“ਦੀਪ"

“ਦੀਪ

"ਇਹ ਮਸਲਾ ਸਾਡੀ ਹੋਂਦ ਦਾ ਹੈ"

ਉਹ ਡਰਿਆ, ਵਿਕਿਆ, ਰੁਕਿਆ ਨਹੀਂ

ਉਹ ਸਿਸਟਮ ਅੱਗੇ ਝੁਕਿਆ ਨਹੀਂ

ਉਹ ਅਰਸ਼ ਤੋਂ ਫਰਸ਼ ਤੇ ਉਤਰਿਆ

ਉਹਤੋਂ ਰਾਹ ਦਿੱਲੀ ਦਾ ਲੁਕਿਆ ਨਹੀਂ।

ਉਹਦੀ ਮੰਜ਼ਿਲ ਘਰ ਦੇ ਵੱਲ ਦੀ ਸੀ

ਤੇ ਸੋਚ ਭਵਿੱਖਤ ਕੱਲ ਦੀ ਸੀ

ਉਹਨੂੰ ਦਰਦ ਸੀ ਆਪਣੀਆਂ ਨਸਲਾਂ ਦਾ

ਉਹ ਸੀ ਰਾਖਾ ਸਾਡੀਆਂ ਫਸਲਾਂ ਦਾ।

ਉਹਨੇ 'ਕੱਠੇ ਕਰਨੇ ਸਾਰੇ ਸੀ

ਉਹਨੇ ਬਾਣ ਤਰਕ ਦੇ ਮਾਰੇ ਸੀ

ਉਹ ਤਾਣਾ ਬਾਣਾ ਬੁਣਦਾ ਸੀ

ਅਸੀਂ ਉਸਦੇ ਤੰਦ ਖਿਲਾਰੇ ਸੀ।

ਉਹਨੂੰ ਆਦਰ ਦੀ ਕੋਈ ਚਾਹ ਨਹੀਂ ਸੀ

ਉਂਝ ਅਣਖ ਦਾ ਪਹਿਰੇਦਾਰ ਸੀ ਉਹ

ਕਿਤੇ ਕਦੇ ਕਦਾਈਂ ਆਉਂਦਾ ਹੈ

ਕੋਈ ਐਸਾ ਇਕ ਕਿਰਦਾਰ ਸੀ ਉਹ।

ਦੀਪ 'ਨੇਰ੍ਹੇ ਨੂੰ ਰੁਸ਼ਨਾਉਂਦਾ ਸੀ

ਅਸੀਂ ਚਾਨਣ ਨੂੰ ਅੱਗ ਲਾਉਂਦੇ ਹਾਂ

ਉਹ ਨੀਵੇਂ ਵੱਲ ਨੂੰ ਹੋ ਤੁਰਿਆ

ਅਸੀਂ ਖੱਬੀ ਖਾਂ ਅਖਵਾਉਂਦੇ ਹਾਂ।

ਉਹ ਅੜਿਆ ਸੀ, ਫਿਰ ਖੜਿਆ ਸੀ

ਫੁੱਲ ਸਾਡੀ ਖਾਤਿਰ ਝੜਿਆ ਸੀ

ਅਸੀਂ ਆਂਹਦੇ ਰਹੇ ਉਹਦੇ ਕੇਸ ਨਹੀਂ

ਉਹ ਕੇਸ ਕੇਸਾਂ ਦੇ ਲੜਿਆ ਸੀ।

ਤੁਰ ਗਿਆਂ ਤੇ ਨੀਰ ਵਹਾਉਂਦੇ ਹਾਂ

ਜਿਊਂਦੇ ਦੀ ਕਦਰ ਪਛਾਣਦੇ ਨਹੀਂ

ਉਸ ਸੋਚ ਤੇ ਪਹਿਰਾ ਕਿੰਝ ਦੇਣਾ

ਅਸੀਂ ਸੋਚ ਜਿਹੜੀ ਦੀ ਹਾਣ ਦੇ ਨਹੀਂ।

ਜੇ ਸੌ ਵਰ੍ਹਿਆਂ ਭੀ ਜੀ ਲਈਏ

ਤਾਂ ਮੁੱਲ ਤਾਂ ਖ਼ਾਕ ਹੀ ਪੈਣਾ ਹੈ

ਜਿਹਦਾ ਜੀਵਨ ਮਾਰਗ ਦਰਸ਼ਕ ਹੈ

ਉਸ ਸਦੀਆਂ ਤੀਕਰ ਰਹਿਣਾ ਹੈ।

ਇਕ ਕੰਬਣੀ ਜਿਹੀ ਹੈ ਛੇੜ ਗਿਆ

ਤੇ ਪਾ ਗਿਆ ਸਭ ਲਈ ਪਰਚਾ ਹੈ

"ਇਹ ਮਸਲਾ ਸਾਡੀ ਹੋਂਦ ਦਾ ਹੈ"

ਇੱਕ ਵਾਰੀ ਫ਼ਿਰ ਤੋਂ ਚਰਚਾ ਹੈ।

 ਬਲਵਿੰਦਰ ਕੌਰ ਲਿੱਤਰਾਂ, ਭੈਣ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਸਾਕਾ ਨਕੋਦਰ