ਜੇਕਰ ਅਸੀਂ ਅੱਧੇ ਟੈਸਟ ਕੀਤੇ ਹੁੰਦੇ ਤਾਂ ਪੀੜਤਾਂ ਦੀ ਗਿਣਤੀ ਵੀ ਅੱਧੀ ਹੁੰਦੀ: ਟਰੰਪ

ਜੇਕਰ ਅਸੀਂ ਅੱਧੇ ਟੈਸਟ ਕੀਤੇ ਹੁੰਦੇ ਤਾਂ ਪੀੜਤਾਂ ਦੀ ਗਿਣਤੀ ਵੀ ਅੱਧੀ ਹੁੰਦੀ: ਟਰੰਪ

ਮੁਕੰਮਲ ਬੰਦ ਨਾ ਹੋਣ ਕਾਰਨ ਮਰੀਜ਼ ਵਧੇ: ਡਾ ਫੌਂਸੀ

ਵਾਸ਼ਿੰਗਟਨ, (ਹੁਸਨ ਲੜੋਆ ਬੰਗਾ): ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਟੈਸਟ ਵਧ ਕਰਨ ਦੇ ਸਿੱਟੇ ਵਜੋਂ ਪੀੜਤਾਂ ਦੀ ਗਿਣਤੀ ਵਧੀ ਹੈ। ਵਾਇਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਉਨਾਂ ਕਿਹਾ ਕਿ ਜੇਕਰ ਅਸੀਂ 4 ਕਰੋੜ ਤੋਂ ਵਧ ਟੈਸਟ ਨਾ ਕੀਤੇ ਹੁੰਦੇ ਤੇ ਇਸ ਤੋਂ ਅੱਧੇ ਟੈਸਟ ਕੀਤੇ ਹੁੰਦੇ ਤਾਂ ਪੀੜਤਾਂ ਦੀ ਗਿਣਤੀ ਵੀ ਅੱਧੀ ਹੋਣੀ ਸੀ। ਜੇਕਰ ਅੱਧੇ ਟੈਸਟਾਂ ਤੋਂ ਵੀ ਹੋਰ ਘੱਟ ਟੈਸਟ ਕੀਤੇ ਹੁੰਦੇ ਤਾਂ ਪੀੜਤਾਂ ਦੀ ਗਿਣਤੀ ਹੋਰ ਘੱਟ ਜਾਣੀ ਸੀ। 

ਟਰੰਪ ਨੇ ਕਿਹਾ ਕਿ ਵਧ ਟੈਸਟ ਕਰਕੇ ਅਸੀਂ ਵਧੀਆ ਕੰਮ ਕੀਤਾ ਹੈ ਇਸ ਨਾਲ ਮਾਮਲਿਆਂ ਬਾਰੇ ਝੂਠੀਆਂ ਖ਼ਬਰਾਂ 'ਤੇ ਵੀ ਰੋਕ ਲੱਗੀ ਹੈ। ਉਨਾਂ ਕਿਹਾ ਕਿ ਜੇਕਰ ਅਸੀਂ ਟੈਸਟ ਨਾ ਕੀਤੇ ਹੁੰਦੇ ਤਾਂ ਤੁਹਾਡੇ ਕੋਲ ਸੁਰਖੀਆਂ ਦੀ ਘਾਟ ਹੋਣੀ ਸੀ ਕਿਉਂਕਿ ਮੌਤ ਦਰ ਬਹੁਤ ਘੱਟ ਹੋਣੀ ਸੀ। ਹੁਣ ਮੈਂ ਵੇਖਦਾ ਹਾਂ ਕਿ ਸੁਰਖੀਆਂ ਕੋਰੋਨਾ ਮਾਮਲਿਆਂ ਬਾਰੇ ਹੀ ਹੁੰਦੀਆਂ ਹਨ।

