‘ਚ ਰਹਿਣਾ ਪਿਆ । 

1926 ਈ: ਵਿਚ ਸ: ਦਰਸ਼ਨ ਸਿੰਘ ਮਲਾਇਆ ਚਲੇ ਗਏ । ਉਥੇ ਵੀ ਉਨ੍ਹਾਂ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦਿੱਤਾ । ਫਿਰ ਗਿ੍ਫ਼ਤਾਰ ਹੋ ਗਏ ਅਤੇ ਜੇਲ੍ਹ ਵਿਚ ਕਛਹਿਰਾ ਪਹਿਨਣ ਦਾ ਹੱਕ ਪ੍ਰਾਪਤ ਕਰਨ ਲਈ 21 ਦਿਨ ਲਗਾਤਾਰ ਭੁੱਖ ਹੜਤਾਲ ਕੀਤੀ । ਆਪਣੀ ਗਲ ਮਨਵਾ ਕੇ ਹੀ ਭੁੱਖ ਹੜਤਾਲ ਖ਼ਤਮ ਕੀਤੀ । ਇਸ ਤੋਂ ਪਿੱਛੋਂ ਜਦੋਂ ਦੇਸ਼ ਪਰਤੇ, ਆਜ਼ਾਦੀ ਦੀ ਲਹਿਰ ਲਈ ਚੱਲ ਰਹੇ ਸੰਘਰਸ਼ ਤਹਿਤ ਕਾਂਗਰਸ ਵੱਲੋਂ ਚਲਾਈ ‘ਸਿਵਲ ਨਾ ਫੁਰਮਾਨੀ ਲਹਿਰ’ ਅਤੇ ‘ਭਾਰਤ ਛੱਡੋ ਲਹਿਰ’ ਵਿਚ ਸਰਗਰਮੀ ਨਾਲ ਹਿੱਸਾ ਲਿਆ ।

ਉਹ ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਵੀ ਬਣੇ । ਪਰ ਕਾਂਗਰਸ ਪਾਰਟੀ ਨਾਲ ਮਤਭੇਦ ਹੋਣ ਕਰਕੇ ਉਹ ਕਾਂਗਰਸ ਨੂੰ ਛੱਡ ਕੇ ਸੁਤੰਤਰ ਪਾਰਟੀ ਵਿਚ ਸ਼ਾਮਿਲ ਹੋ ਕੇ ਪੰਜਾਬ ਵਿਚ ਸੁਤੰਤਰ ਪਾਰਟੀ ਦੇ ਪ੍ਰਚਾਰ ਲਈ ਯਤਨਸ਼ੀਲ ਰਹੇ । ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ ਲਈ ਉਸ ਸਮੇਂ ਦੇ ਅਕਾਲੀ ਆਗੂਆਂ ਵੱਲੋਂ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਮਣੇ ਪ੍ਰਣ ਤੇ ਅਰਦਾਸ ਤੋਂ ਜਦੋਂ ਮੂੰਹ ਫੇਰਿਆ ਗਿਆ ਤਾਂ ਇਸ ਨਾਲ ਸਿਦਕੀ, ਕਹਿਣੀ ਤੇ ਕਰਨੀ ਦੇ ਸੂਰੇ ਤੇ ਪੂਰੇ ਸਿੱਖ ਦੇ ਹਿਰਦੇ ਨੂੰ ਡੂੰਘਾ ਸਦਮਾ ਪਹੁੰਚਿਆ । ਇਸ ਸਿਰੜੀ ਸਿੱਖ ਆਗੂ ਨੇ 15 ਅਗਸਤ 1969 ਨੂੰ ਮਰਨ ਵਰਤ ਆਰੰਭ ਕਰ ਦਿੱਤਾ । ਉਨ੍ਹਾਂ ਆਪਣੀ ਅਰਦਾਸ ਵਿਚ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਨ ਦੀ ਮੰਗ ਪੂਰੀ ਹੋਣ ਤੱਕ ਵਰਤ ‘ਤੇ ਰਹਿਣ ਦਾ ਸੰਕਲਪ ਕੀਤਾ । 

ਇਸ ਮਹਾਨ ਸਿਦਕੀ ਸਿੱਖ ਯੋਧੇ ਨੇ ਆਪਣੇ ਪ੍ਰਣ ਨੂੰ ਨਿਭਾਉਣ ਲਈ ਅਤੇ ਕੀਤੀ ਅਰਦਾਸ ‘ਤੇ ਕਾਇਮ ਰਹਿਣ ਲਈ ਲਗਾਤਾਰ 74 ਦਿਨ ਭੁੱਖੇ ਰਹਿ ਕੇ 27 ਅਕਤੂਬਰ, 1969 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ । 

