ਹਾਂਗਕਾਂਗ ਸਬੰਧੀ ਅਮਰੀਕੀ ਕਾਂਗਰਸ ਵੱਲੋਂ ਬਿੱਲ ਪਾਸ ਕਰਨ ਮਗਰੋਂ ਚੀਨ ਨੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ

ਹਾਂਗਕਾਂਗ ਸਬੰਧੀ ਅਮਰੀਕੀ ਕਾਂਗਰਸ ਵੱਲੋਂ ਬਿੱਲ ਪਾਸ ਕਰਨ ਮਗਰੋਂ ਚੀਨ ਨੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ
ਹਾਂਗਕਾਂਗ ਵਿੱਚ ਪ੍ਰਦਰਸ਼ਨ ਦੌਰਾਨ ਲਈ ਗਈ ਤਸਵੀਰ

ਵਾਸ਼ਿੰਗਟਨ/ਬੀਜ਼ਿੰਗ: ਅਮਰੀਕਨ ਕਾਂਗਰਸ ਦੇ ਨੁਮਾਂਇੰਦਿਆਂ ਦੇ ਸਮੂਹ ਵੱਲੋਂ ਦੋ ਬਿੱਲ ਪਾਸ ਕਰਕੇ ਹਾਂਗਕਾਂਗ ਅੰਦਰ ਚੱਲ ਰਹੇ ਸਰਕਾਰੀ ਵਿਰੋਧੀ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਗਿਆ ਹੈ ਤੇ ਹਾਂਗਕਾਂਗ ਦੀ ਸਰਕਾਰ 'ਤੇ ਅਸਰ ਰੱਖਣ ਵਾਲੇ ਚੀਨ ਨੂੰ ਮਨੁੱਖੀ ਹੱਕਾਂ ਦਾ ਘਾਣ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।

ਕਾਂਗਰਸ ਵੱਲੋਂ ਪਾਸ ਕੀਤੇ ਇਹ ਬਿੱਲ ਹੁਣ ਕਾਨੂੰਨ ਬਣਨ ਲਈ ਦਸਤਖਤਾਂ ਵਾਸਤੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਭੇਜੇ ਗਏ ਹਨ। ਚੀਨ ਨੇ ਇਹਨਾਂ ਬਿੱਲਾਂ ਦਾ ਵਿਰੋਧ ਕਰਦਿਆਂ ਡੋਨਾਲਡ ਟਰੰਪ ਨੂੰ ਇਹਨਾਂ ਬਿੱਲਾਂ ਨੂੰ ਨਾ-ਪ੍ਰਵਾਨ ਕਰਨ ਲਈ ਕਿਹਾ ਹੈ ਤੇ ਇਸ ਤਰ੍ਹਾਂ ਨਾ ਹੋਣ 'ਤੇ ਚੀਨ ਨੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ। 

ਕੀ ਕਹਿੰਦੇ ਨੇ ਅਮਰੀਕਨ ਬਿੱਲ?
ਅਮਰੀਕਨ ਕਾਂਗਰਸ ਵੱਲੋਂ ਪਾਸ ਕੀਤੇ ਬਿੱਲਾਂ ਵਿੱਚ ਪਹਿਲਾ "ਹਾਂਗਕਾਂਗ ਮਨੁੱਖੀ ਹੱਕ ਅਤੇ ਲੋਕਤੰਤਰ ਕਾਨੂੰਨ" ਨਾਂ ਹੇਠ ਹੈ। ਇਸ ਬਿੱਲ ਅਧੀਨ ਕਿਹਾ ਗਿਆ ਹੈ ਕਿ ਅਮਰੀਕਾ ਵੱਲੋਂ ਹਾਂਗਕਾਂਗ ਨੂੰ ਦਿੱਤੀ ਜਾਂਦੀ ਖਾਸ ਵਪਾਰਕ ਪਹੁੰਚ ਨੂੰ ਜਾਰੀ ਰੱਖਣ ਲਈ ਹਰ ਸਾਲ ਇਹ ਜਾਂਚਿਆ ਜਾਵੇ ਕਿ ਹਾਂਗਕਾਂਗ ਕੋਲ ਆਪਣੀ ਖੁਦਮੁਖਤਿਆਰੀ ਹੈ।