ਮੁਕੰਮਲ ਬੰਦ ਨਾ ਹੋਣ ਕਾਰਨ ਮਾਮਲੇ ਵਧੇ
ਵਾਈਟ ਹਾਊਸ ਦੇ ਕੋਰੋਨਾ ਵਾਇਰਸ ਬਾਰੇ ਸਲਾਹਕਾਰ ਡਾ ਐਨਥਨੀ ਫੌਂਸੀ ਨੇ ਕਿਹਾ ਹੈ ਕਿ ਮੁਕੰਮਲ ਸ਼ੱਟਡਾਊਨ ਨਾ ਹੋਣ ਕਾਰਨ ਦੇਸ਼ ਵਿਚ ਕੋਰੋਨਾ ਪੀੜਤ ਲੋਕਾਂ ਦੇ ਮਾਮਲੇ ਵਧੇ ਹਨ। ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਸੀਜ਼ ਦੇ ਡਾਇਰੈਕਟਰ ਡਾ ਫੌਂਸੀ ਨੇ ਕਿਹਾ ਕਿ ਹਾਲਾਂ ਕਿ ਮੁਕੰਮਲ ਬੰਦ ਹਮੇਸ਼ਾਂ ਲਈ ਨਹੀਂ ਕੀਤਾ ਜਾ ਸਕਦਾ ਪਰ ਇਕ ਵਾਰ ਮੁਕੰਮਲ ਬੰਦ ਨਾ ਕਰਨਾ ਵੀ ਸਾਡੀ ਗਲਤੀ ਸੀ। ਉਨਾਂ ਨੇ ਕਿਹਾ ਕਿ ਮਾਸਕ ਪਹਿਣਨ ਬਾਰੇ ਵੀ ਅਸੀਂ ਗਲਤੀਆਂ ਕੀਤੀਆਂ ਹਨ। ਕੁਝ ਲੋਕ ਵਾਰ ਵਾਰ ਕਹਿੰਦੇ ਰਹੇ ਕਿ ਮਾਸਕ ਪਾਉਣ ਦੀ ਲੋੜ ਨਹੀਂ ਹੈ ਤੇ ਹੁਣ ਉਹ ਲੋਕ ਹੀ ਕਹਿ ਰਹੇ ਹਨ ਕਿ ਮਾਸਕ ਪਾਇਆ ਜਾਵੇ। 

ਡਾ ਫੌਂਸੀ ਨੇ ਹੋਰ ਕਿਹਾ ਕਿ ਵਿਗਿਆਨੀ ਕੋਰੋਨਾਵਾਇਰਸ ਦੀ ਦਵਾਈ ਜਾਂ ਵੈਕਸੀਨ ਤਿਆਰ ਕਰਨ ਲਈ ਨਿਰੰਤਰ ਕੰਮ ਕਰ ਰਹੇ ਹਨ ਤੇ ਉਨਾਂ ਨੂੰ ਆਸ ਹੈ ਕਿ ਵਿਗਿਆਨੀ ਇਸ ਸਾਲ ਦੇ ਅੰਤ ਵਿਚ ਜਾਂ ਅਗਲੇ ਸਾਲ 2021 ਦੇ ਸ਼ੁਰੂ ਵਿਚ ਸੁਰੱਖਿਅਤ ਤੇ ਪ੍ਰਭਾਵਸ਼ਾਲੀ  ਵੈਕਸੀਨ ਤਿਆਰ ਕਰਨ ਵਿਚ ਸਫਲ ਹੋ ਜਾਣਗੇ। 

ਪੀੜਤਾਂ ਦੀ ਗਿਣਤੀ 40 ਲੱਖ ਨੇੜੇ ਪੁੱਜੀ
ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ 1,39,143 ਹੋ ਗਈ ਹੈ ਜਦ ਕਿ ਪੀੜਤ ਮਰੀਜ਼ਾਂ ਦੀ ਗਿਣਤੀ  35,45,077 ਹੋ ਗਈ ਹੈ। 16,00,195 ਮਰੀਜ਼ ਠੀਕ ਹੋਏ ਹਨ। ਇਸ ਤਰਾਂ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 92% ਹੋ ਗਈ ਹੈ। ਸਿਹਤ ਮਾਹਿਰਾਂ ਨੇ ਆਸ ਪ੍ਰਗਟਾਈ ਹੈ ਕਿ ਅਗਲੇ ਦਿਨਾਂ ਦੌਰਾਨ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਿਚ ਹੋਰ ਸੁਧਾਰ ਹੋ ਸਕਦਾ ਹੈ ਤੇ ਭਾਰੀ ਗਿਣਤੀ ਵਿਚ ਮਰੀਜ਼ਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਮਿਲ ਸਕਦੀ ਹੈ।