ਸ਼ਹੀਦ ਭਾਈ ਦਰਸ਼ਨ ਸਿੰਘ ਫੇਰੂਮਾਨ ਵੱਲੋਂ ਸ਼ਹਾਦਤ ਤੋਂ ਪਹਿਲਾਂ ਪੰਥ ਦੇ ਨਾਂ ਲਿਖੀ ਗਈ ਆਪਣੀ ਵਸੀਅਤ ਰਾਹੀਂ ਪੰਥ ਦੇ ਰਾਜਨੀਤਕ ਭਵਿੱਖ ਦੇ ਸੰਘਰਸ਼ ਦਾ ਸੁਨੇਹਾ ਦਿੱਤਾ ਗਿਆ ਸੀ। ਇਸ ਵਸੀਅਤ ਨੂੰ ਅਸੀਂ ਪਾਠਕਾਂ ਲਈ ਇੱਥੇ ਛਾਪ ਰਹੇ ਹਾਂ: 

"ਮੈ, ਦਰਸ਼ਨ ਸਿੰਘ ਫੇਰੂਮਾਨ, ਗੁਰੂ ਪੰਥ ਅਤੇ ਦੇਸ਼ ਵਾਸੀਆਂ ਅਤੇ ਸਭ ਸੰਸਾਰ ਦੇ ਭਲੇ ਸੱਜਣ ਪੁਰਸ਼ਾਂ ਨੂੰ ਇਹ ਆਪਣਾ ਅੰਤਮ ਸੰਦੇਸ਼ ਦੇਣਾ ਅਤੇ ਪਹੁੰਚਾਉਣਾ ਚਾਹੁੰਦਾ ਹਾਂ। ਇਹ ਮੇਰਾ ਸੰਦੇਸ਼ ਜਦੋਂ ਤੱਕ ਤੁਹਾਨੂੰ ਪੁਜੇਗਾ, ਉਸ ਸਮੇਂ ਮੈ ਸੰਸਾਰ ਛੱਡ ਚੁੱਕਾ ਹੋਵਾਂਗਾ।

ਅੱਜ 1 ਅਗਸਤ ਸੰਨ 1969 (1969) ਨੂੰ ਮੈ 85 ਵਰਿਆਂ ਦੀ ਉਮਰ ਭੋਗ ਚੁੱਕਾ ਹਾਂ। ਬੀਤੀ ਅੱਧ੍ਹੀ ਸਦੀ ਵਿਚ ਮੈ ਪੰਥ ਦੀ ਚੜਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ! ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ। ਅੱਜ ਦੇਸ਼ ਅਜਾਦ ਹੋ ਗਿਆ ਹੈ ਪਰ ਪੰਥ ਅਜੇ ਵੀ ਪ੍ਰਾਧੀਨ (ਗੁਲਾਮ) ਹੈ। ਦੇਸ਼ ਵਿਚ ਧਰਮ ਦੀ ਥਾਵੇਂ ਭ੍ਰਿਸ਼ਟਾਚਾਰ ਅਤੇ ਗਿਰਾਵਟ ਵਧ ਗਈ ਹੈ। ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉੱਤੇ ਦੰਭੀ ਸੰਤ-ਮਹੰਤ ਅਤੇ ਪੰਥ ਦੇ ਦੋਖੀ ਛਾ ਗਏ ਹਨ। ਸਿੱਖ ਧਰਮ ਦੇ ਸਿਧਾਂਤ, ਖਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਰੋਲ ਦਿੱਤਾ ਗਿਆ ਹੈ।

ਸ੍ਰੀ ਅਕਾਲ ਤਖ਼ਤ ਦੇ ਹਜੂਰ ਮਰਨ ਵਰਤ ਅਤੇ ਜਿਓਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ, ਪਾਖੰਡ ਅਤੇ ਕਾਇਰਤਾ ਦਾ ਰਾਹ ਫੜ ਕੇ, ਪੰਥ ਅਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉੱਤੇ ਪੂਰਨ ਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜਿਸ਼ ਵਿਚ ਕਾਮਯਾਬ ਹੋ ਰਹੇ ਹਨ। ਇਸ ਦੰਭ ਅਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ, ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਕੁੰਡ ਖੜੇ ਕਰ ਦਿੱਤੇ ਗਏ ਹਨ , ਜਿਨਾ ਨੂੰ ਧੱਕੇ ਅਤੇ ਸਰਕਾਰੀ ਸ਼ਹਿ ਨਾਲ ਕਾਇਮ ਰਖਿਆ ਜਾ ਰਿਹਾ ਹੈ। ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅੱਜ ਹੋ ਰਿਹਾ ਹੈ ਅੱਗੇ ਕਦੀ ਨਹੀ ਹੋਇਆ। ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ, ਪਹਿਲਾਂ ਕਦੇ ਨਹੀ ਹੋਈ। ਸਿੱਖ ਰਾਜਨੀਤੀ ਵਿਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗੱਦਾਰਾਂ ਨੇ ਸਿੱਖੀ ਨੂੰ ਖਾਰਜ ਕਰਨ ਅਤੇ ਸਿੱਖਾਂ ਨੂੰ ਦੂਜਿਆਂ ਦੇ ਗੋਲੇ (ਗੁਲਾਮ) ਬਣਾਉਣ ਦੀ ਸਾਜਿਸ਼ ਪੱਕੇ ਤੌਰ ਤੇ ਰਚ ਲਈ ਹੈ।