ਇਸ ਤੋਂ ਇਲਾਵਾ ਹਾਂਗਕਾਂਗ ਵਿੱਚ ਮਨੁੱਖੀ ਹੱਕਾਂ ਦੇ ਘਾਣ ਲਈ ਜ਼ਿੰਮੇਵਾਰ ਅਫਸਰਾਂ ਖਿਲਾਫ ਪਾਬੰਦੀਆਂ ਦੀ ਗੱਲ ਇਸ ਬਿੱਲ ਵਿੱਚ ਹੈ।

ਦੂਜਾ ਬਿੱਲ ਹੋਂਗਕੋਂਗ ਪੁਲਿਸ ਨੂੰ ਵੇਚੇ ਜਾਂਦੇ ਸਾਜੋ ਸਮਾਨ ਜਿਵੇਂ ਅੱਥਰੂ ਗੈਸ, ਮਿਰਚ ਸਪਰੇਅ, ਰਬੜ ਦੀਆਂ ਗੋਲੀਆਂ, ਪਾਣੀ ਮਾਰਨ ਵਾਲੀ ਤੋਪ ਆਦਿ 'ਤੇ ਰੋਕ ਲਾਉੇਣ ਸਬੰਧੀ ਹੈ।

ਚੀਨ ਵੱਲੋਂ ਅਮਰੀਕਨ ਬਿੱਲਾਂ ਦਾ ਵਿਰੋਧ
ਚੀਨ ਨੇ ਅਮਰੀਕਨ ਕਾਂਗਰਸ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਚੀਨ ਦੇ ਹਿੱਤਾਂ 'ਤੇ ਹਮਲਾ ਦੱਸਿਆ ਹੈ। ਚੀਨੀ ਵਿਦੇਸ਼ ਮਹਿਕਮੇ ਦੇ ਬੁਲਾਰੇ ਗੇਂਗ ਸ਼ੂਆਂਗ ਨੇ ਕਿਹਾ ਕਿ ਅਮਰੀਕਾ ਆਪਣੀ ਇਸ ਗਲਤੀ ਨੂੰ ਇੱਥੇ ਹੀ ਰੋਕ ਲਵੇ ਨਹੀਂ ਬਹੁਤ ਦੇਰ ਹੋ ਜਾਵੇਗੀ। ਉਹਨਾਂ ਕਿਹਾ ਕਿ ਇਸ ਬਿੱਲ ਨੂੰ ਕਾਨੂੰਨ ਬਣਨ ਤੋਂ ਰੋਕਿਆ ਜਾਵੇ ਅਤੇ ਹਾਂਗਕਾਂਗ ਅਤੇ ਚੀਨ ਦੇ ਅੰਦਰੂਨੀ ਮਸਲਿਆਂ ਵਿੱਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਪਿਛਲੇ ਲਗਭਗ 6 ਮਹੀਨਿਆਂ ਤੋਂ ਹਾਂਗਕਾਂਗ ਵਿੱਚ ਚੀਨ ਦੇ ਪ੍ਰਭਾਵ ਵਾਲੀ ਸਰਕਾਰ ਖਿਲਾਫ ਮੁਜ਼ਾਹਰੇ ਹੋ ਰਹੇ ਹਨ। ਇਹਨਾਂ ਮੁਜ਼ਾਹਰਿਆਂ ਦਾ ਮੁੱਖ ਕਾਰਨ ਉਹ ਕਾਨੂੰਨ ਹੈ ਜਿਸ ਰਾਹੀਂ ਹਾਂਗਕਾਂਗ ਵਿੱਚ ਗ੍ਰਿਫਤਾਰ ਕੀਤੇ ਲੋਕਾਂ 'ਤੇ ਚੀਨ ਵਿੱਚ ਮਾਮਲਾ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾਣੀ ਸੀ। ਹਲਾਂਕਿ ਉਸ ਬਿੱਲ ਨੂੰ ਸਰਕਾਰ ਨੇ ਵਿਰੋਧ ਦੇ ਚਲਦਿਆਂ ਵਾਪਿਸ ਲੈ ਲਿਆ ਸੀ ਪਰ ਮੁਜ਼ਾਹਰਾ ਕਰ ਰਹੇ ਲੋਕ ਚੀਨੀ ਪ੍ਰਭਾਵ ਤੋਂ ਮੁਕਤੀ ਦੀ ਮੰਗ ਕਰ ਰਹੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।