ਦੁਨੀਆ ਦੇ ਕਈ ਮਹਾਰਥੀਆਂ 'ਤੇ ਇਕੋ ਸਮੇਂ ਵੱਡਾ ਤਕਨੀਕੀ ਹਮਲਾ; ਓਬਾਮਾ, ਬਿਲ ਗੇਟਸ ਸਮੇਤ ਕਈ ਹੋਏ ਸ਼ਿਕਾਰ

ਦੁਨੀਆ ਦੇ ਕਈ ਮਹਾਰਥੀਆਂ 'ਤੇ ਇਕੋ ਸਮੇਂ ਵੱਡਾ ਤਕਨੀਕੀ ਹਮਲਾ; ਓਬਾਮਾ, ਬਿਲ ਗੇਟਸ ਸਮੇਤ ਕਈ ਹੋਏ ਸ਼ਿਕਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦੁਨੀਆ ਦੇ ਵੱਖ-ਵੱਖ ਖੇਤਰਾਂ ਵਿਚ ਮਹਾਰਥੀ ਮੰਨੇ ਜਾਂਦੇ ਲੋਕਾਂ ਦੇ ਟਵਿੱਟਰ ਖਾਤਿਆਂ ਨੂੰ ਕਿਸੇ ਵੱਲੋਂ ਇਕੋ ਸਮੇਂ ਹੈਕ ਕਰ ਲਿਆ ਗਿਆ। ਇਸ ਹੈਕਿੰਗ ਦਾ ਸ਼ਿਕਾਰ ਹੋਏ ਲੋਕਾਂ ਵਿਚ ਵੱਡੇ ਵਪਾਰੀ, ਰਾਜਨੇਤਾ, ਫਿਲਮੀ ਹਸਤੀਆਂ ਦੇ ਨਾਲ ਕਈ ਵੱਡੀਆਂ ਕੰਪਨੀਆਂ ਸ਼ਾਮਲ ਹਨ। 

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਅਮਰੀਕਾ ਦੀ ਰਾਸ਼ਟਰਪਤੀ ਚੋਣ ਲਈ ਡੈਮੋਕਰੇਟ ਪਾਰਟੀ ਦੇ ਉਮੀਦਵਾਰ ਦਾਅਵੇਦਾਰ ਜੋਇ ਬਿਡਨ, ਮਾਈਕ ਬਲੂਮਬਰਗ, ਐਮਾਜ਼ੋਕ ਕੰਪਨੀ ਦੇ ਸੀਈਓ ਜੈਫ ਬੇਜ਼ੋਸ, ਬਿਲ ਗੇਟਸ ਅਤੇ ਟੈਸਲਾ ਦੇ ਸੀਈਓ ਐਲਨ ਮਸਕ ਦੇ ਖਾਤਿਆਂ ਨੂੰ ਹੈਕ ਕਰ ਲਿਆ ਗਿਆ ਸੀ। ਇਹਨਾਂ ਦੇ ਨਾਲ ਫਿਲਮੀ ਜਗਤ ਨਾਲ ਜੁੜੀਆਂ ਹਸਤੀਆਂ ਵਿਚ ਕਿਮ ਕਾਰਦਾਸ਼ੀਅਨ ਵੈਸਟ ਅਤੇ ਉਸਦੇ ਪਤੀ ਕੇਨ ਵੈਸਟ ਦੇ ਖਾਤੇ ਵੀ ਹੈਕ ਕੀਤੇ ਗਏ। 

ਇਹਨਾਂ ਖਾਤਿਆਂ 'ਤੇ ਹੈਕਰ ਨੇ ਬਿਟਕਾਇਨ ਕਰੰਸੀ ਦਾ ਖਾਤਾ ਸਾਂਝਾ ਕਰਦਿਆਂ ਲਿਖਿਆ ਕਿ ਜੇ ਕੋਈ ਵੀ ਉਸ ਖਾਤੇ ਵਿਚ 1000 ਅਮਰੀਕੀ ਡਾਲਰ ਰਕਮ ਪਾਵੇਗਾ ਤਾਂ ਉਸਨੂੰ 2000 ਅਮਰੀਕੀ ਡਾਲਰ ਭੇਜੇ ਜਾਣਗੇ।

ਇਸ ਹੈਕਿੰਗ ਹਮਲੇ ਬਾਰੇ ਟਿੱਪਣੀ ਕਰਦਿਆਂ ਟਵਿੱਟਰ ਕੰਪਨੀ ਨੇ ਕਿਹਾ ਕਿ ਉਹਨਾਂ ਨੂੰ ਇਸ ਹਮਲੇ ਬਾਰੇ ਪਤਾ ਹੈ ਅਤੇ ਉਹ ਇਸ ਬਾਰੇ ਜਾਂਚ ਕਰ ਰਹੇ ਹਨ ਅਤੇ ਜਲਦ ਹੀ ਜਾਂਚ ਦੀ ਜਾਣਕਾਰੀ ਜਨਤਕ ਕਰਨਗੇ। 

ਭਾਵੇਂ ਕਿ ਇਹ ਸਾਰੇ ਟਵੀਟ ਹੈਕਿੰਗ ਤੋਂ ਕੁੱਝ ਮਿੰਟਾਂ ਵਿਚ ਹੀ ਡਿਲੀਟ ਕਰ ਦਿੱਤੇ ਗਏ ਪਰ ਐਸੋਸੀਏਟਿਡ ਪਰੈਸ ਨੇ ਇਹਨਾਂ ਟਵੀਟਾਂ ਦੀਆਂ ਤਸਵੀਰਾਂ ਉਤਾਰ ਲਈਆਂ ਸੀ। 

ਇਸ ਹੈਕਿੰਗ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਟਵਿੱਟਰ ਕੰਪਨੀ ਦੇ ਸ਼ੇਅਰ 3 ਫੀਸਦੀ ਤਕ ਡਿਗ ਗਏ ਹਨ।