ਇਹ ਕੂੜ ਦੀ ਮੱਸਿਆ, ਅਤੇ ਦੰਭ ਦਾ ਜਾਲ ਬਿੰਨਾ ਸਿਰ ਦਿੱਤਿਆਂ ਹੁਣ ਦੂਰ ਨਹੀ ਹੋਣਾ। ਇਹ ਅਰਦਾਸੇ ਭੰਗ ਕਰਨ ਦਾ ਪਾਪ, ਪੰਥ ਦੇ ਉਠ ਖੜੇ ਹੋਣ ਦੇ ਰਾਹ ਵਿਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾ ਸੀਸ ਦਿਤਿਆਂ ਧੋਤਾ ਨਹੀ ਜਾਣਾ। ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਸੰਤ ਫ਼ਤਿਹ ਸਿੰਘ ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡ ਪੁਕਾਰ ਪੁਕਾਰ ਕੇ ਸਿੰਘਾਂ ਕੋਲੋ ਆਹੁਤੀਆਂ ਮੰਗ ਰਹੇ ਹਨ। ਗੁਰੂ ਅਤੇ ਅਕਾਲ ਪੁਰਖ ਤੋਂ ਭਗੋੜਾ ਹੋ ਕੇ ਪੰਥ ਬਚ ਨਹੀ ਸਕੇਗਾ।

ਹੁਣ ਇਹ ਜਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖਾਂ ਦੇ ਗੱਦਾਰਾਂ ਦੇ ਕੀਤੇ ਪਾਪਾਂ ਦਾ ਪਰਾਇਸ਼ਚਿਤ ਕਰੇ ਤਾਂ ਜੁ ਪੰਥ, ਅਜਾਦ ਹਿੰਦੋਸਤਾਨ ਵਿਚ ਅਜਾਦ ਪੰਥ, ਅਥਵਾ ਸਿੱਖ ਹੋਮਲੈਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ। ਇਸ ਨਿਸ਼ਾਨੇ ਦੀ ਪੂਰਤੀ ਲਈ ਮੈ ਆਪਣਾ ਬਲੀਦਾਨ ਦੇਣ ਲੱਗਾ ਹਾਂ।

ਸੰਗਤਾਂ ਨੂੰ ਮੇਰੀ ਬੇਨਤੀ ਹੈ ਕੇ ਮੇਰੇ ਪਿਛੋਂ ਓਹ ਆਪਣਾ ਫਰਜ਼ ਪਛਾਨਣ! ਮੇਰੇ ਮਰਨ ਤੋਂ ਪਿਛੋਂ ਮੇਰੇ ਸਰੀਰ ਨੂੰ ਸੰਤ ਫ਼ਤੇਹ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡ ਵਿਚ ਰੱਖ ਕੇ ਫੂਕ ਦਿੱਤਾ ਜਾਵੇ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪੁਚਾ ਦਿਤੀਆਂ ਜਾਣ। ਪੰਥ ਦੇ ਮਸੰਦਾਂ ਅਤੇ ਧਰਮ ਦੋਖੀਆਂ ਨਾਲ ਯਥਾ ਯੋਗ ਸਲੂਕ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਉੱਤੇ ਬਣੇ ਹੋਏ ਦੰਭ ਅਤੇ ਪਾਖੰਡ ਦੀਆਂ ਨਿਸ਼ਾਨੀਆ , ਅਗਨੀ ਕੁੰਡ ਢਾਹ ਦਿਤੇ ਜਾਣ, ਕਿਓਂ ਜੁ ਇਹ ਗੁਰਮਤ ਵਿਰੁੱਧ ਹਨ ਅਤੇ ਪੰਥ ਉੱਜਲੇ ਮੂਹ ਉੱਤੇ ਕਲੰਕ ਹਨ!

ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮੇਰੀ ਤੁੱਛ ਕੁਰਬਾਨੀ ਕਬੂਲ ਕਰ ਲੈਣ ਅਤੇ ਆਪਨੇ ਪੰਥ ਦੀ ਬਹੁੜੀ ਕਰਨ।"

ਸਪੂਰਨ ਪੰਜਾਬ ਜਿੰਦਾਬਾਦ।
ਸਿੱਖ ਹੋਮਲੈਡ ਅਮਰ ਰਹੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਸੰਗਤਾਂ ਦਾ – ਦਾਸ ਦਰਸ਼ਨ ਸਿੰਘ ਫੇਰੂਮਾਨ