ਟੈਕਸਾਸ ਵਿਚ ਹੋਈ ਗੋਲੀਬਾਰੀ ਵਿੱਚ ਇਕ 10 ਸਾਲ ਦੇ ਬੱਚੇ ਦੀ ਮੌਤ ਤੇ 4 ਹੋਰ ਜ਼ਖਮੀ

ਟੈਕਸਾਸ ਵਿਚ ਹੋਈ ਗੋਲੀਬਾਰੀ ਵਿੱਚ ਇਕ 10 ਸਾਲ ਦੇ ਬੱਚੇ ਦੀ ਮੌਤ ਤੇ 4 ਹੋਰ ਜ਼ਖਮੀ
ਪੀਅਰਲੈਂਡ ਪੁਲਿਸ ਵਿਭਾਗ ਦਾ ਬੁਲਾਰਾ ਚਾਡ ਰੋਜਰਸ ਗੋਲੀਬਾਰੀ ਬਾਰੇ ਜਾਣਕਾਰੀ ਦਿੰਦਾ ਹੋਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਟੈਕਸਾਸ ਵਿਚ ਹੋਸਟਨ ਨੇੜੇ ਇਕ  ਮਾਰਕਿਟ ਵਿਚ ਹੋਈ ਗੋਲੀਬਾਰੀ ਵਿਚ ਇਕ 10 ਸਾਲਾਂ ਦੇ ਲੜਕੇ ਦੀ ਮੌਤ ਹੋਣ ਤੇ 4 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਨੂੰ ਇਸ ਮਾਮਲੇ ਵਿਚ ਇਕ 19 ਸਾਲਾ ਸ਼ੱਕੀ ਵਿਅਕਤੀ ਦੀ ਤਲਾਸ਼ ਹੈ। ਪੀਅਰਲੈਂਡ ਪੁਲਿਸ ਵਿਭਾਗ ਅਨੁਸਾਰ ਸ਼ਾਮ 5.30 ਵਜੇ ਕੋਲ ਦੀ ਫਲੀ ਮਾਰਕਿਟ ਵਿਚ ਗੋਲੀ ਚੱਲਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਜਿਨਾਂ ਨੂੰ 5 ਲੋਕ ਜ਼ਖਮੀ ਹਾਲਤ ਵਿਚ ਮਿਲੇ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਨਾਂ ਵਿਚੋਂ  ਇਕ 10 ਸਾਲ ਦਾ ਲੜਕਾ ਦਮ ਤੋੜ ਗਿਆ। ਬਾਕੀ ਜ਼ਖਮੀਆਂ ਵਿਚ ਇਕ 14 ਸਾਲ ਦੀ ਲੜਕੀ, 16 ਸਾਲ ਦਾ ਲੜਕਾ, 18 ਸਾਲ ਦਾ ਇਕ ਬਾਲਗ ਤੇ ਇਕ 37 ਸਾਲ ਦਾ ਵਿਅਕਤੀ ਸ਼ਾਮਿਲ ਹੈ। ਪੁਲਿਸ ਅਨੁਸਾਰ ਇਸ ਮਾਮਲੇ ਵਿਚ  ਇਕ 19 ਸਾਲਾ ਡੇਵਿਡ ਨੇਗਰੇਟ ਨਾਮੀ ਵਿਅਕਤੀ ਦੇ ਸ਼ੱਕੀ ਦੋਸ਼ੀ ਵਜੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਦੋਸ਼ੀ ਹਥਿਆਰਬੰਦ ਹੈ ਤੇ ਉਹ ਖਤਰਨਾਕ ਹੋ ਸਕਦਾ ਹੈ ਇਸ ਲਈ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਸ਼ੱਕੀ ਦੀ ਗ੍ਰਿਫਤਾਰੀ ਲਈ ਸੂਹ ਦੇਣ ਵਾਲੇ ਨੂੰ 15000 ਡਾਲਰ  ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਗੋਲੀ ਚੱਲਣ ਤੋਂ ਪਹਿਲਾਂ ਦੇ ਵਿਅਕਤੀਆਂ ਵਿਚਾਲੇ ਬੋਲ ਕਬੋਲ ਹੋਇਆ ਸੀ। ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਵਿਚ ਦੋ ਹੈਂਡਗੰਨਾਂ ਦੀ ਵਰਤੋਂ ਕੀਤੀ ਗਈ ਹੈ। ਪੁਲਿਸ ਅਨੁਸਾਰ ਮਾਰਿਆ ਗਿਆ ਲੜਕਾ, ਜ਼ਖਮੀ 14 ਸਾਲ ਦੀ ਲੜਕੀ ਤੇ  ਜ਼ਖਮੀ 37 ਸਾਲ ਦਾ ਵਿਅਕਤੀ ਨਿਰਦੋਸ਼ ਰਾਹਗੀਰ ਹਨ ਜਦ ਕਿ 18 ਸਾਲ ਦੇ ਜ਼ਖਮੀ ਬਾਲਗ ਨੂੰ ਸਬੂਤਾਂ ਨਾਲ ਛੇੜਛਾੜ ਕਰਨ ਤੇ ਪੁਲਿਸ ਨੂੰ ਝੂਠਾ ਬਿਆਨ ਦੇਣ ਦੇ ਦੋਸ਼ਾਂ ਤਹਿਤ ਹਿਰਾਸਤ ਵਿਚ ਲੈ ਲਿਆ ਗਿਆ ਹੈ।