ਭਾਰਤ ਵਿੱਚ ਬੇਰੁਜ਼ਗਾਰੀ ਦਾ ਕਹਿਰ; ਮੋਦੀ ਦੇ ਵਿਕਾਸ ਦੀ ਖੋਲ੍ਹੀ ਸਰਕਾਰੀ ਅੰਕੜਿਆਂ ਨੇ ਪੋਲ

ਭਾਰਤ ਵਿੱਚ ਬੇਰੁਜ਼ਗਾਰੀ ਦਾ ਕਹਿਰ; ਮੋਦੀ ਦੇ ਵਿਕਾਸ ਦੀ ਖੋਲ੍ਹੀ ਸਰਕਾਰੀ ਅੰਕੜਿਆਂ ਨੇ ਪੋਲ

ਨਵੀਂ ਦਿੱਲੀ: ਭਾਰਤ ਵਿੱਚ ਬੇਰੁਜ਼ਗਾਰੀ ਸਬੰਧੀ ਨਵੇਂ ਅੰਕੜੇ ਸਾਹਮਣੇ ਆਏ ਹਨ ਜਿਹਨਾਂ ਮੁਤਾਬਿਕ ਸਾਲ 2017-18 ਦੌਰਾਨ ਭਾਰਤ ਵਿੱਚ ਬੇਰੁਜ਼ਗਾਰੀ ਪਿੱਛਲੇ 45 ਸਾਲਾਂ ਦੇ ਸਭ ਰਿਕਾਰਡ ਤੋੜ ਗਈ। ਇਸ ਵਰ੍ਹੇ ਦੌਰਾਨ ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ 6.1 ਫੀਸਦੀ ਰਹੀ। ਇਹ ਖੁਲਾਸਾ ਭਾਰਤ ਸਰਕਾਰ ਦੇ ਆਪਣੇ ਜਾਰੀ ਅੰਕੜਿਆਂ ਤੋਂ ਹੋਇਆ ਹੈ।

ਅੱਜ ਜਦੋਂ ਇੱਕ ਪਾਸੇ ਨਰਿੰਦਰ ਮੋਦੀ ਦੀ ਦੂਜੀ ਵਾਰ ਬਣੀ ਸਰਕਾਰ 'ਚ ਵਜਾਰਤਾਂ ਵੰਡੀਆਂ ਜਾ ਰਹੀਆਂ ਸਨ ਉਦੋਂ ਇਹ ਅੰਕੜੇ ਜਾਰੀ ਕੀਤੇ ਗਏ। ਅੰਕੜਿਆਂ ਮੁਤਾਬਿਕ ਭਾਰਤ ਵਿੱਚ ਰੁਜ਼ਗਾਰ ਯੋਗ ਸ਼ਹਿਰੀ ਨੌਜਵਾਨਾਂ ਵਿਚੋਂ 7.8 ਫੀਸਦੀ ਨੌਜਵਾਨ ਬੇਰੁਜ਼ਗਾਰ ਹਨ ਜਦਕਿ ਪੇਂਡੂ ਖੇਤਰ ਵਿੱਚ ਇਹ ਅੰਕੜਾ 5.3 ਫੀਸਦੀ ਹੈ।

ਮਰਦਾਂ ਵਿੱਚ ਬੇਰੁਜ਼ਗਾਰੀ ਦਾ ਅੰਕੜਾ 6.2 ਫੀਸਦੀ ਦੱਸਿਆ ਗਿਆ ਹੈ ਜਦਕਿ ਔਰਤਾਂ ਵਿੱਚ ਬੇਰੁਜ਼ਗਾਰੀ ਦਾ ਅੰਕੜਾ 5.7 ਫੀਸਦੀ ਦੱਸਿਆ ਗਿਆ ਹੈ। 

ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਜਨਵਰੀ ਵਿੱਚ ਇਹ ਅੰਕੜੇ ਲੀਕ ਹੋ ਕੇ ਇੱਕ ਅਖਬਾਰ ਵਿੱਚ ਛਪ ਗਏ ਸਨ ਪਰ ਉਸ ਸਮੇਂ ਭਾਰਤ ਸਰਕਾਰ ਦੇ ਨੀਤੀ ਆਯੋਗ ਨੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਅੰਕੜਿਆਂ ਨੂੰ ਰੱਦ ਕਰ ਦਿੱਤਾ ਸੀ।

ਵਿਰੋਧੀ ਧਿਰ ਨੇ ਮੋਦੀ ਸਰਕਾਰ 'ਤੇ ਦੋਸ਼ ਲਾਇਆ ਕਿ ਉਹਨਾਂ ਚੋਣਾਂ ਹੋਣ ਤੱਕ ਇਹਨਾਂ ਅੰਕੜਿਆਂ ਨੂੰ ਜਨਤਕ ਹੋਣ ਤੋਂ ਰੋਕ ਰੱਖਿਆ।

ਭਾਰਤੀ ਦੇ ਆਰਥਿਕ ਵਿਕਾਸ 'ਤੇ ਲੱਗੀ ਬ੍ਰੇਕ
ਜਨਵਰੀ-ਮਾਰਚ 2019 ਵਿੱਚ ਭਾਰਤ ਦੀ ਆਰਥਿਕ ਵਿਕਾਸ ਦੀ ਦਰ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ 5.8 ਫੀਸਦੀ 'ਤੇ ਰਹੀ। ਇਸ ਦਾ ਮੁੱਖ ਕਾਰਨ ਖੇਤੀਬਾੜੀ ਅਤੇ ਉਤਪਾਦਨ ਖੇਤਰ ਵਿੱਚ ਆਈ ਗਿਰਾਵਟ ਨੂੰ ਦੱਸਿਆ ਗਿਆ ਹੈ। ਸਾਲ 2018-19 ਵਿੱਚ ਭਾਰਤ ਦੀ ਜੀਡੀਪੀ ਵਿਕਾਸ ਦਰ ਵਿੱਚ ਵੀ ਗਿਰਾਵਟ ਆਈ ਹੈ ਜੋ ਪਿਛਲੇ ਸਾਲ ਦੇ 7.2 ਫੀਸਦੀ ਦੇ ਅੰਕੜੇ ਤੋਂ ਹੇਠ ਡਿਗ 6.8 ਫੀਸਦੀ ਰਹਿ ਗਈ। 2014-15 ਤੋਂ ਬਾਅਦ ਇਹ ਸਭ ਤੋਂ ਹੇਠਲਾ ਅੰਕੜਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